ਲਾਹੌਰ: ਪਾਕਿਸਤਾਨ ਦੀ ਸੋਸ਼ਲ ਸੇਲਿਬ੍ਰਿਟੀ ਕੰਦੀਲ ਬਲੋਚ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਏ ਗਏ ਉਸਦੇ ਭਰਾ ਨੂੰ ਵੀ ਇੱਕ ਅਦਾਲਤ ਨੇ ਇਸਲਾਮਿਕ ਕਾਨੂੰਨ ਤਹਿਤ ਪੀੜਤ ਦੇ ਮਾਪਿਆਂ ਨੂੰ ਮੁਆਫ਼ ਕਰਨ ਤੋਂ ਬਾਅਦ ਬਰੀ ਕਰ ਦਿੱਤਾ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਮੁਹੰਮਦ ਵਸੀਮ ਨੂੰ ਸਾਲ 2016 ‘ਚ ਗ੍ਰਿਫਤਾਰ ਕੀਤਾ ਗਿਆ ਸੀ। ਵਸੀਮ ਨੇ ਮੰਨਿਆ ਕਿ ਉਸ ਨੇ ਪਹਿਲਾਂ ਆਪਣੀ ਭੈਣ 26 ਸਾਲਾ ਫੌਜੀਆ ਅਜ਼ੀਮ, ਜੋ ਕਿ ਕੰਦੀਲ ਬਲੋਚ ਵਜੋਂ ਜਾਣੀ ਜਾਂਦੀ ਹੈ, ਨੂੰ ਨਸ਼ੀਲਾ ਪਦਾਰਥ ਪਿਲਾਇਆ ਅਤੇ ਫਿਰ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਕਿਉਂਕਿ ਉਹ ਕਥਿਤ ਤੌਰ ‘ਤੇ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਤਸਵੀਰ ਸ਼ੇਅਰ ਕਰਕੇ ਪਰਿਵਾਰ ਦੀ ਇੱਜ਼ਤ ਨੂੰ ਠੇਸ ਪਹੁੰਚਾ ਰਹੀ ਸੀ। ਇਸ ਕੇਸ ਦੇ ਇਕਲੌਤੇ ਦੋਸ਼ੀ ਵਸੀਮ ਨੂੰ ਹੇਠਲੀ ਅਦਾਲਤ ਨੇ ਸਾਲ 2019 ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਜਦਕਿ ਬਾਕੀ ਸ਼ੱਕੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ। ਇਨ੍ਹਾਂ ਵਿਚ ਬਲੋਚ ਦਾ ਛੋਟਾ ਭਰਾ ਅਸਲਮ ਸ਼ਾਹੀਨ, ਚਚੇਰਾ ਭਰਾ ਹੱਕ ਨਵਾਜ਼ ਅਤੇ ਮੁਫਤੀ ਅਬਦੁਲ ਕਵੀ ਸ਼ਾਮਲ ਹਨ। ਵਸੀਮ ਨੇ ਬਾਅਦ ਵਿੱਚ ਸਜ਼ਾ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਅਦਾਲਤ ਦੇ ਅਧਿਕਾਰੀ ਨੇ ਕਿਹਾ ਕਿ ਬਲੋਚ ਦੇ ਮਾਪਿਆਂ ਨੇ ਸੋਮਵਾਰ ਨੂੰ ਵਸੀਮ ਨੂੰ ਮਾਫ਼ ਕਰ ਦਿੱਤਾ, ਪਰ ਉਨ੍ਹਾਂ ਨੇ ਵਸੀਮ ਵਿਰੁੱਧ ਪਹਿਲਾਂ ਦਿੱਤਾ ਬਿਆਨ ਵੀ ਵਾਪਸ ਲੈ ਲਿਆ। ਬਲੋਚ ਦੇ ਮਾਤਾ-ਪਿਤਾ ਨੇ ਪਹਿਲਾਂ ਪੁਲਸ ਨੂੰ ਦਿੱਤੇ ਬਿਆਨ ‘ਚ ਕਿਹਾ ਸੀ ਕਿ ਵਸੀਮ ਉਨ੍ਹਾਂ ਦੀ ਬੇਟੀ ਦੀ ਹੱਤਿਆ ‘ਚ ਸ਼ਾਮਲ ਸੀ। ਅਧਿਕਾਰੀ ਨੇ ਕਿਹਾ, ”ਲਾਹੌਰ ਹਾਈ ਕੋਰਟ ਦੀ ਮੁਲਤਾਨ ਬੈਂਚ ਦੇ ਜਸਟਿਸ ਸੋਹੇਲ ਨਾਸਿਰ ਨੇ ਇਸਤਗਾਸਾ ਪੱਖ ਦੇ ਗਵਾਹਾਂ ਦੇ ਪੱਖ ਬਦਲਣ ਅਤੇ ਕੰਦੀਲ ਦੇ ਕਾਨੂੰਨੀ ਵਾਰਸ (ਉਸ ਦੇ ਮਾਤਾ-ਪਿਤਾ) ਵੱਲੋਂ ਮੁਆਫੀ ਦੇਣ ਤੋਂ ਬਾਅਦ ਇਹ ਫੈਸਲਾ ਸੁਣਾਇਆ।” ਪਾਕਿਸਤਾਨ ‘ਚ ਹਰ ਸਾਲ ਕਰੀਬ 1000 ਔਰਤਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਝੂਠੇ ਹੰਕਾਰ ਦੀ ਖ਼ਾਤਰ ਕਤਲ ਕਰ ਦਿੱਤਾ ਜਾਂਦਾ ਹੈ।
Comment here