ਪੌਣੀ ਕੁ ਸਦੀ ਪਹਿਲਾਂ ਦੀ ਗੱਲ ਹੈ ਕਿ ਪਾਕਿਸਤਾਨ ਨਾਂ ਦਾ ਕੋਈ ਦੇਸ਼ ਹੁੰਦਾ ਹੀ ਨਹੀਂ ਸੀ। ਅੰਗਰੇਜ਼ ਵੇਲੇ ਹਿੰਦੁਸਤਾਨ ਦੇ ਹਿੰਦੂ ਲੀਡਰ ਅਪਣੇ ਆਪ ਬਾਰੇ ‘ਮਹਾਤਮਾ’ ਹੋਣ ਦਾ ਪ੍ਰਚਾਰ ਕਰਦੇ ਤਾਂ ਮੁਸਲਮਾਨ ਆਗੂ ਇਸ ਨੂੰ ‘ਨਾਟਕ’ ਕਹਿ ਦੇਂਦੇ। ਮੁਸਲਿਮ ਲੀਗ ਦੇ ਮਿ: ਜਿਨਾਹ ਸ਼ਰਾਬ ਪੀਂਦੇ ਅਤੇ ਸੂਰ ਦਾ ਮਾਸ ਸ਼ਰੇਆਮ ਖਾਂਦੇ (ਉਹ ਨੀਮ ਅੰਗਰੇਜ਼ ਹੀ ਸਨ) ਤੇ ਪਾਕਿਸਤਾਨ ਅਤੇ ਫਿਰ ਇਸਲਾਮ ਦਾ ਨਾਹਰਾ ਲਾਉਣ ਲੱਗ ਜਾਂਦੇ ਤਾਂ ਹਿੰਦੂ ਲੀਡਰ ਇਸ ਨੂੰ ‘ਨਾਟਕ’ ਕਹਿ ਕੇ ਮਜ਼ਾਕ ਉਡਾ ਦੇਂਦੇ। ਰੇਲਵੇ ਸਟੇਸ਼ਨਾਂ ਤੇ ‘ਹਿੰਦੂ ਰੋਟੀ’, ‘ਮੁਸਲਿਮ ਰੋਟੀ’, ‘ਹਿੰਦੂ ਪਾਣੀ’, ‘ਮੁਸਲਿਮ ਪਾਣੀ’ ਦੇ ਹੋਕੇ ਆਮ ਸੁਣਾਈ ਦੇਂਦੇ ਸਨ।ਹਿੰਦੂ ਰੇਲ ਯਾਤਰੀ ਹਿੰਦੂ ਹਾਕਰਾਂ ਕੋਲੋਂ ਹੀ ਰੋਟੀ ਪਾਣੀ ਲਿਆ ਕਰਦੇ ਸਨ ਤੇ ਮੁਸਲਿਮ ਰੇਲ ਯਾਤਰੀ ਮੁਸਲਮਾਨ ਹਾਕਰਾਂ ਤੋਂ। ਤਰਕਵਾਦੀਆਂ ਨੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਰੋਟੀ ਦੁਹਾਂ ਦੀ ਇਕੋ ਥਾਂ ਖ਼ਾਨਸਾਮੇ ਬਣਾਇਆ ਕਰਦੇ ਸਨ ਜਿਨ੍ਹਾਂ ਵਿਚ ਈਸਾਈ ਵੀ ਹੁੰਦੇ ਸਨ ਤੇ ਹਿੰਦੂ ਵੀ ਹੁੰਦੇ ਸਨ ਪਰ ਛਾਬੜੀ ਵਾਲੇ ਹਾਕਰ ਉਸੇ ਸਾਂਝੇ ਚੁਲ੍ਹੇ ਵਿਚ ਇਕੱਠੀ ਤਿਆਰ ਕੀਤੀ ਰੋਟੀ ਨੂੰ ‘ਹਿੰਦੂ ਰੋਟੀ’ ਤੇ ‘ਮੁਸਲਿਮ ਰੋਟੀ’ ਕਹਿ ਕੇ ਪੈਸੇ ਵਟਿਆ ਕਰਦੇ। ਤਰਕਵਾਦੀਆਂ ਦੀ ਨਜ਼ਰ ਵਿਚ ਇਹ ਦੋਹਾਂ ਦਾ ਰਲ ਕੇ ਖੇਡਿਆ ‘ਨਾਟਕ’ ਹੀ ਤਾਂ ਸੀ। ਚਲੋ ਦੇਸ਼ ਆਜ਼ਾਦ ਹੋ ਗਿਆ। ‘ਹਿੰਦੂ ਇੰਡੀਆ’ ਤੇ ‘ਮੁਸਲਿਮ ਪਾਕਿਸਤਾਨ’ ਦੇ ਨਾਂ ਤੇ ਦੋਹਾਂ ਦੇਸ਼ਾਂ ਵਿਚ ਖ਼ੂਬ ਕਤਲੇਆਮ ਹੋਇਆ ਤੇ ਬਰਬਾਦੀ ਹੋਈ। ਹੋਰ ਜੋ ਵੀ ਹੋਇਆ ਪਰ ਦੋਹਾਂ ਦੇਸ਼ਾਂ ਦੇ ਲੀਡਰਾਂ ਦੇ ‘ਨਾਟਕਾਂ’ ਵਿਚ ਕੋਈ ਫ਼ਰਕ ਨਾ ਆਇਆ। ਘੱਟ ਗਿਣਤੀਆਂ ਨੂੰ ਬਰਾਬਰੀ ਦਾ ਦਰਜਾ ਦੇਣ ਦੀਆਂ ਸਹੁੰਆਂ ਦੋਹਾਂ ਦੇਸ਼ਾਂ ਦੇ ਵੱਡੇ ਤੋਂ ਵੱਡੇ ਲੀਡਰਾਂ ਨੇ ਖਾਧੀਆਂ ਪਰ ਇਹ ‘ਸਹੁੰਆਂ’ ਵੀ ‘ਨਾਟਕ’ ਹੀ ਅਖਵਾਈਆਂ ਤੇ ਅੱਜ ਤਕ ਇਹ ਨਾਟਕ, ਦੁਹਾਂ ਦੇਸ਼ਾਂ ਦੀ ਹਕੀਕਤ ਨਹੀਂ ਬਣ ਸਕੇ। ਪਾਕਿਸਤਾਨ ਵਿਚ ਵੀ ਘੱਟ ਗਿਣਤੀਆਂ ਰੋਂਦੀਆਂ ਕੁਰਲਾਉਂਦੀਆਂ ਵੇਖੀਆਂ ਜਾਂਦੀਆਂ ਹਨ ਤੇ ਹਿੰਦੁਸਤਾਨ ਵਿਚ ਵੀ ਉਹ ਡਰਦੀਆਂ ਰਹਿੰਦੀਆਂ ਹਨ ਕਿ ਪਾਕਿਸਤਾਨੀ ‘ਇਸਲਾਮੀ ਜਮਹੂਰੀਆ’ ਦੀ ਤਰ੍ਹਾਂ ਇਥੇ ਵੀ ਭਾਰਤੀ ਹਿੰਦੂਤਵਾ ਨੇ ਇਕ ਦਿਨ ਛਾ ਕੇ ਰਹਿਣਾ ਹੈ ਤੇ ‘ਸੈਕੁਲਰਿਜ਼ਮ’, ਡੈਮੋਕਰੇਸੀ ਤੇ ਹੋਰ ਸੱਭ ਨਾਹਰੇ ਕਿਸੇ ਘੱਟ ਗਿਣਤੀ ਦੇ ਕੰਮ ਨਹੀਂ ਆਉਣੇ। ਦੋਹਾਂ ਦੇਸ਼ਾਂ ਦੇ ਲੀਡਰਾਂ ਦੇ ਕਿਰਦਾਰ ਵਿਚ ਫ਼ਰਕ ਦੀ ਗੱਲ ਸ਼ੁੁਰੂ ਕਰ ਕੇ ਅਸੀ ਬੀਤੇ ਸਮੇਂ ਵਿਚ ਗਵਾਚ ਗਏ ਜਦਕਿ ਗੱਲ ਕਰਨੀ ਸੀ ਅੱਜ ਦੇ ਸਮੇਂ ਦੀ। ਅੱਜ ਦੀ ਗੱਲ ਕਰੀਏ ਤਾਂ ਹਿੰਦੁਸਤਾਨ ਤੇ ਪਾਕਿਸਤਾਨ ਦੁਹਾਂ ਦੇਸ਼ਾਂ ਦੀ ਇਕ ਸੋਚ ਬੜੀ ਪੱਕੀ ਤੇ ਸਾਂਝੀ ਹੈ ਕਿ ਜੇ ਇਕ ਵਾਰ ਸੱਤਾ ਦੀ ਰਕਾਬ ਵਿਚ ਪੈਰ ਫਸ ਹੀ ਜਾਏ ਤਾਂ ਫਿਰ ਹੇਠਾਂ ਨਹੀਂ ਉਤਰਨਾ, ਭਾਵੇਂ ਉਪਰ ਬੈਠੇ ਰਹਿਣ ਲਈ ਕੁੱਝ ਵੀ ਕਿਉਂ ਨਾ ਕਰਨਾ ਪੈ ਜਾਏ। ਮਿਸਾਲ ਦੇ ਤੌਰ ’ਤੇ ਇਸ ਵੇਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਗੱਦੀਉਂ ਲਾਹੁਣ ਲਈ ਵਿਰੋਧੀ ਦਲਾਂ ਨੇ ਪੈਸਾ ਪਾਣੀ ਦੀ ਤਰ੍ਹਾਂ ਵਹਾਅ ਦਿਤਾ ਤੇ ਇਮਰਾਨ ਖ਼ਾਨ ਦੇ ਸਾਰੇ ਗਠਜੋੜੀਏ, ਇਕ ਇਕ ਕਰ ਕੇ ਉਸ ਨਾਲੋਂ ਤੋੜ ਲਏ। ਹਿੰਦੁਸਤਾਨ ਵਿਚ ਅਜਿਹਾ ਕਦੇ ਨਹੀਂ ਸੀ ਹੋ ਸਕਦਾ। ਇਥੇ ਸਰਕਾਰ ਦੀ ਖ਼ਰੀਦ ਸ਼ਕਤੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਤੇ ਜੇ ਖ਼ਰੀਦਣ ਦੀ ਲੋੜ ਪੈਂਦੀ ਤਾਂ ਹਿੰਦੁਸਤਾਨ ਦੇ ਸਾਰੇ ਵੱਡੇ ਧਨਾਢਾਂ ਨੇ ਅਪਣੀਆਂ ਤਿਜੋਰੀਆਂ ਸਰਕਾਰ ਨੂੰ ਬਚਾਉਣ ਲਈ ਖੋਲ੍ਹ ਦੇਣੀਆਂ ਸਨ। ਇਮਰਾਨ ਖ਼ਾਨ ਨੇ ਅਜਿਹਾ ਨਾ ਕੀਤਾ ਤੇ ਪਾਕਿਸਤਾਨੀ ਪਾਰਲੀਮੈਂਟ ਦੇ ਬਹੁਗਿਣਤੀ ਮੈਂਬਰ ਉਸ ਦੇ ਵਿਰੁਧ ਹੋ ਕੇ ਇਕਜੁਟ ਗਏ। ਆਖ਼ਰੀ ਪਲ ਤਕ ਇਮਰਾਨ ਖ਼ਾਨ ਨੇ ਅਪਣਾ ਤਰੁੱਪ ਦਾ ਪਤਾ ਲੁਕਾਈ ਰਖਿਆ ਤੇ ਆਖ਼ਰੀ ਵੇਲੇ ਡਿਪਟੀ ਸਪੀਕਰ ਕੋਲੋਂ ਫ਼ੈਸਲਾ ਕਰਵਾ ਦਿਤਾ ਕਿ ਅਵਿਸ਼ਵਾਸ ਦੇ ਮਤੇ ਤੇ ਵੋਟਾਂ ਨਹੀਂ ਪਵਾਈਆਂ ਜਾ ਸਕਦੀਆਂ ਕਿਉਂਕਿ ਇਸ ਦੇ ਪਿੱਛੇ ਵਿਦੇਸ਼ੀ ਤਾਕਤਾਂ, ਇਮਰਾਨ ਖ਼ਾਨ ਨੂੰ ਹਟਾ ਕੇ ਅਪਣੇ ਕਿਸੇ ਚਮਚੇ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੀਆਂ ਹਨ। ਸੋ ਇਮਰਾਨ ਖ਼ਾਨ ਨੇ ਐਲਾਨ ਕਰ ਦਿਤਾ ਕਿ ਦੇਸ਼ ਦਾ ਨੇਤਾ, ਵਿਦੇਸ਼ੀ ਤਾਕਤਾਂ ਨਹੀਂ ਚੁਣਨਗੀਆਂ ਸਗੋਂ ਪਾਕਿਸਤਾਨ ਦੇ ਲੋਕ ਚੁਣਨਗੇ। ਸੋ ਪਾਰਲੀਮੈਂਟ ਭੰਗ ਤੇ ਚੋਣਾਂ ਦੀ ਤਿਆਰੀ ਸ਼ੁਰੂ। ਇਧਰ ਜੇ ਭਾਰਤ ਵਿਚ, ਰੱਬ ਨਾ ਕਰੇ, ਕਦੇ ਪਾਕਿਸਤਾਨ ਵਰਗੀ ਹਾਲਤ ਪੈਦਾ ਹੋ ਵੀ ਜਾਂਦੀ ਤਾਂ ਪਾਰਲੀਮੈਂਟ ਦਾ ਇਜਲਾਸ ਸਵੇਰੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਅੱਧੀ ਰਾਤ ਨੂੰ ਪ੍ਰਧਾਨ ਮੰਤਰੀ ਨੇ ਟੀ.ਵੀ. ਤੋਂ ਐਲਾਨ ਕਰ ਦੇਣਾ ਸੀ ਕਿ ‘ਵਿਦੇਸ਼ੀ ਤਾਕਤਾਂ’ ਦੀ ਸਾਜ਼ਸ਼ ਦਾ ਮੂੰਹ ਤੋੜ ਜਵਾਬ ਦੇਣ ਲਈ ਮੈਂ ਰਾਸ਼ਟਰਪਤੀ ਜੀ ਨੂੰ ਪਾਰਲੀਮੈਂਟ ਭੰਗ ਕਰਨ ਦੀ ਬੇਨਤੀ ਅੱਜ ਸ਼ਾਮ ਨੂੰ ਹੀ ਕਰ ਦਿਤੀ ਸੀ ਜੋ ਉਨ੍ਹਾਂ ਨੇ ਪ੍ਰਵਾਨ ਕਰ ਕੇ ਪਾਰਲੀਮੈਂਟ ਭੰਗ ਕਰ ਦਿਤੀ ਹੈ ਤੇ ਨਵੀਆਂ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਹੁਕਮ ਜਾਰੀ ਕਰ ਦਿਤੇ ਹਨ ਤਾਕਿ ਲੋਕ,ਆਜ਼ਾਦ ਰਹਿ ਕੇ ਅਪਣਾ ਫ਼ੈਸਲਾ ਕਰਨ ਤੇ ਕਿਸੇ ਵਿਦੇਸ਼ੀ ਤਾਕਤ ਦੀ ਸਾਜ਼ਸ਼ ਨੂੰ ਕਾਮਯਾਬ ਨਾ ਹੋਣ ਦੇਣ— ਜੈ ਹਿੰਦ। ਇਮਰਾਨ ਦਾ ‘ਪਾਕਿਸਤਾਨੀ ਡਰਾਮਾ’ ਤੁਹਾਡੇ ਸਾਹਮਣੇ ਹੈ ਤੇ ਜੇ ਅਜਿਹੇ ਹਾਲਾਤ ਇਥੇ ਵੀ ਬਣ ਜਾਣ ਤਾਂ ‘ਭਾਰਤੀ ਡਰਾਮਾ’ ਕਿਹੋ ਜਿਹਾ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਹੁਣ ਤੁਸੀ ਲਗਾ ਸਕਦੇ ਹੋ। ਦੋਹਾਂ ਵਿਚ ਫ਼ਰਕ ਕੋਈ ਨਹੀਂ ਹੋਵੇਗਾ ਪਰ ‘ਹਿੰਦੂ ਰੋਟੀ’ ਤੇ ‘ਮੁਸਲਿਮ ਰੋਟੀ’ ਦੀ ਤਰ੍ਹਾਂ ਦੋਹਾਂ ਡਰਾਮਿਆਂ ਦੇ ਹੋਕੇ ਜ਼ਰੂਰ ਵੱਖ ਵੱਖ ਹੋਣੇ ਸਨ—-ਸਵਾਦ ਇਕੋ ਜਿਹਾ ਹੋਣ ਦੇ ਬਾਵਜੂਦ ਵੀ।
ਪਾਕਿਸਤਾਨੀ ਸਿਆਸੀ ਨਾਟਕ ਜਾਣਿਆ ਪਛਾਣਿਆ ਕਿਉਂ ਲਗਦੈ ਭਲਾਂ?

Comment here