ਨਵੀਂ ਦਿੱਲੀ-ਪਾਕਿਸਤਾਨ ਇਸ ਸਮੇਂ ਆਜ਼ਾਦੀ ਤੋਂ ਬਾਅਦ ਦੇ ਸਭ ਤੋਂ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਪਾਕਿਸਤਾਨ ਦਾ ਸਿਆਸੀ ਸੰਕਟ ਤਾਂ ਜਗ ਜਾਹਰ ਹੈ ਪਰ ਆਰਥਿਕ ਮੋਰਚੇ ’ਤੇ ਮਿਲ ਰਹੀਆਂ ਚੁਣੌਤੀਆਂ ਸਰਕਾਰ ਲਈ ਗਲੇ ਦੀ ਹੱਡੀ ਬਣ ਚੁੱਕੀਆਂ ਹਨ। ਭਾਰਤ ’ਚ ਮਹਿੰਗਾਈ ਦੀ ਦਰ 5 ਫੀਸਦੀ ਤੋਂ ਹੇਠਾਂ ਆ ਗਈ ਹੈ ਪਰ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ’ਚ ਮਹਿੰਗਾਈ ਦੀ ਦਰ 40 ਫੀਸਦੀ ਦੇ ਕਰੀਬ ਪੁੱਜ ਗਈ ਹੈ। ਤਾਜ਼ਾ ਅੰਕੜਿਆਂ ਮੁਤਾਬਕ ਪਾਕਿਸਤਾਨ ਦੀ ਸਾਲਾਨਾ ਮਹਿੰਗਾਈ ਮਈ ’ਚ ਸਾਲ ਦਰ ਸਾਲ ਆਧਾਰ ’ਤੇ ਰਿਕਾਰਡ 37.97 ਫੀਸਦੀ ’ਤੇ ਪੁੱਜ ਗਈ ਹੈ।
ਪਾਕਿਸਤਾਨ ਵਿਦੇਸ਼ੀ ਕਰਜ਼ੇ ਨਾਲ ਗਲੇ ਤੱਕ ਡੁੱਬਿਆ ਹੋਇਆ ਹੈ, ਉੱਥੇ ਹੀ ਉਸ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ ਹੁਣ ਨਾਮਾਤਰ ਬਚਿਆ ਹੈ। ਕਈ ਵਿਦੇਸ਼ੀ ਕਰਜ਼ੇ ਦੇ ਵਿਆਜ ਦੀਆਂ ਕਿਸ਼ਤਾਂ ਜੂਨ ’ਚ ਮੈਚਿਓਰ ਹੋ ਰਹੀਆਂ ਹਨ। ਅਜਿਹੇ ’ਚ ਪਾਕਿਸਤਾਨ ਨੂੰ ਜੇ ਛੇਤੀ ਕੋਈ ਮਦਦ ਨਾ ਮਿਲੀ ਤਾਂ ਉਸ ’ਤੇ ਡਿਫਾਲਟ ਹੋਣ ਦਾ ਵੀ ਪੂਰਾ ਖਤਰਾ ਹੈ।
ਪਾਕਿਸਤਾਨ ਦੇ ਬਿਊਰੋ ਆਫ ਸਟੈਟਿਸਟਿਕਸ ਵਲੋਂ ਜਾਰੀ ਅੰਕੜਿਆਂ ਮੁਤਾਬਕ ਅਲਕੋਹਲਿਕ ਬੈਵਰੇਜ ਅਤੇ ਤਮਾਕੂ ਦੀਆਂ ਸ਼੍ਰੇਣੀਆਂ ’ਚ ਮਹਿੰਗਾਈ ਦੀ ਦਰ 123.96 ਫੀਸਦੀ ਹੈ, ਉੱਥੇ ਹੀ ਮਨੋਰੰਜਨ ਅਤੇ ਸੰਸਕ੍ਰਿਤੀ ’ਤੇ 72.17 ਫਸੀਦੀ ਅਤੇ ਟ੍ਰਾਂਸਪੋਰਟ ’ਚ 52.92 ਫੀਸਦੀ ਦਰਜ ਕੀਤੀ ਗਈ ਸੀ। ਖੁਰਾਕ ਸਮੂਹ ’ਚ ਜਿਨ੍ਹਾਂ ਵਸਤਾਂ ਦੀਆਂ ਕੀਮਤਾਂ ਪਿਛਲੇ ਸਾਲ ਦੀ ਤੁਲਣਾ ’ਚ ਮਈ ’ਚ ਸਭ ਤੋਂ ਜ਼ਿਆਦਾ ਵਧੀਆਂ ਹਨ, ਉਹ ਸਿਗਰਟ, ਆਲੂ, ਕਣਕ ਦਾ ਆਟਾ, ਚਾਹ, ਕਣਕ, ਆਂਡੇ ਅਤੇ ਚੌਲ ਸਨ। ਗੈਰ-ਖੁਰਾਕੀ ਸ਼੍ਰੇਣੀ ’ਚ ਜਿਨ੍ਹਾਂ ਵਸਤਾਂ ਦੀਆਂ ਕੀਮਤਾਂ ’ਚ ਸਭ ਤੋਂ ਜ਼ਿਆਦਾ ਵਾਧਾ ਦੇਖਿਆ ਗਿਆ, ਇਸ ’ਚ ਕਿਤਾਬਾਂ, ਸਟੇਸ਼ਨਰੀ, ਮੋਟਰ ਈਂਧਨ, ਸਾਬਣ, ਡਿਟਰਜੈਂਟ ਅਤੇ ਮਾਚਿਸ ਸ਼ਾਮਲ ਹਨ।
ਇਸ ਤੋਂ ਪਹਿਲਾਂ ਸਾਲ-ਦਰ-ਸਾਲ ਮਹਿੰਗਾਈ ਦਾ ਉੱਚ ਫੀਸਦੀ ਅਪ੍ਰੈਲ ’ਚ 36.4 ਫੀਸਦੀ ਦਰਜ ਕੀਤਾ ਗਿਆ ਸੀ। ਸੀ. ਪੀ. ਆਈ. ਤਾਜ਼ਾ ਵਾਧੇ ਨਾਲ ਔਸਤ ਮਹਿੰਗਾਈ 11 ਮਹੀਨਿਆਂ (ਜੁਲਾਈ ਤੋਂ ਮਈ) ਵਿਚ ਇਸ ਵਿੱਤੀ ਸਾਲ ’ਚ 29.16 ਫੀਸਦੀ ਤੱਕ ਪਹੁੰਚ ਗਈ ਹੈ। ਪਾਕਿਸਤਾਨ ਨੂੰ ਆਈ. ਐੱਮ. ਐੱਫ. ਤੋਂ ਮਦਦ ਦੀ ਉਮੀਦ ਸੀ ਪਰ ਉਸ ਦੀਆਂ ਔਖੀਆਂ ਸ਼ਰਤਾਂ ਨਾ ਮੰਨਣ ਕਾਰਣ ਉੱਥੋਂ ਵੀ ਮਦਦ ਨਹੀਂ ਮਿਲ ਸਕੀ ਹੈ।
Comment here