ਸ਼੍ਰੀਨਗਰ-ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਚੇਅਰਪਰਸਨ ਮਹਿਬੂਬਾ ਮੁਫਤੀ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਦੀ ਮੌਜੂਦਾ ਸਿਆਸੀ ਸਥਿਤੀ ਕੋਈ ਨਵੀਂ ਗੱਲ ਨਹੀਂ ਹੈ ਪਰ ਗੁਆਂਢੀ ਦੇਸ਼ ਵਿੱਚ ਅਸਥਿਰਤਾ ਅਤੇ ਅਨਿਸ਼ਚਿਤਤਾ ਦਾ ਭਾਰਤ ‘ਤੇ ਅਸਰ ਪਵੇਗਾ। ਮਹਿਬੂਬਾ ਮੁਫਤੀ ਨੇ ਕਿਹਾ ਕਿ ਪਾਕਿਸਤਾਨ ਵਿਚ ਸੱਤਾਧਾਰੀ ਪਾਰਟੀ ਵਿਰੋਧੀ ਧਿਰ ਨਾਲ ਸਿਆਸੀ ਤੌਰ ‘ਤੇ ਲੜਨ ਦੀ ਬਜਾਏ, ਆਪਣੇ ਨੇਤਾਵਾਂ ਨੂੰ ਜੇਲ੍ਹ ਵਿਚ ਡੱਕਣ ਲਈ ਏਜੰਸੀਆਂ ਦੀ ਵਰਤੋਂ ਕਰਦੀ ਹੈ ਅਤੇ “ਬਦਕਿਸਮਤੀ ਨਾਲ ਭਾਰਤ ਵਿਚ ਵੀ ਇਹੀ ਪ੍ਰਕਿਰਿਆ ਅਪਣਾਈ ਜਾ ਰਹੀ ਹੈ”।
ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੀਡੀਪੀ ਪ੍ਰਧਾਨ ਨੇ ਕਿਹਾ, ”ਬਦਕਿਸਮਤੀ ਨਾਲ ਪਾਕਿਸਤਾਨ ਵਿੱਚ ਜੋ ਕੁਝ ਵੀ ਹੋ ਰਿਹਾ ਹੈ, ਇਹ ਕੋਈ ਨਵੀਂ ਗੱਲ ਨਹੀਂ ਹੈ। ਜ਼ੁਲਫ਼ਕਾਰ ਅਲੀ ਭੁੱਟੋ ਤੋਂ ਲੈ ਕੇ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਤਾਂ ਵਿਰੋਧੀ ਧਿਰ ਦੇ ਆਗੂਆਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਹੈ। ਇਸ ਦਾ ਅਸਰ ਸਾਡੇ ‘ਤੇ ਵੀ ਪਵੇਗਾ।ਉੱਥੇ ਅਸਥਿਰਤਾ ਅਤੇ ਅਨਿਸ਼ਚਿਤਤਾ ਦੀ ਸਥਿਤੀ ਸਾਨੂੰ ਵੀ ਪ੍ਰਭਾਵਿਤ ਕਰੇਗੀ ਪਰ ਕਿਤੇ ਨਾ ਕਿਤੇ ਇਸ ਬਿਮਾਰੀ ਨੇ ਸਾਡੇ ਦੇਸ਼ ਨੂੰ ਵੀ ਸੰਕਰਮਿਤ ਕਰ ਦਿੱਤਾ ਹੈ। ਜੇਕਰ ਦੇਖੀਏ ਤਾਂ ਰਾਹੁਲ ਗਾਂਧੀ ਨੂੰ ਸੰਸਦ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਮਨੀਸ਼ ਸਿਸੋਦੀਆ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ।” ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ‘ਤੇ ਟਿੱਪਣੀ ਕਰਦੇ ਹੋਏ ਮੁਫਤੀ ਨੇ ਕਿਹਾ ਕਿ ਇਸਲਾਮਾਬਾਦ ‘ਚ ਸੱਤਾਧਾਰੀ ਪਾਰਟੀ ਵਿਰੋਧੀ ਨੇਤਾਵਾਂ ਨੂੰ ਜੇਲ ‘ਚ ਡੱਕਣ ਲਈ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ।
ਉਨ੍ਹਾਂ ਕਿਹਾ, ”ਪਾਕਿਸਤਾਨ ‘ਚ ਵੀ ਵਿਰੋਧੀ ਧਿਰ ਨੂੰ ਸਿਆਸੀ ਤੌਰ ‘ਤੇ ਲੜਨ ਦੀ ਬਜਾਏ ਸੱਤਾਧਾਰੀ ਪਾਰਟੀ ‘ਸ਼ਾਰਟਕੱਟ’ ਲੈਂਦੀ ਹੈ ਅਤੇ ਆਪਣੇ ਨੇਤਾਵਾਂ ਨੂੰ ਜੇਲ੍ਹਾਂ ‘ਚ ਡੱਕਣ ਲਈ ਏਜੰਸੀਆਂ ਦੀ ਵਰਤੋਂ ਕਰਦੀ ਹੈ। ਬਦਕਿਸਮਤੀ ਨਾਲ ਇੱਥੇ ਵੀ ਉਹੀ ਪ੍ਰਕਿਰਿਆ ਅਪਣਾਈ ਜਾ ਰਹੀ ਹੈ। ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਸਜ਼ਾ ਸੁਣਾਈ ਗਈ ਹੈ। ਦੋ ਸਾਲ ਅਤੇ ਛੇ ਸਾਲ ਲਈ ਅਯੋਗ ਠਹਿਰਾਇਆ ਗਿਆ। ਪਾਕਿਸਤਾਨ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਅਸੀਂ ਉਸੇ ਦਿਸ਼ਾ ਵਿੱਚ ਜਾ ਰਹੇ ਹਾਂ।
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਡਾਕਟਰ ਫਾਰੂਕ ਅਬਦੁੱਲਾ ਨੇ ਵੀਰਵਾਰ ਨੂੰ ਕਸ਼ਮੀਰ ਦੇ ਲੋਕਾਂ ਨੂੰ ਪਾਕਿਸਤਾਨ ਦੀ ਸਥਿਰਤਾ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਆਪਣੀ ਪਾਰਟੀ ਦੀ ਨੈਸ਼ਨਲ ਕਾਨਫਰੰਸ ਦੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇੱਕ ਅਸਥਿਰ ਪਾਕਿਸਤਾਨ ਭਾਰਤ ਸਮੇਤ ਸਾਰੇ ਦੇਸ਼ਾਂ ਲਈ ਖਤਰਨਾਕ ਹੈ। ਉਨ੍ਹਾਂ ਕਿਹਾ, ”ਅਸਥਿਰ ਪਾਕਿਸਤਾਨ ਸਾਡੇ ਦੇਸ਼ ਸਮੇਤ ਸਾਰੇ ਦੇਸ਼ਾਂ ਲਈ ਖਤਰਨਾਕ ਹੈ। ਅਸੀਂ ਇੱਕ ਮਜ਼ਬੂਤ ਅਤੇ ਲੋਕਤੰਤਰੀ ਪਾਕਿਸਤਾਨ ਚਾਹੁੰਦੇ ਹਾਂ, ਜਿੱਥੇ ਲੋਕਤੰਤਰ ਪ੍ਰਫੁੱਲਤ ਹੋਵੇ।” ਅਬਦੁੱਲਾ ਨੇ ਕਿਹਾ ਕਿ ਪਾਕਿਸਤਾਨ ਦੀ ਅੰਦਰੂਨੀ ਸਥਿਤੀ ਬਹੁਤ ਖ਼ਤਰਨਾਕ ਹੈ ਅਤੇ ਉਸ ਦੀ ਆਰਥਿਕ ਹਾਲਤ ਵੀ ਖਸਤਾ ਹੈ।ਉਨ੍ਹਾਂ ਨੇ ਲੋਕਾਂ ਨੂੰ ਪਾਕਿਸਤਾਨ ਦੀ ਸਥਿਰਤਾ ਲਈ ਪ੍ਰਾਰਥਨਾ ਕਰਨ ਲਈ ਕਿਹਾ। ਦੇਸ਼ ਆਰਥਿਕ ਤੌਰ ‘ਤੇ ਸਭ ਤੋਂ ਬੁਰੀ ਹਾਲਤ ਵਿੱਚ ਹੈ ਅਤੇ ਇੱਕ ਤੋਂ ਬਾਅਦ ਇੱਕ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ।”
ਪਾਕਿਸਤਾਨ ਦੀ ਅਸਥਿਰਤਾ ਭਾਰਤ ਨੂੰ ਪ੍ਰਭਾਵਿਤ ਕਰੇਗੀ: ਮਹਿਬੂਬਾ

Comment here