ਸਿਆਸਤਖਬਰਾਂਦੁਨੀਆ

ਪਾਕਿਸਤਾਨ ਦੇ ਸਿਰਫ ਦੋ ਸ਼ਹਿਰਾਂ ਦਾ ਪਾਣੀ 100 ਫੀਸਦ ਪੀਣ ਯੋਗ

ਇਸਲਾਮਾਬਾਦ- ਅਵਾਮ ਵਿੱਚ ਇਮਰਾਨ ਸਰਕਾਰ ਕਈ ਕਾਰਨਾਂ ਕਰਕੇ ਗੁੱਸਾ ਝੱਲ ਰਹੀ ਹੈ। ਮਹਿੰਗਾਈ ਦੀ ਮਾਰ ਤੋਂ ਦਖੀ ਜਨਤਾ ਮੂਹਰੇ ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਹੈ। ਪਾਕਿਸਤਾਨ ਵਿਚ ਨਾਗਰਿਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲ ਰਿਹਾ। ਇਮਰਾਨ ਖਾਨ ਸਰਕਾਰ ਵੱਲੋਂ ਨੈਸ਼ਨਲ ਅਸੈਂਬਲੀ ਵਿਚ ਇਸ ਸਬੰਧ ਵਿਚ ਅੰਕੜੇ ਪੇਸ਼ ਕਰਨ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਹਨ। ਪਾਕਿਸਤਾਨ ਵਿਚ ਪਾਣੀ ਦੀ ਗੁਣਵੱਤਾ ਵੀ ਬਹੁਤ ਖ਼ਰਾਬ ਹੈ। ਦੇਸ਼ ਵਿਚ ਸਿਰਫ਼ 2 ਸ਼ਹਿਰ ਹਨ, ਜਿੱਥੇ ਪਾਣੀ 100% ਪੀਣ ਯੋਗ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਖ਼ਰਾਬ ਪਾਣੀ ਨੂੰ ਲੈ ਕੇ ਕਈ ਰਿਪੋਰਟਾਂ ਸਾਹਮਣੇ ਆਈਆਂ ਸਨ। ਪਾਕਿਸਤਾਨ ਤਹਿਰੀਕ-ਏ-ਇਨਸਾਫ ਸਰਕਾਰ ਨੇ ਵਿਰੋਧੀ ਧਿਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਇਹ ਅੰਕੜੇ ਪੇਸ਼ ਕੀਤੇ।ਪਾਕਿਸਤਾਨ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਸ਼ਿਬਲੀ ਫਰਾਜ਼ ਨੇ ਸਦਨ ਵਿਚ ਕਿਹਾ ਕਿ ਪਾਕਿਸਤਾਨ ਦੇ 29 ਸ਼ਹਿਰਾਂ ਵਿਚੋਂ 20 ਵਿਚ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ 50 ਪ੍ਰਤੀਸ਼ਤ ਤੋਂ ਵੱਧ ਪਾਣੀ ਪੀਣ ਲਈ ਅਸੁਰੱਖਿਅਤ ਪਾਇਆ ਗਿਆ ਹੈ। ਮੰਤਰੀ ਨੇ ਕਿਹਾ ਕਿ ਪਾਣੀ ਦੀ ਗੁਣਵੱਤਾ ਦੀ ਜਾਂਚ ਪਾਕਿਸਤਾਨ ਜਲ ਸਰੋਤ ਖੋਜ ਪ੍ਰੀਸ਼ਦ ਵੱਲੋਂ ਕੀਤੀ ਗਈ ਸੀ। ਸਿਰਫ਼ ਸਿਆਲਕੋਟ ਅਤੇ ਗੁਜਰਾਤ ਵਿਚ ਅਜਿਹੇ ਸਰੋਤ ਸਨ, ਜਿੱਥੇ ਪੀਣ ਵਾਲਾ ਪਾਣੀ 100 ਪ੍ਰਤੀਸ਼ਤ ਪੀਣਯੋਗ ਪਾਇਆ ਗਿਆ। ਸੰਸਦੀ ਸਕੱਤਰ ਰਾਸ਼ਟਰੀ ਸਿਹਤ ਸੇਵਾ ਡਾ: ਨੌਸ਼ੀਨ ਹਾਮਿਦ ਅਨੁਸਾਰ ਪਾਕਿਸਤਾਨ ਦੀ ਪਾਣੀ ਦੀ ਉਪਲਬਧਤਾ ਆਜ਼ਾਦੀ ਦੇ ਬਾਅਦ ਤੋਂ ਪਹਿਲਾਂ ਹੀ 400 ਪ੍ਰਤੀਸ਼ਤ ਡਿੱਗ ਚੁੱਕੀ ਹੈ। ਉਨ੍ਹਾਂ ਨੇ ਜੁਲਾਈ ਵਿਚ ਇਕ ਰਿਪੋਰਟ ਵਿਚ ਕਿਹਾ ਸੀ ਕਿ 1947 ਵਿਚ ਪ੍ਰਤੀ ਵਿਅਕਤੀ ਪਾਣੀ ਦੀ ਉਪਲਬਧਤਾ 5,600 ਘਣ ਮੀਟਰ ਤੋਂ ਘੱਟ ਕੇ 2021 ਵਿਚ ਲਗਭਗ 1,038 ਘਣ ਮੀਟਰ ਰਹਿ ਗਈ ਹੈ। ਪਾਕਿਸਤਾਨ ਦੁਨੀਆ ਦਾ ਪੰਜਵਾਂ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ, ਇਹ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਪਾਣੀ ਦੀ ਕਮੀ ਇਕ ਬਹੁਤ ਹੀ ਗੰਭੀਰ ਖ਼ਤਰਾ ਹੈ ਜੋ 2025 ਤੱਕ ਵਧੇਗਾ। ਸੰਸਦੀ ਸਕੱਤਰ ਨੇ ਅੱਗੇ ਕਿਹਾ ਕਿ ਪਾਣੀ ਦੀ ਨਾਕਾਫ਼ੀ ਸਪਲਾਈ ਨੇ ਦੇਸ਼ ਵਿਚ ਅਨਾਜ ਸੁਰੱਖਿਆ ਨੂੰ ਵਧਾ ਦਿੱਤਾ ਹੈ। ਜਿਓ ਨਿਊਜ਼ ਨੇ ਹਾਲ ਹੀ ਵਿਚ ਪਾਕਿਸਤਾਨ ਦੀ ਪਾਣੀ ਦੀ ਕਮੀ ਬਾਰੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ, ਜਿਸ ਵਿਚ ਮਾਹਰਾਂ ਨੇ ਚਿਤਾਵਨੀ ਦਿੱਤੀ ਸੀ ਕਿ ਦੇਸ਼ ਵਿਚ ਕਾਲ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਘੱਟ ਬਾਰਸ਼ ਕਾਰਨ ਦੇਸ਼ ਦੀਆਂ ਨਦੀਆਂ ਸੁੱਕ ਗਈਆਂ ਹਨ। ਮਾਰਚ ਦੇ ਮਹੀਨੇ ਵਿਚ, ਅੰਤਰਰਾਸ਼ਟਰੀ ਮੁਦਰਾ ਫੰਡ  ਨੇ ਪਾਣੀ ਦੀ ਗੰਭੀਰ ਘਾਟ ਦਾ ਸਾਹਮਣਾ ਕਰ ਰਹੇ ਦੇਸ਼ਾਂ ਦੀ ਸੂਚੀ ਵਿਚ ਪਾਕਿਸਤਾਨ ਨੂੰ ਤੀਜੇ ਸਥਾਨ ‘ਤੇ ਰੱਖਿਆ ਹੈ। ਫਿਲਹਾਲ ਪਾਣੀ ਦੀ ਕਮੀ ਨਾਲ ਕਿਵੇੰ ਸਿਝਣਾ ਹੈ, ਇਹਦੇ ਬਾਰੇ ਇਮਰਾਨ ਸਰਕਾਰ ਦੀ ਕੋਈ ਰਣਨੀਤੀ ਨਸ਼ਰ ਨਹੀ ਹੋਈ।

ਮਹਿੰਗਾਈ ਨੇ ਕੀਤਾ ਬੁਰਾ ਹਾਲ

ਪਾਕਿਸਤਾਨ ਵਿਚ ਜ਼ਿਆਦਾਤਰ ਪਰਿਵਾਰ ਆਪਣੀ ਆਮਦਨ ਦਾ ਅੱਧਾ ਹਿੱਸਾ ਭੋਜਨ ’ਤੇ ਖ਼ਰਚ ਕਰਦੇ ਹਨ। ਉਥੇ ਹੀ ਆਵਾਜਾਈ, ਪੈਟਰੋਲ, ਬਿਜਲੀ ਅਤੇ ਅਸਿੱਧੇ ਟੈਕਸਾਂ ਦੇ ਵਧਦੇ ਬੋਝ ਨੇ ਭੁੱਖਮਰੀ, ਗ਼ਰੀਬੀ ਅਤੇ ਕੁਪੋਸ਼ਣ ਵਿਚ ਸੰਭਾਵਤ ਵਾਧੇ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ। ਫੂਡ ਪ੍ਰਾਈਸ ਇੰਡੈਕਸ ਮੁਤਾਬਕ ਜੁਲਾਈ ਵਿਚ ਵਿਸ਼ਵ ਭੋਜਨ ਦੀਆਂ ਕੀਮਤਾਂ ਇਕ ਸਾਲ ਪਹਿਲਾਂ ਦੀ ਤੁਲਨਾ ਵਿਚ 31 ਫ਼ੀਸਦੀ ਜ਼ਿਆਦਾ ਸਨ। ਇਸ ਤੋਂ ਪਹਿਲਾਂ ਕੈਬਨਿਟ ਦੀ ਪਾਕਿਸਤਾਨ ਦੀ ਆਰਥਿਕ ਤਾਲਮੇਲ ਕਮੇਟੀ (ਈ.ਸੀ.ਸੀ.) ਨੇ ਪਾਕਿਸਤਾਨ ਦੇ ਯੂਟੀਲਿਟੀ ਸਪੋਰਟਸ ਕਾਰਪੋਰੇਸ਼ਨ (ਯੂ.ਐਸ.ਸੀ.) ਵਿਚ ਖੰਡ, ਕਣਕ ਦਾ ਆਟਾ ਅਤੇ ਘਿਓ (ਮੱਖਣ) ਦੀਆਂ ਕੀਮਤਾਂ ਵਿਚ ਵਾਧੇ ਨੂੰ ਮਨਜੂਰੀ ਦਿੱਤੀ ਸੀ। ਵਿਸ਼ਵ ਬੈਂਕ ਦੇ ਅਨੁਮਾਨ ਮੁਤਾਬਕ ਪਾਕਿਸਤਾਨ ਵਿਚ ਗ਼ਰੀਬੀ 2020 ਵਿਚ 4.4 ਫ਼ੀਸਦੀ ਤੋਂ ਵੱਧ ਕੇ 5.4 ਹੋ ਗਈ ਹੈ, ਕਿਉਂਕਿ 2 ਮਿਲੀਅਨ ਤੋਂ ਜ਼ਿਆਦਾ ਲੋਕ ਗ਼ਰੀਬੀ ਰੇਖਾ ਦੇ ਹੇਠਾਂ ਆ ਗਏ ਹਨ। ਘੱਟ-ਮੱਧ ਆਮਦਨੀ ਗ਼ਰੀਬੀ ਦਰ ਦੀ ਵਰਤੋਂ ਕਰਦਿਆਂ ਵਿਸ਼ਵ ਬੈਂਕ ਨੇ ਅਨੁਮਾਨ ਲਗਾਇਆ ਕਿ ਪਾਕਿਸਤਾਨ ਵਿਚ ਗ਼ਰੀਬੀ ਅਨੁਪਾਤ 2020-21 ਵਿਚ 39.3 ਫ਼ੀਸਦੀ ਸੀ ਅਤੇ 2021-22 ਵਿਚ 39.2 ਫ਼ੀਸਦੀ ’ਤੇ ਰਹਿਣ ਦਾ ਅਨੁਮਾਨ ਹੈ ਅਤੇ ਇਹ ਘੱਟ ਕੇ 2022-23 ਤੱਕ 37.9 ਫ਼ੀਸਦੀ ’ਤੇ ਆ ਸਕਦਾ ਹੈ। 

Comment here