ਸਿਆਸਤਖਬਰਾਂਚਲੰਤ ਮਾਮਲੇ

ਪਹਿਲੇ ਸਕੂਲ ਆਫ ਐਮੀਨੈਂਸ ‘ਤੇ ਵਿਰੋਧੀਆਂ ਨੇ ਸਰਕਾਰ ਘੇਰੀ

ਅੰਮ੍ਰਿਤਸਰ-ਪੰਜਾਬ ਵਿੱਚ ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੇ ਛੇਹਰਟਾ ਵਿੱਚ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਹੀ, ਇਸ ਉੱਤੇ ਸਿਆਸਤ ਹੋਣ ਲੱਗੀ ਹੈ। ਸਾਬਕਾ ਮੰਤਰੀ ਨੇ ਆਪ ਦੇ ਇਸ ਕੰਮ `ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਸਕੂਲ ਪਹਿਲਾਂ ਹੀ ਬਣਿਆ ਹੋਇਆ ਹੈ ਅਤੇ ਉਨ੍ਹਾਂ ਵੱਲੋਂ ਬਣਵਾਇਆ ਗਿਆ ਸੀ। ਕੇਜਰੀਵਾਲ ਸਿਰਫ ਇਸਦਾ ਉਦਘਾਟਨ ਕਰਕੇ ਝੂਠ ਬੋਲਣ ਲਈ ਆਏ ਹਨ।
ਸਕੂਲ ਆਫ ਐਮੀਨੈਂਸ ਦੇ ਉਦਘਾਟਨ ਤੋਂ ਪਹਿਲਾਂ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸਕੂਲ ਦੀ ਪਾਰਕ, ਕਮਰੇ ਅਤੇ ਲੈਬ ਉਨ੍ਹਾਂ ਵੱਲੋਂ ਐਮਐਲਏ ਰਹਿੰਦੇ ਹੋਏ ਬਣਵਾਈ ਗਈ ਸੀ। ਆਪ ਨੇਤਾ ਸਿਰਫ ਝੂਠ ਬੋਲ ਕੇ ਲੋਕਾਂ ਨੂੰ ਮੂਰਖ ਬਣਾਉਣ ਆ ਰਹੇ ਹਨ। ਰਾਜਕੁਮਾਰ ਵੇਰਕਾ ਪਹਿਲਾਂ ਕਾਂਗਰਸ ਵਿੱਚ ਸਨ। ਕੁਝ ਸਮਾਂ ਪਹਿਲਾਂ ਉਹ ਬੀਜੇਪੀ ਵਿੱਚ ਸ਼ਾਮਿਲ ਹੋਏ ਸਨ। ਵੇਰਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਕੂਲ ਵਿੱਚ ਇੱਕ ਇੱਟ ਤੱਕ ਨਹੀਂ ਲਗਵਾਈ ਗਈ। ਮੇਰੇ ਵੱਲੋਂ ਓਥੇ 35 ਕਮਰੇ ਬਣਵਾਏ ਗਏ। ਪੂਰੇ ਸਕੂਲ ਵਿੱਚ ਕੰਪਿਊਟਰ ਲਗਵਾਏ। ਵੇਰਕਾ ਨੇ ਅਖਾਣ ਰਾਹੀਂ ਆਪ ਸਰਕਾਰ `ਤੇ ਤੰਜ ਕੱਸਿਆ— ‘ਗੱਲੀ ਬਾਤੀਂ ਮੈ ਵੱਡੀ ਤੇ ਕਰਤੂਤੀਂ ਮੇਰੀ ਜਠਾਣੀ’
ਇਸ ’ਤੇ ਆਪ ਨੇਤਾ ਅਹਿਬਾਬ ਗਰੇਵਾਲ ਨੇ ਕਿਹਾ ਕਿ ਪੁਰਾਣੀਆਂ ਪਾਰਟੀਆਂ ਵਿੱਚ ਕ੍ਰੈਡਿਟ ਲੈਣ ਦਾ ਕਲਚਰ ਰਿਹਾ ਹੈ। ਕਮਰੇ ਸਰਕਾਰ ਨੇ ਬਣਵਾਏ ਸਨ ਤੇ ਲੋਕਾਂ ਦੇ ਪੈਸਿਆਂ ਨਾਲ ਬਣੇ ਸਨ। ਬੱਚਿਆਂ ਨੂੰ ਸਿੱਖਿਆ ਦਾ ਹੱਕ ਮਿਲਣਾ ਚਾਹੀਦਾ ਹੈ। ਅਜੇ ਤਾਂ ਇਸ ਕੰਮ ਦੀ ਸੁਰੂਆਤ ਹੀ ਹੋਈ ਹੈ। ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਵੇਰਕਾ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਅਹਿਬਾਬ ਗਰੇਵਾਲ ਨੇ ਕਿਹਾ ਕਿ ਅਜਿਹੇ ਸਕੂਲ ਸਾਰੇ ਪੰਜਾਬ `ਚ ਬਣ ਰਹੇ ਨੇ। ਸਰਕਾਰ ਪੰਜਾਬ ਵਿੱਚ ਸਕੂਲਾਂ ਦੇ ਪੱਧਰ ਨੂੰ ਉੱਚਾ ਚੁੱਕਣਾ ਚਾਹੁੰਦੀ ਹੈ।
ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਉੱਤੇ ਵੀਡੀਓ ਪੋਸਟ ਸਾਂਝੀ ਕਰਦੇ ਹੋਏ ਮਾਨ ਸਰਕਾਰ ਉੱਤੇ ਨਿਸ਼ਾਨੇ ਸਾਧੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪ ਸੁਪ੍ਰੀਮੋ ਦੀ ਰੈਲੀ ਨੂੰ ਲੈ ਕੇ ਸਵਾਲ ਖੜੇ ਕੀਤੇ। ਉਨ੍ਹਾਂ ਨੂੰ ਇੱਕ ਬੇਰੁਜ਼ਗਾਰ ਅਧਿਆਪਕ ਜਿਸ ਨੂੰ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ “ਭੈਣ” ਕਿਹਾ ਸੀ, ਉਸ ਨਾਲ ਕੀਤੇ ਵਾਅਦੇ ਬਾਰੇ ਯਾਦ ਕਰਵਾਇਆ। ਉਨ੍ਹਾਂ ਨੇ ਐਕਸ ਉੱਤੇ ਪੋਸਟ ਸਾਂਝੀ ਕੀਤੀ।
ਜ਼ਿਕਰਯੋਗ ਹੈ ਕਿ ਅੱਜ ਯਾਨੀ ਬੁੱਧਵਾਰ ਨੂੰ ਆਪ ਸੁਪ੍ਰੀਮੋ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿਖੇ ਛੇਹਰਟਾ ਵਿਖੇ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਹੈ। ਪੰਜਾਬ ਸਰਕਾਰ ਨੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਸਕੂਲ ਆਫ ਐਮੀਨੈਂਸ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਅੱਜ ਕੀਤੀ ਗਈ ਹੈ।

Comment here