ਅਪਰਾਧਸਿਆਸਤਖਬਰਾਂਦੁਨੀਆ

ਪਾਕਿਸਤਾਨ ਚ ਭੀੜ ਵੱਲੋਂ ਦੋ ਸ਼ੱਕੀ ਲੁਟੇਰਿਆਂ ਦੀ ਹੱਤਿਆ

ਇਸਲਾਮਾਬਾਦ— ਪਾਕਿਸਤਾਨ ਦੇ ਕਰਾਚੀ ਸ਼ਹਿਰ ‘ਚ ਲੁੱਟ-ਖੋਹ ਦੀ ਕੋਸ਼ਿਸ਼ ਦੌਰਾਨ ਇਕ ਵਿਅਕਤੀ ਨੂੰ ਕਥਿਤ ਤੌਰ ‘ਤੇ ਗੋਲੀ ਮਾਰ ਕੇ ਜ਼ਖਮੀ ਕਰਨ ਦੇ ਦੋਸ਼ ‘ਚ ਭੀੜ ਨੇ ਤਿੰਨ ਸ਼ੱਕੀ ਲੁਟੇਰਿਆਂ ‘ਚੋਂ ਦੋ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕਬਾਲ ਮਾਰਕੀਟ ਥਾਣੇ ਦੇ ਐਸਐਚਓ ਖਾਨ ਮੁਹੰਮਦ ਭੱਟੀ ਨੇ ਦੱਸਿਆ ਕਿ ਤਿੰਨੇ ਭਰਾ ਮੋਟਰਸਾਈਕਲ ’ਤੇ ਜਾ ਰਹੇ ਸਨ ਕਿ ਇਸ ਦੌਰਾਨ ਤਿੰਨ ਕਥਿਤ ਲੁਟੇਰਿਆਂ ਨੇ ਉਨ੍ਹਾਂ ਨੂੰ ਕਰਾਚੀ ਦੇ ਔਰੰਗੀ ਟਾਊਨ ‘ਚ ਰੋਕ ਲਿਆ ਅਤੇ ਕਥਿਤ ਤੌਰ ‘ਤੇ ਤਿੰਨਾਂ ਕੋਲੋਂ ਨਕਦੀ ਅਤੇ ਹੋਰ ਕੀਮਤੀ ਸਾਮਾਨ ਲੁੱਟ ਲਿਆ। ਉਸ ਨੇ ਦੱਸਿਆ ਕਿ ਜਦੋਂ ਇਨ੍ਹਾਂ ‘ਚੋਂ ਇਕ ਭਰਾ ਤਹਿਸੀਨ ਜਾਵੇਦ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼ੱਕੀ ਲੁਟੇਰਿਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਉਸ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਭਰਾਵਾਂ ਨੇ ਸ਼ੱਕੀ ਵਿਅਕਤੀਆਂ ਨੂੰ ਫੜ ਲਿਆ। ਅਤੇ ਇਸ ਦੌਰਾਨ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਤਿੰਨਾਂ ਸ਼ੱਕੀਆਂ ਦੀ ਕੁੱਟਮਾਰ ਕਰ ਦਿੱਤੀ। ਜਾਵੇਦ ਅਤੇ ਤਿੰਨ ਜ਼ਖਮੀਆਂ ਨੂੰ ਅੱਬਾਸੀ ਸ਼ਹੀਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਦੋ ਦੀ ਮੌਤ ਹੋ ਗਈ। ਭੱਟੀ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੀ ਪਛਾਣ ਤੁਰੰਤ ਨਹੀਂ ਹੋ ਸਕੀ ਹੈ ਜਦਕਿ ਤੀਜੇ ਕਥਿਤ ਲੁਟੇਰੇ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ।

Comment here