ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਪਾਕਿਸਤਾਨ ਚ ਸਿੱਖ ਭਾਈਚਾਰਾ ਖੌਫ ਤੇ ਦਹਿਸ਼ਤ ਦੇ ਸਾਏ ਚ!!

ਵਾਸ਼ਿੰਗਟਨ-ਪਾਕਿਸਤਾਨ ਵਿਚ ਘੱਟ ਗਿਣਤੀਆਂ ਦਾ ਘਾਣ ਹੋ ਰਿਹਾ ਹੈ। ਪਾਕਿਸਤਾਨ ਦੇ ਖੈਬਰ ਪਖਤੂਨਖਵਾ (ਕੇ ਪੀ) ਸੂਬੇ ‘ਚ ਇਕ ਨੌਜਵਾਨ ਸਿੱਖ ਲੜਕੀ ਦੀਨਾ ਕੌਰ ਦੇ ਅਗਵਾ, ਜਬਰ-ਜ਼ਿਨਾਹ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਤੇ ਵਿਆਹ ਦੀ ਤਾਜ਼ਾ ਘਟਨਾ ਨੇ ਸਿੱਖ ਫਾਰ ਜਸਟਿਸ (ਐੱਸ.ਐੱਫ.ਜੇ.) ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਦੇ ਉਸ ਦਾਅਵੇ ਦਾ ਖੰਡਨ ਕੀਤਾ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਵਿੱਚ ਸਿੱਖ ਭਾਈਚਾਰਾ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੈ। ਗਲੋਬਲ ਸਟ੍ਰੈਟ ਵਿਊ ਦੇ ਇਕ ਸਵਾਲ ਦੇ ਜਵਾਬ ਵਿੱਚ ਕਿ ਕੀ ਐੱਸ.ਐੱਫ.ਜੇ. ਅਖੌਤੀ ਖਾਲਿਸਤਾਨ ਜਨਸੰਖਿਆ ਵਿੱਚ ਪਾਕਿਸਤਾਨ ਦੇ ਸਿੱਖ ਭਾਈਚਾਰੇ ਨੂੰ ਸ਼ਾਮਲ ਕਰੇਗੀ, ਪੰਨੂ ਨੇ ਕਿਹਾ ਕਿ ਉਹ ਅਜਿਹਾ ਨਹੀਂ ਕਰਨਗੇ ਕਿਉਂਕਿ “20,000 ਜਾਂ 25,000 ਸਿੱਖ ਉੱਥੇ ਖੁਸ਼ੀ ਨਾਲ ਰਹਿ ਰਹੇ ਹਨ ਅਤੇ ਉਹ ਪਾਕਿਸਤਾਨ ਨੂੰ ਆਪਣਾ ਘਰ ਕਹਿੰਦੇ ਹਨ।” ਐੱਸ.ਐੱਫ.ਜੇ. ਨੇ ਪਾਕਿਸਤਾਨ ਦੇ ਪੰਜਾਬ ਅਤੇ ਹੋਰ ਸੂਬਿਆਂ ਨੂੰ ਆਪਣੇ ਪ੍ਰਸਤਾਵਿਤ ਖਾਲਿਸਤਾਨ ਰਾਏਸ਼ੁਮਾਰੀ ਦੇ ਏਜੰਡੇ ਤੋਂ ਬਾਹਰ ਰੱਖਿਆ ਹੈ, ਹਾਲਾਂਕਿ ਲਾਹੌਰ ਰਣਜੀਤ ਸਿੰਘ ਦੇ ਉਸ ਸਮੇਂ ਦੇ ਸਿੱਖ ਸਾਮਰਾਜ ਦੀ ਰਾਜਧਾਨੀ ਹੁੰਦਾ ਸੀ।
ਇਸੇ ਦੌਰਾਨ, 8 ਸਤੰਬਰ ਨੂੰ ਖੈਬਰ ਪਖਤੂਨਖਵਾ ਦੇ ਬੁਨੇਰ ਜ਼ਿਲ੍ਹੇ ਵਿੱਚ ਇਕ ਪ੍ਰਦਰਸ਼ਨ ਦੌਰਾਨ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਅਤੇ ਪਾਕਿਸਤਾਨ ਪੰਚਾਇਤ ਦੇ ਸੰਗਠਨਾਂ ਨੇ ਸਿੱਧੇ ਤੌਰ ‘ਤੇ ਵਿਸ਼ਵ ਸਿੱਖ ਭਾਈਚਾਰੇ ਨੂੰ ‘ਸਾਡੀ ਬੇਟੀ ਦੀ ਰਿਹਾਈ’ ਲਈ ਉਨ੍ਹਾਂ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਜਿੱਥੇ ਵੀ ਹੋਵੇ, ਸਿੱਖ ਕੌਮ ਨੂੰ ਸਾਡੇ ਨਾਲ ਇਕਜੁਟਤਾ ਦਿਖਾਉਣੀ ਚਾਹੀਦੀ ਹੈ ਅਤੇ ਜੇਕਰ ਹੋ ਸਕੇ ਤਾਂ ਸਾਡੇ ਨਾਲ ਹੋ ਰਹੀ ਧੱਕੇਸ਼ਾਹੀ, ਜ਼ੁਲਮ ਅਤੇ ਹਮਲਿਆਂ ਦੇ ਵਿਰੋਧ ਵਿੱਚ ਪ੍ਰਦਰਸ਼ਨਾਂ ‘ਚ ਸ਼ਾਮਲ ਹੋਣਾ ਚਾਹੀਦਾ ਹੈ। ਸਾਡੀ ਧੀ ਨੂੰ ਅਗਵਾ ਕੀਤਾ ਗਿਆ, ਤਸੀਹੇ ਦਿੱਤੇ ਗਏ ਤੇ ਝੂਠੇ ਹਲਫਨਾਮਿਆਂ ਅਤੇ ਜ਼ਬਰਦਸਤੀ ਨਿਕਾਹਨਾਮੇ (ਮੁਸਲਿਮ ਵਿਆਹ ਦੇ ਇਕਰਾਰਨਾਮੇ) ‘ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ।
ਭਾਈਚਾਰੇ ਦੇ ਆਗੂਆਂ ਨੇ ਆਪਣੇ ਪਖਤੂਨ ਭਰਾਵਾਂ ਨੂੰ ਵੀ ਇਨਸਾਫ਼ ਦੀ ਲੜਾਈ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹ ਇਨਸਾਫ਼ ਲਈ ਸੰਘਰਸ਼ ਦੀ ਇਸ ਘੜੀ ਵਿੱਚ ਸਾਡੇ ਨਾਲ ਨਾ ਖੜ੍ਹੇ ਨਹੀਂ ਹੁੰਦੇ ਤਾਂ ਡਰ ਹੈ ਕਿ ਇਸ ਦੇਸ਼ ‘ਚ ਸਾਡੇ ਲਈ ਕੋਈ ਥਾਂ ਨਹੀਂ ਹੈ।” 20 ਅਗਸਤ ਨੂੰ ਦੀਨਾ ਨੂੰ ਬੁਨੇਰ ਜ਼ਿਲ੍ਹੇ ਵਿੱਚ ਉਸ ਦੇ ਘਰੋਂ ਬੰਦੂਕ ਦੀ ਨੋਕ ‘ਤੇ ਅਗਵਾ ਕਰ ਲਿਆ ਗਿਆ ਸੀ, ਜਬਰ-ਜ਼ਿਨਾਹ ਕੀਤਾ ਗਿਆ ਸੀ, ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਸੀ ਤੇ ਉਸ ਦੇ ਬਲਾਤਕਾਰੀ ਨਾਲ ਵਿਆਹ ਕਰਵਾ ਲਿਆ ਗਿਆ ਸੀ। ਪਰਿਵਾਰ ਘਰ-ਘਰ ਭਟਕਣ ਲਈ ਮਜਬੂਰ ਹੈ ਪਰ ਦੀਨਾ ਦੇ ਅਣਗਿਣਤ ਦੁੱਖਾਂ ਦੌਰਾਨ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਵਾਰਨ ਨਹੀਂ ਕੀਤਾ ਅਤੇ ਝੂਠੇ ਭਰੋਸੇ ਦਿੰਦੇ ਰਹੇ। ਸਾਰੇ ਅਧਿਕਾਰੀਆਂ ਨੇ ਸਾਨੂੰ ਪਾਕਿਸਤਾਨ ਵਿਚ ਗੁੰਮਰਾਹ ਕੀਤਾ ਹੈ। ਇਨਸਾਫ਼ ਮਿਲਣ ਤੱਕ ਸਾਡਾ ਪ੍ਰਦਰਸ਼ਨ ਜਾਰੀ ਰਹੇਗਾ।
ਯੂਐਸਸੀਆਈਆਰਐਫ ਦੀ 2022 ਦੀ ਸਾਲਾਨਾ ਰਿਪੋਰਟ ‘ਚ ਕਿਹਾ ਗਿਆ ਹੈ, “ਪਾਕਿਸਤਾਨ ਵਿੱਚ ਅਗਵਾ, ਜ਼ਬਰਦਸਤੀ ਧਰਮ ਪਰਿਵਰਤਨ, ਜਬਰ-ਜ਼ਿਨਾਹ ਅਤੇ ਜ਼ਬਰਦਸਤੀ ਵਿਆਹ ਧਾਰਮਿਕ ਘੱਟ ਗਿਣਤੀ ਔਰਤਾਂ ਅਤੇ ਬੱਚਿਆਂ, ਖਾਸ ਤੌਰ ‘ਤੇ ਈਸਾਈ, ਹਿੰਦੂ ਅਤੇ ਸਿੱਖ ਧਰਮਾਂ ਦੇ ਲਈ ਖਤਰੇ ਬਣੇ ਹੋਏ ਹਨ।” ਅਕਤੂਬਰ 2021 ਵਿੱਚ ਪਾਕਿਸਤਾਨ ‘ਚ ਇਕ ਸੰਸਦੀ ਕਮੇਟੀ ਨੇ ਘੱਟ ਗਿਣਤੀਆਂ ਨੂੰ ਜਬਰੀ ਧਰਮ ਪਰਿਵਰਤਨ ਤੋਂ ਬਚਾਉਣ ਲਈ ਇਕ ਪ੍ਰਸਤਾਵਿਤ ਬਿੱਲ ਨੂੰ ਰੱਦ ਕਰ ਦਿੱਤਾ। ਇਸ ਬਿੱਲ ਦਾ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੇ ਵੀ ਵਿਰੋਧ ਕੀਤਾ ਸੀ। ਮੈਂਬਰਾਂ ਨੇ ਦਲੀਲ ਦਿੱਤੀ ਕਿ ਗੈਰ-ਮੁਸਲਮਾਨਾਂ ਦੁਆਰਾ ਧਰਮ ਪਰਿਵਰਤਨ ਲਈ ਉਮਰ ਸੀਮਾ ਲਗਾਉਣਾ “ਇਸਲਾਮ ਅਤੇ ਪਾਕਿਸਤਾਨ ਦੇ ਸੰਵਿਧਾਨ ਦੇ ਵਿਰੁੱਧ ਹੈ।”

Comment here