ਲਾਹੌਰ- ਪਾਕਿਸਤਾਨ ’ਚ ਔਰਤਾਂ ਦੀ ਹਾਲਤ ਤਾਲਿਬਾਨੀ ਰਾਜ ਵਾਲੀ ਹੀ ਆਖੀ ਜਾ ਸਕਦੀ ਹੈ, ਇਥੇ ਆਜ਼ਾਦੀ ਦੇ ਜਸ਼ਨ ਦੇ ਮੌਕੇ ਇਕ ਔਰਤ ਦੇ ਨਾਲ ਭੀੜ ਵਲੋਂ ਸ਼ਰੇਆਮ ਬੇਹੱਦ ਅਭੱਦਰ ਵਿਹਾਰ ਕੀਤਾ ਗਿਆ। ਪੀੜਤ ਔਰਤ 14 ਅਗਸਤ ਨੂੰ ਆਪਣੇ ਮੋਬਾਈਲ ਫੋਨ ਨਾਲ ਮੀਨਾਰ-ਏ-ਪਾਕਿਸਤਾਨ ਦੀ ਵੀਡੀਓ ਬਣਾ ਰਹੀ ਸੀ ਤਾਂ ਕਰੀਬ 400 ਲੋਕਾਂ ਦੀ ਭੀੜ ਨੇ ਉਸ ’ਤੇ ਹਮਲਾ ਕਰ ਦਿੱਤਾ। ਔਰਤ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਤੇ ਗਹਿਣਿਆਂ ਦੇ ਨਾਲ-ਨਾਲ ਪੈਸੇ ਵੀ ਖੋਹ ਲਏ ਤੇ ਉਸ ਦੇ ਕੱਪੜੇ ਤੱਕ ਪਾੜ ਦਿੱਤੇ ਗਏ, ਉਸ ਨੂੰ ਬੁਰੀ ਤਰਾਂ ਉਛਾਲਿਆ ਗਿਆ। ਪੀੜਤਾ ਵੱਲੋਂ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਵਾਈ ਗਈ ਹੈ। ਦੱਸਿਆ ਗਿਆ ਹੈ ਕਿ ਅਚਾਨਕ ਹੀ ਕਰੀਬ 300-400 ਅਣਜਾਣ ਲੋਕਾਂ ਦੀ ਭੀੜ ਨੇ ਉਸ ’ਤੇ ਹਮਲਾ ਕਰ ਦਿੱਤਾ। ਉਸ ਨੇ ਤੇ ਉਸ ਦੇ ਛੇ ਸਾਥੀਆਂ ਨੇ ਉਸ ਭੀੜ ਤੋਂ ਬਚਣ ਦੀ ਕੋਸ਼ਿਸ਼ ਕੀਤੀ ਪਰ ਭੀੜ ਬੇਹੱਦ ਬਹੁਤ ਜ਼ਿਆਦਾ ਸੀ ਜਿਸ ਕਰਕੇ ਉਸ ਨੂੰ ਇਸ ਦਾ ਸ਼ਿਕਾਰ ਹੋਣਾ ਪਿਆ। ਹਾਲਤ ਨੂੰ ਦੇਖਦੇ ਹੋਏ ਪਾਰਕ ਦੇ ਸੁਰੱਖਿਆ ਗਾਰਡ ਨੇ ਮੀਨਾਰ-ਏ-ਪਾਕਿਸਤਾਨ ਵੱਲ ਦਾ ਰਸਤਾ ਰੋਕ ਦਿੱਤਾ। ਫਿਰ ਵੀ ਹਿੰਸਾ ’ਚ ਸ਼ਾਮਲ ਲੋਕ ਨਹੀਂ ਰੁਕੇ। ਉਸ ਭੀੜ ਨੇ ਮਹਿਲਾ ਨੂੰ ਇਸ ਤਰ੍ਹਾਂ ਧੱਕਿਆ ਕਿ ਕੱਪੜੇ ਵੀ ਪਾੜ ਦਿੱਤੇ। ਕੁਝ ਲੋਕਾਂ ਨੇ ਔਰਤ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਭੀੜ ਅੱਗੇ ਉਨ੍ਹਾਂ ਦੀ ਇਕ ਨਾ ਚੱਲੀ। ਪੀੜਤਾ ਟਿੱਕ ਟੌਕ ਤੇ ਵੀ ਕਾਫੀ ਸਰਗਰਮ ਹੈ, ਇਸ ਘਟਨਾ ਨੇ ਇਕ ਵਾਰ ਫੇਰ ਪਾਕਿਸਤਾਨ ਦੀ ਕਿਰਕਿਰੀ ਕੀਤੀ ਹੈ।
Comment here