ਗੁਰਦਾਸਪੁਰ-ਪਾਕਿਸਤਾਨ ਦੀਆਂ ਜੇਲ੍ਹਾਂ ਔਰਤਾਂ ਲਈ ਵੇਸਵਾਘਰਾਂ ਤੋਂ ਘੱਟ ਨਹੀਂ ਹਨ। ਰਿਪੋਰਟ ’ਚ ਵਕੀਲਾਂ ਅਤੇ ਸੋਸ਼ਲ ਵਰਕਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੇਲ੍ਹਾਂ ’ਚ ਬੰਦ ਮਹਿਲਾ ਕੈਦੀਆਂ ਨੂੰ ਜੇਲ੍ਹ ਗਾਰਡਾਂ ਦੇ ਦੁਰਵਿਹਾਰ ਦਾ ਸ਼ਿਕਾਰ ਹੋਣਾ ਪੈਂਦਾ ਹੈ। ਮਹਿਲਾ ਕੈਦੀਆਂ ਨੂੰ ਚੰਗੇ ਅਤੇ ਪੇਟ ਭਰਨ ਜੋਗੇ ਭੋਜਨ ਲਈ ਆਪਣਾ ਸਰੀਰ ਜੇਲ੍ਹ ਅਧਿਕਾਰੀਆਂ ਨੂੰ ਸੌਂਪਣਾ ਪੈਂਦਾ ਹੈ ਅਤੇ ਜੇਲ੍ਹ ’ਚ ਸੈਨੇਟਰੀ ਨੈਪਕਿਨ, ਸਾਬਣ ਅਤੇ ਸਾਫ਼ ਪਾਣੀ ਦੀ ਕਮੀ ਕਾਰਨ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਰਹੱਦ ਪਾਰ ਸੂਤਰਾਂ ਅਨੁਸਾਰ ਹਿਊਮਨ ਰਾਈਟਸ ਵਾਚ ਪਾਕਿਸਤਾਨ ਵਲੋਂ ਜੇਲ੍ਹਾਂ ’ਚ ਬੰਦ ਕੈਦੀਆਂ ਦੀ ਸਥਿਤੀ ’ਤੇ ਰਿਪੋਰਟ ਜਾਰੀ ਕਰ ਕੇ ਪਾਕਿਸਤਾਨ ’ਚ ਭੂਚਾਲ ਖੜ੍ਹਾ ਕਰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਜੇਲ੍ਹਾਂ ’ਚ ਸਮਰੱਥਾ ਨਾਲੋਂ ਵੱਧ ਕੈਦੀਆਂ ਦੇ ਬੰਦ ਹੋਣ, ਸਿਹਤ ਸਹੂਲਤਾਂ ਦੀ ਭਾਰੀ ਕਮੀ, ਭਾਰਤੀ ਕੈਦੀਆਂ ਨਾਲ ਅੱਤ ਦਾ ਦੁਰਵਿਹਾਰ ਸਮੇਤ ਔਰਤਾਂ ਦੇ ਸ਼ੋਸ਼ਣ ਦੀ ਚਰਚਾ ਕੀਤੀ ਗਈ ਹੈ। ‘ਏ ਨਾਈਟਮੇਅਰ ਫਾਰ ਐਵਰੀ ਵਨ’ ਸਿਰਲੇਖ ਵਾਲੀ ਰਿਪੋਰਟ ’ਚ ਪਾਕਿਸਤਾਨੀ ਜੇਲ੍ਹਾਂ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਤਸ਼ੱਦਦ, ਕੈਦੀਆਂ ਨਾਲ ਉਨ੍ਹਾਂ ਦੀ ਜਾਤ, ਧਰਮ ਅਤੇ ਇਲਾਕੇ ਅਨੁਸਾਰ ਭੇਦ-ਭਾਵ, ਕੈਦੀਆਂ ਦੀ ਪਾਗਲਾਂ ਵਰਗੀ ਹਾਲਤ, ਕਾਨੂੰਨੀ ਸਹਾਇਤਾ ਦੀ ਕਮੀ, ਔਰਤਾਂ ਨਾਲ ਦੁਰਵਿਹਾਰ ਅਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ, ਗੰਦਾ ਖਾਣਾ, ਔਰਤਾਂ ਨੂੰ ਉਨ੍ਹਾਂ ਦੀਆਂ ਨਿੱਜੀ ਜ਼ਰੂਰਤਾਂ ਦੇ ਸਾਮਾਨ ਦੀ ਭਾਰੀ ਕਮੀ ਸਮੇਤ ਹੋਰ ਕਈ ਦੋਸ਼ ਲਾਏ ਗਏ ਹਨ।
116 ਜੇਲ੍ਹਾਂ ਦੀ ਸਮਰੱਥਾ 65,168, ਕੈਦੀਆਂ ਦੀ ਗਿਣਤੀ 88,650
ਰਿਪੋਰਟ ’ਚ ਕਿਹਾ ਗਿਆ ਕਿ 65,168 ਸਮਰੱਥਾ ਵਾਲੀਆਂ 116 ਜੇਲ੍ਹਾਂ ’ਚ 88,650 ਕੈਦੀਆਂ ਨੂੰ ਰੱਖਿਆ ਗਿਆ ਹੈ। ਪਾਕਿਸਤਾਨ ਦੀਆਂ ਸਾਰੀਆਂ ਜੇਲ੍ਹਾਂ ’ਚ ਮੈਡੀਕਲ ਅਧਿਕਾਰੀ 295 ਦੇ ਮੁਕਾਬਲੇ ਸਿਰਫ਼ 195 ਹਨ, ਜਦੋਂ ਕਿ ਜੇਲ੍ਹਾਂ ਲਈ ਪੂਰੇ ਪਾਕਿਸਤਾਨ ’ਚ ਇਕ ਵੀ ਮਹਿਲਾ ਮੈਡੀਕਲ ਅਧਿਕਾਰੀ ਤਾਇਨਾਤ ਨਹੀਂ ਹੈ। ਜੇਲ੍ਹਾਂ ਦੇ ਸੁਪਰਡੈਂਟ ਨੂੰ ਪਾਕਿਸਤਾਨ ’ਚ ‘ਵਾਇਸਰਾਏ’ ਕਿਹਾ ਜਾਂਦਾ ਹੈ ਪਰ ਉਨ੍ਹਾਂ ਕੋਲ ਜੇਲ੍ਹਾਂ ’ਚ ਸੁਧਾਰ ਸਮੇਤ ਕੈਦੀਆਂ ਦੇ ਸੁਧਾਰ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਬਣਾਈ ਰੱਖਣ ਲਈ ਇਕ ਵੀ ਅਧਿਕਾਰ ਨਹੀਂ ਹੈ। ਰਿਪੋਰਟ ’ਚ ਸਭ ਤੋਂ ਜ਼ਿਆਦਾ ਖ਼ਰਾਬ ਹਾਲਤ ਜੇਲ੍ਹਾਂ ’ਚ ਬੰਦ ਭਾਰਤੀ ਕੈਦੀਆਂ ਦੀ ਹੈ, ਜਿਨ੍ਹਾਂ ਨੂੰ ਕੋਈ ਸਹੂਲਤ ਮੁਹੱਈਆ ਨਹੀਂ ਹੈ ਅਤੇ ਜ਼ਿਆਦਾਤਰ ਭਾਰਤੀ ਕੈਦੀ ਪਾਗਲ ਹੋ ਚੁੱਕੇ ਹਨ।
Comment here