ਦੁਨੀਆ

ਪਾਕਿਸਤਾਨ ਨੇ ਅਫਗਾਨੀਆਂ ਦੀ ਪਿੱਠ ਚ ਛੁਰਾ ਮਾਰਿਆ- ਅਫਗਾਨੀ ਉਪ-ਰਾਸ਼ਟਰਪਤੀ ਨੇ ਲਾਏ ਦੋਸ਼

ਕਾਬੁਲ ਅਫਗਾਨਿਸਤਾਨ ਦੀ ਅੰਦਰੂਨੀ ਹਾਲਤ ਚਿੰਤਾ ਦਾ ਵਿਸ਼ਾ ਹੈ, ਅਜਿਹੇ ਵਿੱਚ ਗੁਆਂਢੀ ਮੁਲਕ ਆਪਣੇ ਲੋਕਾਂ ਦੀ ਸੁਰਖਿਆ ਦੇ ਪ੍ਰਬੰਧ ਕਰੜੇ ਕਰ ਰਹੇ ਨੇ ਪਰ ਪਾਕਿਸਤਾਨ ਤੇ ਦੋਸ਼ ਲੱਗ ਰਿਹਾ ਹੈ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਵਧਦੇ ਕਬਜਿਆਂ ਤੋਂ ਪਾਕਿਸਤਾਨ ਖੁਸ਼ ਹੈ, ਇਹ ਦੋਸ਼ ਕਿਸੇ ਹੋਰ ਨੇ ਨਹੀਂ ਬਲਕਿ  ਅਫਗਾਨਿਸਤਾਨ ਦੇ ਉਪ-ਰਾਸ਼ਟਰਪਤੀ ਅਮਰਉੱਲ੍ਹਾ ਸਾਲੇਹ ਨੇ ਲਾਏ ਹਨ। ਸਾਲੇਹ ਨੇ ਕਿਹਾ ਹੈ ਕਿ ਤਾਲਿਬਾਨ ਲਗਾਤਾਰ ਵੱਖ-ਵੱਖ ਜ਼ਿਲ੍ਹਿਆਂ ’ਤੇ ਕੰਟਰੋਲ ਕਰਦਾ ਜਾ ਰਿਹਾ ਹੈ ਅਤੇ ਪਾਕਿਸਤਾਨ ‘ਉਤਸ਼ਾਹ’ ਨਾਲ ਆਪਣੀ ਸਫਲਤਾ ਦਾ ਆਨੰਦ ਲੈ ਰਿਹਾ ਹੈ। ਅਫਗਾਨਿਸਤਾਨ ਟਾਈਮਸ ਦੀ ਰਿਪੋਰਟ ਮੁਤਾਬਕ, ਉਪ-ਰਾਸ਼ਟਰਪਤੀ ਨੇ ਤਾਲਿਬਾਨ ਦਾ ਸਮਰਥਨ ਕਰਨ ਲਈ ਪਾਕਿ ਅਧਿਕਾਰੀਆਂ ’ਤੇ ‘ਝੂਠ ਅਤੇ ਇਨਕਾਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸਲਾਮਾਬਾਦ ਦਾ ਅਫਗਾਨਿਸਤਾਨ ਦੇ ਕਤਲੇਆਮ ਪਿੱਛੇ ਪਾਕਿ ਦਾ ਹੱਥ ਹੋਣ ਤੋਂ ਇਨਕਾਰ ਸਭ ਤੋਂ ਵੱਡਾ ਝੂਠ ਅਤੇ ਇਨਕਾਰ ਹੈ। ਉਨ੍ਹਾਂ ਪਾਕਿਸਤਾਨ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਉਹ ਸ਼ਾਂਤੀ ਵਾਰਤਾ ਚ ਸਹਿਯੋਗੀ ਹੋਣ ਦਾ ਢੋਂਗ ਕਰ ਰਿਹਾ ਹੈ ਜਦਕਿ ਤਾਲਿਬਾਨ ਨੂੰ ਸ਼ਹਿ ਦੇਣ ਵਾਲਾ ਇਹ ਦੇਸ਼ ਹੈ ਜਿਸ ਨੇ ਅਫਗਾਨੀਆਂ ਦੀ ਪਿੱਠ ’ਚ ਛੂਰਾ ਮਾਰਿਆ ਹੈ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਵੀ ਤਾਲਿਬਾਨ ਦਾ ਸਮਰਥਨ ਕਰਨ ਲਈ ਪਾਕਿਸਤਾਨ ਤੇ ਤਿੱਖੇ ਸ਼ਬਦੀ ਹੱਲੇ ਬੋਲੇ, ਕਿਹਾ ਕਿ ਜੋ ਲੋਕ ਅਫਗਾਨ ਸੁਰੱਖਿਆ ਫੋਰਸ ਦੀ ਰੱਖਿਆ ਲਈ ਜੁਟੇ ਸਨ, ਉਹ ਮਿਲੀਸ਼ੀਆ ਨਹੀਂ ਸਨ, ਸਗੋਂ ਆਮ ਲੋਕ ਸਨ, ਜਿਨ੍ਹਾਂ ਦਾ ਸੰਘਰਸ਼ ਅਫਗਾਨਿਸਤਾਨ ਦੀ ਸ਼ਾਂਤੀ ਅਤੇ ਰੱਖਿਆ ਲਈ ਸੀ। ਇਸ ਦਰਮਿਆਨ ਕਾਬੁਲ ’ਚ ਕੈਨੇਡਾ ਦੇ ਸਾਬਕਾ ਰਾਜਦੂਤ ਕਾਰਸ ਅਲੈਗਜ਼ੈਂਡਰ ਨੇ ਕਿਹਾ ਕਿ ਤਾਲਿਬਾਨ ਪਾਕਿਸਤਾਨੀ ਫੌਜ ਲਈ ਲੜ ਰਿਹਾ ਸੀ। ਉਹ ਬੈਠਕਾਂ, ਸੰਮੇਲਨਾਂ ਅਤੇ ਵਿਗਿਆਪਨਾਂ ਦੇ ਰੂਪ ’ਚ ਸੰਯੁਕਤ ਰਾਸ਼ਟਰ ਚਾਰਟਰ, ਮਨੁੱਖੀ ਅਧਿਕਾਰਾਂ ਦੀ ਯੂਨੀਵਰਸਲ ਘੋਸ਼ਣਾ ਅਤੇ ਪਿਛਲੇ ਦੋ ਦਹਾਕਿਆਂ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਦਾ ਵੀ ਉਲੰਘਣਾ ਕਰ ਰਹੇ ਹਨ। ਤਾਲਿਬਾਨਾਂ ਦੀ ਮਦਦ ਨੂੰ ਲੈ ਕੇ ਪਾਕਿਸਤਾਨ ਲਗਾਤਾਰ ਅਲੋਚਨਾ ਦਾ ਸ਼ਿਕਾਰ ਹੋ ਰਿਹਾ ਹੈ।

Comment here