ਖਬਰਾਂਬਾਲ ਵਰੇਸ

ਪਹਿਲਾ ਪੰਜਾਬੀ ਬੋਲਣ ਵਾਲਾ ਮਨੁੱਖੀ ਰੋਬੋਟ ਤਿਆਰ

ਭੋਗਪੁਰ-ਰੋਬੋਟਿਕਸ ਖੇਤਰ ਵਿਚ ਨਿੱਤ ਨਵੇਂ ਤਜਰਬੇ ਹੋ ਰਹੇ ਹਨ। ਇਥੋਂ ਦੇ ਪਿੰਡ ਰੋਹਜੜੀ ਦੇ ਸਰਕਾਰੀ ਹਾਈ ਸਕੂਲ ਵਿਖੇ ਕੰਪਿਊਟਰ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਹੇ ਹਰਜੀਤ ਸਿੰਘ ਨੇ ਸਰਕਾਰੀ ਸਕੂਲਾਂ ਦੀ ਸ਼ਾਨ ਵਿਚ ਇਕ ਹੋਰ ਵਾਧਾ ਕੀਤਾ ਹੈ। ਉਨ੍ਹਾਂ ਨੇ ਦਿਨ-ਰਾਤ ਇਕ ਕਰ ਕੇ ਪੰਜਾਬੀ ਬੋਲਣ ਤੇ ਸਮਝਣ ਵਾਲਾ ਦੁਨੀਆ ਦਾ ਦੂਸਰਾ ਦਸਤਾਰਧਾਰੀ ਰੋਬੋਟ ਤਿਆਰ ਕੀਤਾ ਹੈ ਜਿਸ ਦਾ ਨਾਂ ‘ਸਰਬੰਸ ਸਿੰਘ’ ਰੱਖਿਆ ਗਿਆ ਹੈ ਜਿਸ ਨੂੰ ਸਰਕਾਰੀ ਹਾਈ ਸਕੂਲ ਰੋਹਜੜੀ ਵਿਖੇ ਲਾਂਚ ਕੀਤਾ ਗਿਆ।
ਰੋਬੋਟ ਤਿਆਰ ਕਰਨ ਵਾਲੇ ਅਧਿਆਪਕ ਹਰਜੀਤ ਸਿੰਘ ਨੇ ਕਿਹਾ ਕਿ ਰੋਬੋਟਿਕਸ ਖੇਤਰ ਵਿਚ ਨਿੱਤ ਨਵੇਂ ਤਜਰਬੇ ਹੋ ਰਹੇ ਹਨ। ਮਨੁੱਖੀ ਰੋਬੋਟ ਵੀ ਇਸ ਕੜੀ ਦਾ ਹੀ ਇਕ ਹਿੱਸਾ ਹੈ। ਮਨੁੱਖੀ ਰੋਬੋਟ ਨੂੰ ਅਸੀਂ ਇੰਝ ਪਰਿਭਾਸ਼ਿਤ ਕਰ ਸਕਦੇ ਹਾਂ ਕਿ ਅਜਿਹਾ ਰੋਬੋਟ ਜੋ ਮਨੁੱਖ ਵਾਂਗ ਬੋਲ, ਤੁਰ ਅਤੇ ਕੰਮ ਕਰ ਸਕਦਾ ਹੋਵੇ। ਮੌਜੂਦਾ ਸਮੇਂ ਮਸਨੂਈ ਬੁੱਧੀ ਦੀ ਸਹਾਇਤਾ ਨਾਲ ਤਿਆਰ ਕੀਤੇ ਇਹ ਰੋਬੋਟ ਅਸਲ ਮਨੁੱਖ ਹੋਣ ਦਾ ਵੀ ਭੁਲੇਖਾ ਪਾ ਰਹੇ ਹਨ।
ਗੱਲ ਕਰਦੇ ਹਾਂ ਸਾਡੇ ਦੇਸ਼ ਭਾਰਤ ਦੀ ਤਾਂ ਸਾਡੇ ਦੇਸ਼ ਵਿਚ ‘ਮਾਨਵ’ ਰੋਬੋਟ ਨੂੰ ਦੇਸ਼ ਦਾ ਪਹਿਲਾ ਮਨੁੱਖੀ ਰੋਬੋਟ ਬਣਨ ਦਾ ਮਾਣ ਹਾਸਲ ਹੈ ਜਿਸ ਨੂੰ ਦਿਵਾਕਰ ਵੈਸ਼ ਵੱਲੋਂ ਦਸੰਬਰ 2014 ਦੇ ਅਖੀਰ ਵਿਚ ਏ-ਸੈੱਟ ਸਿਖਲਾਈ ਅਤੇ ਖੋਜ ਸੰਸਥਾਵਾਂ ਦੀ ਪ੍ਰਯੋਗਸ਼ਾਲਾ ਵਿਚ ਵਿਕਸਤ ਕੀਤਾ ਗਿਆ ਸੀ। ਹੁਣ ਆ ਜਾਓ ਆਪਣੇ ਪੰਜਾਬ ਵੱਲ ਤਾਂ 2020 ਵਿਚ ਸਰਕਾਰੀ ਸਕੂਲ ਵਿਚ ਕੰਪਿਊਟਰ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਹਰਜੀਤ ਸਿੰਘ ਨੇ ਪਹਿਲਾ ਪੰਜਾਬੀ ਸਮਝਣ ਅਤੇ ਬੋਲਣ ਵਾਲਾ ਮਨੁੱਖੀ ਰੋਬੋਟ ‘ਸਰਬੰਸ ਕੌਰ’ ਇਜਾਦ ਕਰਕੇ ਵੱਡਾ ਕਾਰਨਾਮਾ ਕਰ ਵਿਖਾਇਆ ਸੀ। ਹੁਣ ਉਹੀ ਹਰਜੀਤ ਸਿੰਘ ਸਾਡੇ ਪੰਜਾਬੀਆਂ ਲਈ ਇਕ ਹੋਰ ਤੋਹਫ਼ਾ ਭਾਵ ਪੰਜਾਬੀ ਲਿਖਣ ਵਾਲਾ ਪਹਿਲਾ ਮਨੁੱਖੀ ਰੋਬੋਟ ‘ਸਰਬੰਸ ਸਿੰਘ’ ਲੈ ਕੇ ਹਾਜ਼ਰ ਹੋਇਆ ਹੈ।
ਹਰਜੀਤ ਸਿੰਘ ਨੇ ‘ਸਰਬੰਸ ਸਿੰਘ’ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ‘ਸਰਬੰਸ ਸਿੰਘ’ ਪਹਿਲਾ ਪੰਜਾਬੀ ਸਮਝਣ, ਬੋਲਣ ਅਤੇ ਲਿਖ ਸਕਣ ਵਾਲਾ ਮਨੁੱਖੀ ਰੋਬੋਟ ਹੋਵੇਗਾ ਜਿਸ ਵਿਚ ਵਰਣਮਾਲਾ ਤੇ ਬਹੁਤਾਤ ਅੱਖਰ ‘ਸਰਬੰਸ ਸਿੰਘ’ ਲਿਖ ਸਕਦਾ ਹੈ ਪਰ ਘੁਮਾਓਦਾਰ ਜਾਂ ਜਿਨ੍ਹਾਂ ਅੱਖਰਾਂ ਵਿਚ ਹੱਥ ਚੁੱਕਣ ਦੀ ਲੋੜ ਹੈ, ਉਨ੍ਹਾਂ ਵਿਚ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਬੋਟ ਸਰਬੰਸ ਸਿੰਘ ਦੋ ਅੱਖਰਾਂ ਦੇ ਜੋੜ ਵਾਲੇ ਸ਼ਬਦ ਵੀ ਬਾਖ਼ੂਬੀ ਲਿਖ ਲੈਂਦਾ ਹੈ ਜਦਕਿ ਤਿੰਨ ਅੱਖਰੀ ਜਾਂ ਇਸ ਤੋਂ ਵੱਧ ਜਿਵੇ ਵਾਕ ਲਿਖਣ ਉਪਰ ਅਜੇ ਕੰਮ ਜਾਰੀ ਹੈ ਤੇ ਕੋਸ਼ਿਸ਼ ਹੈ ਕਿ ਬਹੁਤ ਜਲਦ ਅਜਿਹਾ ਕਰਨ ਵਿਚ ਕਾਮਯਾਬ ਹੋਵੇਗਾ। ਸਰਬੰਸ ਸਿੰਘ ਲਿਖਣ ਲਈ ਆਪਣੇ ਸੱਜੇ ਹੱਥ ਦੀ ਵਰਤੋਂ ਕਰਦਾ ਹੈ। ਇਸ ਰੋਬੋਟ ਨੂੰ ਆਵਾਜ਼ ਹਰਜੀਤ ਸਿੰਘ ਨੇ ਖ਼ੁਦ ਦਿੱਤੀ ਹੈ।
ਹਰਜੀਤ ਸਿੰਘ ਨੇ ਦੱਸਿਆ ਕਿ ਇਸ ਰੋਬੋਟ ਨੂੰ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ‘ਚ ਸਹਾਇਤਾ ਮਿਲੇਗੀ। ਹੋਰਨਾਂ ਦੇਸ਼ਾਂ ਦੇ ਮੁਕਾਬਲੇ ਇਸ ਰੋਬੋਟ ਨੂੰ ਬਹੁਤ ਹੀ ਘੱਟ ਖ਼ਰਚੇ ਨਾਲ ਤਿਆਰ ਕੀਤਾ ਗਿਆ ਹੈ। ਇਸ ਨੂੰ ਤਿਆਰ ਕਰਨ ਵਿਚ ਘਰੇਲੂ ਵਸਤਾਂ ਜਿਵੇਂ ਬੱਚਿਆਂ ਦੇ ਖਿਡੌਣੇ, ਕਾਪੀਆਂ ਦੇ ਕਵਰ, ਗੱਤਾ, ਪਲੱਗ, ਬਿਜਲੀ ਦੀਆਂ ਤਾਰਾਂ ਆਦਿ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਸਿੱਖਿਆ ਵਿਭਾਗ, ਪਰਿਵਾਰ ਦੇ ਨਾਲ-ਨਾਲ ਸਕੂਲ ਦੀ ਮੁੱਖ ਅਧਿਆਪਕਾ ਸੁਖਜੀਤ ਕੌਰ ਸਮੇਤ ਸਮੁੱਚੇ ਸਟਾਫ ਨੇ ਬਹੁਤ ਸਹਿਯੋਗ ਦਿੱਤਾ ਹੈ।

Comment here