ਇਸਲਾਮਾਬਾਦ- ਪਾਕਿਸਤਾਨ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਧਾਰਮਿਕ ਘੱਟਗਿਣਤੀਆਂ ਦੇ ਵਿਰੁੱਧ ਵਿਆਪਕ ਵਿਤਕਰਾ ਨਿਰੰਤਰ ਜਾਰੀ ਹੈ। ਘੱਟ ਗਿਣਤੀਆਂ ਵਿਚੋਂ ਖ਼ਾਸਕਰ ਸਿੱਖ ਭਾਈਚਾਰੇ ਪ੍ਰਤੀ ਪਾਕਿਸਤਾਨ ਦਾ ਦੋਗਲਾ ਰਵੱਈਆ ਸਮਝ ਤੋਂ ਪਰੇ ਹੈ। ਵੇਖਿਆ ਜਾਵੇ ਤਾਂ ਇਕ ਪਾਸੇ ਪਾਕਿਸਤਾਨ ਸਰਕਾਰ ਸਿੱਖਾਂ ਲਈ ਗੁਰਦੁਆਰੇ-ਇਮਾਰਤਾਂ ਸਿਰਜ ਅਤੇ ਹੋਰ ਸੁਵਿਧਾਵਾਂ ਪ੍ਰਦਾਨ ਕਰ ਕੇ ਉਨ੍ਹਾਂ ਪ੍ਰਤੀ ਸਦਭਾਵਨਾ ਅਤੇ ਹਿਫ਼ਾਜ਼ਤ ਦਾ ਮੁਜ਼ਾਹਿਰਾ ਕਰਦੀ ਹੈ ਅਤੇ ਦੂਜੇ ਪਾਸੇ ਆਪਣੇ ਵਸਨੀਕ ਸਿੱਖ ਵਪਾਰੀਆਂ, ਸਿੱਖ ਨੇਤਾਵਾਂ ਅਤੇ ਅਹਿਮ ਹਸਤੀਆਂ ਨੂੰ ਕੱਟੜਪੰਥੀਆਂ ਦੁਆਰਾ ਨਿਸ਼ਾਨਾ ਬਣਾ ਕੇ ਦਿਨ ਦਿਹਾੜੇ ਬੇਰਹਿਮੀ ਨਾਲ ਕਤਲ ਕਰਾਉਂਦੀ ਹੈ। ਅੰਦਰਖਾਤੇ ਸਿੱਖ ਅਵਾਮ ਨੂੰ ਅਸਥਿਰ ਕਰਨ ਦਾ ਪਾਕਿਸਤਾਨ ਦਾ ਇਹ ਯਤਨ ਅੱਤ ਨਿੰਦਣਯੋਗ ਹੈ। ਪਾਕਿਸਤਾਨ ’ਚ ਸਿੱਖਾਂ ਦੇ ਕਾਤਲਾਂ ਦਾ ਸਬੰਧ ਅੱਤਵਾਦੀ ਨੈੱਟਵਰਕ ਨਾਲ ਹੋਣਾ ਸਮੂਹ ਸਿੱਖ ਭਾਈਚਾਰੇ ਲਈ ਗੰਭੀਰ ਖ਼ਤਰਾ ਅਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਆਪਣੇ ਬੁੱਕਲ ’ਚ ਛੁਪਾ ਕੇ ਰੱਖੇ ਇਨ੍ਹਾਂ ਅਨਸਰਾਂ ਦੀ ਵਰਤੋਂ ਹਕੂਮਤ ਦੁਆਰਾ ਘੱਟਗਿਣਤੀਆਂ ਨੂੰ ਖਦੇੜਣ ਪ੍ਰਤੀ ਲੰਮੇ ਸਮੇਂ ਤੋਂ ਰਚੀਆਂ ਗਈਆਂ ਵਿਉਂਤਾਂ ਤੇ ਗੰਦੇ ਮਨਸੂਬਿਆਂ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਹੈ। ਹਾਲ ਹੀ ਵਿਚ ਘੱਟਗਿਣਤੀ ਸਿੱਖ ਭਾਈਚਾਰੇ ਨੂੰ ਲਕਸ਼ਿਤ ਕਤਲ ਦਾ ਨਿਸ਼ਾਨਾ ਬਣਾ ਕੇ ਹਮਲਾ ਕਰਨ ਦੇ ਕਈ ਮਾਮਲਿਆਂ ਨੇ ਸਮੁੱਚੀ ਸਿੱਖ ਕੌਮ ਨੂੰ ਗਹਿਰਾਈ ਨਾਲ ਸੋਚਣ ਲਈ ਮਜਬੂਰ ਕੀਤਾ ਹੈ। ਕੁਝ ਦਿਨ ਪਹਿਲਾਂ ਹਸਨ ਅਬਦਾਲ ਦੇ ਵਾਸੀ ਇਕ ਮਸ਼ਹੂਰ 45 ਸਾਲਾ ਸਿੱਖ ਹਕੀਮ ਸ. ਸਤਨਾਮ ਸਿੰਘ ਨੂੰ ਖ਼ੈਬਰ ਪਖਤੂਨਵਾ ਦੇ ਸ਼ਹਿਰ ਪੇਸ਼ਾਵਰ ਵਿਖੇ ਆਪਣੇ ਹੀ ਦਵਾਖ਼ਾਨੇ ਵਿਚ ਮਰੀਜ਼ਾਂ ਦਾ ਇਲਾਜ ਕਰਦੇ ਸਮੇਂ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ-ਖੋਰਾਸਾਨ ਨੇ ਲਈ, ਜਿਸ ਦਾ ਸਬੰਧ ਇਸਲਾਮਿਕ ਸਟੇਟ ਅਫ਼ਗ਼ਾਨਿਸਤਾਨ ਨਾਲ ਦੱਸਿਆ ਜਾਂਦਾ ਹੈ। ਜ਼ਾਹਿਰ ਹੈ ਦੋਸ਼ੀ ਅੱਜ ਤੱਕ ਪਕੜੇ ਨਹੀਂ ਗਏ ਜਾਂ ਫਿਰ ਇਹ ਕਹੀਏ ਕਿ ਸਰਕਾਰ ਆਪਣੇ ਅਜ਼ੀਜ਼ ਕਤਲ ਖੋਰਾਂ ਪ੍ਰਤੀ ਆਪਣਾ ਮੂੰਹ ਬੰਦ ਰੱਖਣ ਤੋਂ ਇਲਾਵਾ ਅੱਖਾਂ ਵੀ ਮਿਚੀ ਬੈਠੀ ਹੈ। ਨਤੀਜੇ ਵਜੋਂ ਪਾਕਿਸਤਾਨ ’ਚ ਸਿੱਖ ਭਾਈਚਾਰੇ ਨੂੰ ਆਪਣੀ ਜਾਨ ਦੇ ਲਾਲੇ ਪਏ ਹੋਏ ਹਨ, ਆਪਣੇ ਭਵਿੱਖ ਦੀ ਅਨਿਸ਼ਚਿਤਤਾ ਨੂੰ ਲੈ ਕੇ ਚਿੰਤਤ ਹਿੰਦੂ-ਸਿੱਖ ਵਸੋਂ ਆਪਣਾ ਘਰ-ਬਾਰ ਤਿਆਗ ਕੇ ਦੂਜੇ ਸ਼ਹਿਰਾਂ ਵਲ ਨੱਸਣ ਜਾਂ ਕੱਟੜਪੰਥੀਆਂ ਦੇ ਰਹਿਮੋ ਕਰਮ ਲਈ ਮਜਬੂਰ ਹੋ ਗਈ ਹੈ। ਪਾਕਿ ‘ਚ ਕਿਸੇ ਸਿੱਖ ਨੂੰ ਕਤਲ ਕਰਨ ਦਾ ਇਹ ਪਹਿਲਾ ਵਾਕਿਆ ਨਹੀਂ ਹੈ, ਇਸ ਤੋਂ ਪਹਿਲਾਂ ਦਰਜਨਾਂ ਸਿੱਖਾਂ ਨੂੰ ਕੱਟੜਪੰਥੀਆਂ ਵੱਲੋਂ ਬੇਰਹਿਮੀ ਨਾਲ ਮਾਰ ਦਿੱਤਾ ਗਿਆ। 2009 ਵਿਚ, ਦਿਲ ਦਹਿਲਾ ਦੇਣ ਵਾਲੀਆਂ ਖ਼ਬਰਾਂ ਸਨ ਕਿ ਤਾਲਿਬਾਨ ਨੇ ਜਜ਼ੀਆ ਟੈਕਸ ਦੀ ਅਦਾਇਗੀ ਨਾ ਕਰਨ ਦੇ ਕਾਰਨ 11 ਸਿੱਖ ਪਰਿਵਾਰਾਂ ਦੇ ਸਿਰ ਕਲਮ ਕਰ ਦਿੱਤੇ ਸਨ। ਇਸੇ ਤਰ੍ਹਾਂ ਪਾਕਿ ਤਹਿਰੀਕ-ਏ-ਇਨਸਾਫ ਦੇ ਕੌਮੀ ਅਸੈਂਬਲੀ ਮੈਂਬਰ ਸ.ਸੋਰੇਨ ਸਿੰਘ (2016 ਵਿਚ) ਅਤੇ ਇਕ ਸਿੱਖ ਭਾਈਚਾਰੇ ਦੇ ਆਗੂ ਚਰਨਜੀਤ ਸਿੰਘ (2018 ਵਿਚ) ਨੂੰ ਅੱਤਵਾਦੀਆਂ ਨੇ ਪਿਸ਼ਾਵਰ ਵਿਚ ਮਾਰ ਦਿੱਤਾ ਸੀ। 2020 ਵਿਚ, ਮਲੇਸ਼ੀਆ ਵਿਚ ਰਹਿਣ ਵਾਲੇ ਅਤੇ ਨਵਾਂ ਜੀਵਨ ਸ਼ੁਰੂ ਕਰਨ ਦੀ ਉਮੀਦ ਕਰ ਰਹੇ ਇਕ ਨੌਜਵਾਨ ਸਿੱਖ ਰਵਿੰਦਰ ਸਿੰਘ ਦੀ ਪਾਕਿ ਵਿਚ ਆਪਣੇ ਵਿਆਹ ਦੀ ਖਰੀਦਦਾਰੀ ਕਰਦੇ ਸਮੇਂ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਹੱਤਿਆ ਕਰ ਦਿੱਤੀ। ਹਿੰਸਾ ਦੇ ਇਨ੍ਹਾਂ ਵਰਤਾਰਿਆਂ ਅਤੇ ਧਮਕੀਆਂ ਕਾਰਨ ਪਾਕਿ ’ਚ ਸਿੱਖਾਂ ਦੀ ਆਬਾਦੀ ਲਗਾਤਾਰ ਘਟ ਰਹੀ ਹੈ। ਸੰਯੁਕਤ ਰਾਸ਼ਟਰ ਦੇ ਪੈਨਲ ਨੇ 2019 ‘ਚ ਆਪਣੀ 47 ਪੰਨਿਆਂ ਦੀ ਰਿਪੋਰਟ ‘ਚ ’’ਪਾਕਿ ਧਾਰਮਿਕ ਅਧੀਨ ਹਮਲਾ’’ ਸਿਰਲੇਖ ਹੇਠ ਘੱਟਗਿਣਤੀ ਆਜ਼ਾਦੀ ਨੂੰ ਖ਼ਤਰੇ ਵਿਚ ਦੱਸਿਆ ਹੈ।ਵਿਡੰਬਣਾ ਇਹ ਹੈ ਕਿ ਪਾਕਿ ’ਚ ਘੱਟਗਿਣਤੀਆਂ ਨੂੰ ਥੋੜ੍ਹੀਆਂ ਬਹੁਤ ਸੁਵਿਧਾਵਾਂ ਦਾ ਚੋਗ਼ਾ ਪਾ ਕੇ ਉਸ ਦਾ ਮੁੱਲ ਉਨ੍ਹਾਂ ਦੀ ਜਾਨ ਲੈ ਕੇ ਵਸੂਲਿਆ ਜਾ ਰਿਹਾ ਹੈ। ਹਿਤੈਸ਼ੀਪੁਣਾ ਅਤੇ ਸੁਰੱਖਿਆ ਦੇਣ ਦਾ ਢੋਂਗ ਕਰਨ ਵਾਲੀ ਪਾਕਿ ਆਪਣੀ ਨਾਕਾਬਲੀਅਤ ਅਤੇ ਗ਼ਲਤ ਨੀਤੀਆਂ ਕਰਕੇ ਵਿਸ਼ਵ ਭਰ ‘ਚ ਬੇਨਕਾਬ ਹੋ ਰਿਹਾ ਹੈ। ਹਾਲੇ ਘੱਟਗਿਣਤੀਆਂ ਨਾਲ ਪਛਾਣ, ਕਾਰੋਬਾਰ, ਸਾਖਰਤਾ, ਧਰਮ ਪਰਿਵਰਤਨ ਨੂੰ ਲੈ ਕੇ ਹੋਣ ਵਾਲੇ ਵਿਤਕਰੇ ਅੱਡ ਹਨ, ਜਿਨ੍ਹਾਂ ਦਾ ਕੋਈ ਹਿਸਾਬ – ਕਿਤਾਬ ਨਹੀਂ ਹੈ। ਬੇਕਸੂਰਾਂ ਨੂੰ ਜਾਨੋਂ ਖ਼ਤਮ ਕਰਨ ਦੀ ਪਾਕਿਸਤਾਨ ਦੀ ਇਹ ਹਮਾਕਤ ਆਉਣ ਵਾਲੇ ਸਮੇਂ ਵਿਚ ਸਿੱਖ-ਹਿੰਦੂਆਂ ਦੀ ਹੋਂਦ ਨੂੰ ਪਾਕਿ ਦੇ ਇਤਿਹਾਸ ਦੇ ਪੰਨਿਆਂ ਤੋਂ ਮਨਫ਼ੀ ਕਰ ਦੇਵੇਗੀ। ਬੇਸ਼ੱਕ ਇਸ ਅਖੌਤੀ ਪ੍ਰਾਪਤੀ ਨੂੰ ਪਾਠਕ੍ਰਮ ਦਾ ਹਿੱਸਾ ਬਣਾ ਕੇ ਪਾਕਿ ਹਕੂਮਤ ਆਪਣੇ ਕਸੀਦੇ ਪੜ੍ਹ ਕੇ ਝੂਠਾ ਮਾਣ ਮਹਿਸੂਸ ਕਰਿਆ ਕਰੇਗੀ ਪਰ ਅਸਲੀਅਤ ਤਾਂ ਉਨ੍ਹਾਂ ਪੰਨਿਆਂ ਦੀ ਧੂੜ ਵਿਚ ਕਿਤੇ ਦਫ਼ਨ ਹੋ ਕੇ ਹੋਕੇ ਭਰੇਗੀ, ਜਿਸ ਦੀ ਆਵਾਜ਼ ਸੁਣਨ ਵਾਲਾ ਦੂਰ ਦੂਰ ਤੱਕ ਕੋਈ ਨਹੀਂ ਹੋਵੇਗਾ।
ਪਾਕਿਸਤਾਨ ਚ ਵਸਦੇ ਸਿੱਖ ਲਹੂ ਦੇ ਅੱਥਰੂ ਕੇਰਨ ਨੂੰ ਮਜਬੂਰ

Comment here