ਖਬਰਾਂਚਲੰਤ ਮਾਮਲੇਦੁਨੀਆ

ਪਾਕਿਸਤਾਨ ‘ਚ ਬੱਸ ਪਲਟੀ; 6 ਲੋਕਾਂ ਦੀ ਮੌਤ, 50 ਜ਼ਖਮੀ

ਲਾਹੌਰ-ਇਥੋਂ ਦੇ ਬਚਾਅ ਕਾਰਜ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਧਾਰਮਿਕ ਪ੍ਰੋਗਰਾਮ ਲਈ ਈਸਾਈ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਤੇਜ਼ ਰਫਤਾਰ ਬੱਸ ਇਕ ਮੋੜ ‘ਤੇ ਪਲਟ ਗਈ। ਇਸ ਹਾਦਸੇ ਵਿਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਲਾਹੌਰ ਤੋਂ ਕਰੀਬ 50 ਕਿਲੋਮੀਟਰ ਦੂਰ ਸ਼ੇਖੂਪੁਰਾ ਵਿੱਚ ਵਾਪਰਿਆ। ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਮਰੀਅਮਾਬਾਦ ‘ਚ ‘ਨੈਸ਼ਨਲ ਮਾਰੀਅਨ ਤੀਰਥ’ ‘ਤੇ ਇਕ ਧਾਰਮਿਕ ਪ੍ਰੋਗਰਾਮ ਲਈ ਈਸਾਈ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਸੀ ਜਦੋਂ ਸ਼ੇਖੂਪੁਰਾ ਦੇ ਖੰਕਾ ਡੋਗਰਾਂ ਇਲਾਕੇ ‘ਚ ਮੋੜ ਲੈਂਦੇ ਸਮੇਂ ਬੱਸ ਪਲਟ ਗਈ। ਮਰੀਅਮਾਬਾਦ ਨੂੰ ‘ਮੈਰੀ ਸਿਟੀ’ ਵਜੋਂ ਵੀ ਜਾਣਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਅਤੇ ਬਚਾਅ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਅਧਿਕਾਰੀਆਂ ਮੁਤਾਬਕ ਛੇ ਸ਼ਰਧਾਲੂਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪੰਜ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਵਿੱਚ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ। ਬੱਸ ਵਿੱਚ ਕੁੱਲ 60 ਯਾਤਰੀ ਸਵਾਰ ਸਨ। ਉਨ੍ਹਾਂ ਦੱਸਿਆ ਕਿ ਗੱਡੀ ਨੂੰ ਮੋੜਦੇ ਸਮੇਂ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਪਲਟ ਗਈ। ਪੰਜਾਬ ਦੇ ਕਾਰਜਵਾਹਕ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਹਾਦਸੇ ‘ਚ ਹੋਈਆਂ ਮੌਤਾਂ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਸਿਹਤ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

Comment here