ਨਵੀਂ ਦਿੱਲੀ – ਐਜੂਕੇਸ਼ਨ ਲਈ ਪਾਕਿਸਤਾਨ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਨੇ ਵਰਜਿਆ ਹੈ ਤੇ ਚਿਤਾਵਨੀ ਦਿੱਤੀ ਹੈ ਕਿ ਉਹ ਪਾਕਿਸਤਾਨ ਦੇ ਕਿਸੇ ਵੀ ਕਾਲਜ ਜਾਂ ਵਿੱਦਿਅਕ ਸੰਸਥਾ ਵਿੱਚ ਦਾਖ਼ਲਾ ਨਾ ਲੈਣ, ਨਹੀਂ ਤਾਂ ਉਹ ਭਾਰਤ ਵਿੱਚ ਨੌਕਰੀਆਂ ਲਈ ਅਰਜ਼ੀ ਦੇਣ ਜਾਂ ਦੇਸ਼ ਵਿੱਚ ਉੱਚ ਸਿੱਖਿਆ ਹਾਸਲ ਕਰਨ ਦੇ ਯੋਗ ਨਹੀਂ ਹੋਣਗੇ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਜਿਹੜੇ ਲੋਕ ਪਾਕਿਸਤਾਨ ਤੋਂ ਭਾਰਤ ਆਏ ਹਨ, ਉਨ੍ਹਾਂ ਨੂੰ ਛੋਟ ਦਿੱਤੀ ਜਾਵੇਗੀ। ਚੀਨੀ ਸੰਸਥਾਵਾਂ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਚਣ ਦੀ ਚੇਤਾਵਨੀ ਦੇਣ ਲਈ ਇੱਕ ਮਹੀਨੇ ਦੇ ਅੰਦਰ ਯੂ.ਜੀ.ਸੀ. ਅਤੇ ਏ.ਆਈ.ਸੀ.ਟੀ.ਈ. ਵੱਲੋਂ ਸੰਯੁਕਤ ਤੌਰ ‘ਤੇ ਇਹ ਸਲਾਹ ਜਾਰੀ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ, ‘ਸਾਰੇ (ਵਿਦਿਆਰਥੀਆਂ) ਨੂੰ ਉੱਚ ਸਿੱਖਿਆ ਲਈ ਪਾਕਿਸਤਾਨ ਨਾ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਕੋਈ ਵੀ ਭਾਰਤੀ ਨਾਗਰਿਕ ਜਾਂ ਭਾਰਤੀ ਮੂਲ ਦਾ ਵਿਦੇਸ਼ੀ ਨਾਗਰਿਕ (ਓ.ਆਈ.ਸੀ.) ਜੇਕਰ ਪਾਕਿਸਤਾਨ ਦੇ ਕਿਸੇ ਵੀ ਕਾਲਜ ਜਾਂ ਵਿਦਿਅਕ ਸੰਸਥਾ ਵਿੱਚ ਦਾਖਲਾ ਲੈਂਦਾ ਹੈ ਤਾਂ ਉਹ ਪਾਕਿਸਤਾਨੀ ਸਰਟੀਫਿਕੇਟ ਦੇ ਆਧਾਰ ‘ਤੇ ਭਾਰਤ ਵਿੱਚ ਨੌਕਰੀ ਜਾਂ ਉੱਚ ਸਿੱਖਿਆ ਲਈ ਯੋਗ ਨਹੀਂ ਹੋਵੇਗਾ।’ ਇਸ ਵਿੱਚ ਅੱਗੇ ਕਿਹਾ ਗਿਆ ਹੈ, “ਹਾਲਾਂਕਿ, ਵਿਦੇਸ਼ੀ ਨਾਗਰਿਕ ਅਤੇ ਉਨ੍ਹਾਂ ਦੇ ਬੱਚੇ, ਜਿਨ੍ਹਾਂ ਨੇ ਪਾਕਿਸਤਾਨ ਵਿੱਚ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਭਾਰਤ ਵੱਲੋਂ ਨਾਗਰਿਕਤਾ ਦਿੱਤੀ ਹੋਈ ਹੈ, ਉਹ ਭਾਰਤ ਵਿਚ ਰੁਜ਼ਗਾਰ ਹਾਸਲ ਕਰਨ ਲਈ ਯੋਗ ਹੋਣਗੇ, ਬਸ਼ਰਤੇ ਗ੍ਰਹਿ ਮੰਤਰਾਲਾ ਤੋਂ ਸੁਰੱਖਿਆ ਮਨਜ਼ੂਰੀ ਮਿਲੇ।’ ਏ.ਆਈ.ਸੀ.ਟੀ.ਈ. ਦੇ ਪ੍ਰਧਾਨ ਅਨਿਲ ਸਹਸ੍ਰਬੁੱਧੇ ਅਨੁਸਾਰ ਭਾਰਤੀ ਵਿਦਿਆਰਥੀਆਂ ਨੂੰ ਇਹ ਸਲਾਹ ਦੇਣ ਦੀ ਲੋੜ ਹੈ ਕਿ ਉਨ੍ਹਾਂ ਨੂੰ ਸਿੱਖਿਆ ਲਈ ਕਿਹੜੀਆਂ ਸੰਸਥਾਵਾਂ ਅਤੇ ਦੇਸ਼ਾਂ ਵਿੱਚ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਯੂ.ਜੀ.ਸੀ. ਦੇ ਪ੍ਰਧਾਨ ਜਗਦੀਸ਼ ਕੁਮਾਰ ਨੇ ਕਿਹਾ, ‘ਯੂ.ਜੀ.ਸੀ. ਅਤੇ ਏ.ਆਈ.ਸੀ.ਟੀ.ਈ. ਅਜਿਹੇ ਭਾਰਤੀ ਵਿਦਿਆਰਥੀਆਂ ਦੇ ਹਿੱਤ ਵਿੱਚ ਜਨਤਕ ਨੋਟਿਸ ਜਾਰੀ ਕਰਦੇ ਹਨ, ਜੋ ਦੇਸ਼ ਤੋਂ ਬਾਹਰ ਉੱਚ ਸਿੱਖਿਆ ਹਾਸਲ ਕਰਨਾ ਚਾਹੁੰਦੇ ਹਨ।’ ਉਨ੍ਹਾਂ ਕਿਹਾ, ‘ਹਾਲ ਦੇ ਦਿਨਾਂ ਵਿਚ ਅਸੀਂ ਦੇਖਿਆ ਹੈ ਕਿ ਕਿਵੇਂ ਸਾਡੇ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉਹ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਵਿਦੇਸ਼ ਵਾਪਸ ਨਹੀਂ ਜਾ ਸਕੇ।’
ਪਾਕਿਸਤਾਨ ਪੜਨ ਜਾਣ ਤੋਂ ਭਾਰਤੀਆਂ ਨੂੰ ਵਰਜਿਆ

Comment here