ਦੁਨੀਆ

ਪਾਕਿਸਤਾਨ ਤੋਂ ਹਜ਼ਾਰਾਂ ਜੇਹਾਦੀ ਅਫਗਾਨਿਸਤਾਨ ਚ ਆ ਰਹੇ ਨੇ-ਅਸ਼ਰਫ ਗਨੀ

ਤਾਸ਼ਕੰਦ – ‘ਮੱਧ ਅਤੇ ਦੱਖਣੀ ਏਸ਼ੀਆ-ਖੇਤਰੀ ਸੰਪਰਕ ਚੁਣੌਤੀਆਂ ਅਤੇ ਮੌਕਿਆਂ’ ’ਤੇ ਆਯੋਜਿਤ ਸਿਖ਼ਰ ਸੰਮੇਲਨ ਵਿਚ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਪਾਕਿਸਤਾਨ ’ਤੇ ਤਾਲਿਬਾਨ ਨੂੰ ਸਮਰਥਨ ਦੇਣ ਨੂੰ ਲੈ ਕੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਗਨੀ ਨੇ ਤਿੱਖੀ ਸੁਰ ਵਿੱਚ ਕਿਹਾ ਕਿ ਪਿਛਲੇ ਮਹੀਨੇ ਪਾਕਿਸਤਾਨ ਅਤੇ ਹੋਰ ਸਥਾਨਾਂ ਤੋਂ 10,000 ਤੋਂ ਜ਼ਿਆਦਾ ਜੇਹਾਦੀ ਲੜਾਕਿਆਂ ਦੀ ਆਮਦ ਦੇ ਨਾਲ-ਨਾਲ ਉਨ੍ਹਾਂ ਦੇ ਸਹਿਯੋਗੀਆਂ ਅਤੇ ਅੰਤਰਰਾਸ਼ਟਰੀ ਅੱਤਵਾਦੀ ਸੰਗਠਨਾਂ ਨਾਲ ਸਮਰਥਨ ਦੇ ਖ਼ੂਫੀਆ ਸੰਕੇਤ ਮਿਲੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਜੇਹਾਦੀ ਲੜਾਕੇ ਅਫਗਾਨਿਸਤਾਨ ਵਿਚ ਪ੍ਰਵੇਸ਼ ਕਰ ਰਹੇ ਹਨ ਅਤੇ ਹਿੰਸਾ ਕਰ ਰਹੇ ਹਨ। ਉਨ੍ਹਾਂ ਨੇ ਪਾਕਿਸਤਾਨ ਨੂੰ ਅਫਗਾਨਿਸਤਾਨ ਵਿਚ ਸ਼ਾਂਤੀ ਅਤੇ ਦੁਸ਼ਮਣੀ ਦੇ ਖ਼ਾਤਮੇ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਭਰੋਸੇਯੋਗ ਅੰਤਰਰਾਸ਼ਟਰੀ ਨਿਰੀਖਕਾਂ ਦੀ ਰਿਪੋਰਟ ਹੈ ਕਿ ਤਾਲਿਬਾਨ ਨੇ ਅੱਤਵਾਦੀ ਸੰਗਠਨਾਂ ਨਾਲ ਆਪਣੇ ਸਬੰਧਾਂ ਨੂੰ ਤੋੜਨ ਲਈ ਕੋਈ ਕਦਮ ਨਹੀਂ ਚੁੱਕਿਆ।  ਉਨ੍ਹਾਂ ਕਿਹਾ, ‘ਅਸੀਂ ਤਾਲਿਬਾਨ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਉਦੋਂ ਤੱਕ ਸਾਹਮਣਾ ਕਰਨ ਲਈ ਤਿਆਰ ਹਾਂ, ਜਦੋਂ ਤੱਕ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੋ ਜਾਂਦਾ ਕਿ ਰਾਜਨੀਤਕ ਹੱਲ ਹੀ ਅੱਗੇ ਵੱਧਣ ਦਾ ਇਕਮਾਤਰ ਰਸਤਾ ਹੈ।’ਅਫਗਾਨੀ ਰਾਸ਼ਟਰਪਤੀ ਨੇ ਤਾਲਿਬਾਨ ਨੂੰ ਹਿੰਸਾ ਬੰਦ ਕਰਨ ਅਤੇ ਰਾਜਨੀਤਕ ਪ੍ਰਕਿਰਿਆ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।

Comment here