ਸੈਮਸੰਗ ਦੇ 27 ਕਰਮਚਾਰੀ ਗ੍ਰਿਫਤਾਰ
ਇਸਲਾਮਾਬਾਦ: ਪਾਕਿਸਤਾਨ ਵਿੱਚ ਕਰਾਚੀ ਦੇ ਇੱਕ ਮਾਲ ਵਿੱਚ ਕਥਿਤ ਈਸ਼ਨਿੰਦਾ ਨੂੰ ਲੈ ਕੇ ਹੰਗਾਮਾ ਹੋਇਆ ਅਤੇ ਹਿੰਸਕ ਭੀੜ ਦੇ ਵਿਰੋਧ ਤੋਂ ਬਾਅਦ ਪੁਲਿਸ ਨੇ ਇੱਕ ਮੋਬਾਈਲ ਫੋਨ ਕੰਪਨੀ ਦੇ 27 ਕਰਮਚਾਰੀਆਂ ਨੂੰ ਹਿਰਾਸਤ ਵਿੱਚ ਲਿਆ। ਵਿਰੋਧ ਪ੍ਰਦਰਸ਼ਨ ਉਦੋਂ ਸ਼ੁਰੂ ਹੋਇਆ ਜਦੋਂ ਸਟਾਰ ਸਿਟੀ ਮਾਲ ਵਿੱਚ ਇੱਕ ‘ਵਾਈਫਾਈ ਡਿਵਾਈਸ’ ਲਗਾਇਆ ਗਿਆ ਸੀ, ਜੋ ਕਥਿਤ ਤੌਰ ‘ਤੇ ਈਸ਼ਨਿੰਦਾ ਕਰਦਾ ਸੀ। ਮੌਕੇ ‘ਤੇ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਸਾਮਾਨ ‘ਤੇ ਲੱਗੇ ਸਾਈਨ ਬੋਰਡ ਦੀ ਭੰਨਤੋੜ ਕੀਤੀ।ਪੁਲਿਸ ਅਨੁਸਾਰ ‘ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਪ੍ਰੀਡੀ ਦੇ ਐੱਸਐੱਚਓ ਨੇ ਮੌਕੇ ‘ਤੇ ਪਹੁੰਚ ਕੇ ਸਾਮਾਨ ਨੂੰ ਸਵਿੱਚ ਆਫ ਕਰ ਦਿੱਤਾ ਅਤੇ ਇਸ ਨੂੰ ਜ਼ਬਤ ਕਰ ਲਿਆ ਗਿਆ।’ ਪੁਲਿਸ ਨੇ ਡਿਵਾਈਸ ਪ੍ਰਦਾਨ ਕਰਨ ਵਾਲੇ ਸੈਮਸੰਗ ਦੇ 27 ਕਰਮਚਾਰੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਨੇ ਕਿਹਾ, “ਸੈਮਸੰਗ ਦਫ਼ਤਰ ਤੋਂ 27 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।” ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਸੰਘੀ ਜਾਂਚ ਏਜੰਸੀ (ਐਫਆਈਏ) ਦੇ ਸਾਈਬਰ ਕ੍ਰਾਈਮ ਵਿੰਗ ਦੀ ਮਦਦ ਨਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਡਿਵਾਈਸ ਨੂੰ ਸਥਾਪਤ ਕਰਨ ਲਈ ਕੌਣ ਜ਼ਿੰਮੇਵਾਰ ਸੀ। ਇਸ ਦੌਰਾਨ, ਸੈਮਸੰਗ ਇਲੈਕਟ੍ਰੋਨਿਕਸ ਨੇ ਆਪਣੇ ਦ੍ਰਿੜ ਸਟੈਂਡ ਨੂੰ ਦੁਹਰਾਇਆ ਕਿ ਉਹ ਧਾਰਮਿਕ ਮਹੱਤਤਾ ਵਾਲੇ ਸਾਰੇ ਮਾਮਲਿਆਂ ‘ਤੇ ਨਿਰਪੱਖਤਾ ਬਣਾਈ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਕਰਾਚੀ ਵਿੱਚ ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ਦੇ ਹਵਾਲੇ ਨਾਲ ਕੰਪਨੀ ਨੇ ਕਿਹਾ ਕਿ ਉਹ ਧਾਰਮਿਕ ਭਾਵਨਾਵਾਂ ਅਤੇ ਵਿਸ਼ਵਾਸਾਂ ਦਾ ਪੂਰਾ ਸਤਿਕਾਰ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵਿੱਚ ਈਸ਼ਨਿੰਦਾ ਨੂੰ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਮੰਨਿਆ ਜਾਂਦਾ ਹੈ। ਇਸ ਦੇ ਦੋਸ਼ੀ ਕੱਟੜਪੰਥੀ ਸਮੂਹਾਂ ਲਈ ਆਸਾਨ ਸ਼ਿਕਾਰ ਬਣ ਜਾਂਦੇ ਹਨ। ਪਿਛਲੇ ਸਾਲ, ਇੱਕ ਫੈਕਟਰੀ ਵਿੱਚ ਕੰਮ ਕਰਦੇ ਇੱਕ ਸ਼੍ਰੀਲੰਕਾਈ ਨਾਗਰਿਕ ਨੂੰ ਕਰਮਚਾਰੀਆਂ ਨੇ ਈਸ਼ਨਿੰਦਾ ਦੇ ਦੋਸ਼ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
Comment here