ਅਪਰਾਧਸਿਆਸਤਖਬਰਾਂਖੇਡ ਖਿਡਾਰੀ

ਪਹਿਲਵਾਨ ਸਾਕਸ਼ੀ ਨੇ ਜਥੇਦਾਰ ਤੋਂ ਮੰਗਿਆ ਸਿੱਖ ਕੌਮ ਦਾ ਸਮਰਥਨ

ਬਠਿੰਡਾ-ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਰਹੇ ਸੰਸਦ ਮੈਂਬਰ ਬ੍ਰਿਜਭੂਸ਼ਨ ਸਿੰਘ ਖਿਲਾਫ ਸਰੀਰਕ ਸ਼ੋਸ਼ਣ ਦੇ ਕਥਿਤ ਦੋਸ਼ਾਂ ਤਹਿਤ ਪਿਛਲੇ ਕਰੀਬ 4 ਹਫਤਿਆਂ ਤੋਂ ਇਨਸਾਫ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ ਮੰਤਰ ਵਿਖੇ ਸੰਘਰਸ਼ ਕਰ ਰਹੇ ਪਹਿਲਵਾਨਾਂ ਲਈ ਸਿੱਖ ਸਮਾਜ ਤੋਂ ਸਮਰਥਨ ਦੀ ਮੰਗ ਤਹਿਤ ਅੱਜ ਓਲੰਪਿਕ ਵਿੱਚ ਕੁਸ਼ਤੀ ਦੀ ਪਹਿਲੀ ਤਮਗ਼ਾ ਜੇਤੂ ਭਾਰਤੀ ਪਹਿਲਵਾਨ, ਪਦਮਸ਼੍ਰੀ ਸਾਕਸ਼ੀ ਮਲਿਕ ਨੇ ਦਮਦਮਾ ਸਾਹਿਬ ਪੁੱਜ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਦਿਆਂ ਸੰਘਰਸ਼ ਲਈ ਸਹਿਯੋਗ ਦੀ ਮੰਗ ਕੀਤੀ।
ਆਪਣੇ ਪਤੀ ਸੱਤਿਆਵਰਤ ਨਾਲ ਦਮਦਮਾ ਸਾਹਿਬ ਪੁੱਜੀ ਕੌਮਾਂਤਰੀ ਪਹਿਲਵਾਨ ਸਾਕਸ਼ੀ ਮਲਿਕ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਵੱਲੋਂ ਬੀਤੇ 32 ਦਿਨਾਂ ਤੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਕੀਤੇ ਜਾ ਰਹੇ ਸੰਘਰਸ਼ ਦੇ ਕਾਰਨਾਂ ਅਤੇ ਸਮੁੱਚੇ ਪਹਿਲਵਾਨਾਂ ਦੀਆਂ ਮੰਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸਮੁੱਚੇ ਪਹਿਲਵਾਨਾਂ ਦੀ ਇਸ ਮੰਗ ਤੋਂ ਵੀ ਜਾਣੂੰ ਕਰਵਾਇਆ ਕਿ ਉਹ ਸਿੱਖ ਕੌਮ ਦੇ ਨਾਂ ਇੱਕ ਅਪੀਲ ਜਾਰੀ ਕਰਨ ਤਾਂਕਿ ਸਮੁੱਚਾ ਸਿੱਖ ਜਗਤ ਉਨ੍ਹਾਂ ਦੇ ਸੰਘਰਸ਼ ਦੀ ਹਿਮਾਇਤ ਵਿੱਚ ਆਵੇ।
ਮੁਲਾਕਾਤ ਉਪਰੰਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਵਾਨਾਂ ਦੇ ਸੰਘਰਸ਼ ਦੀ ਹਿਮਾਇਤ ਕਰਦਿਆਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਕਿਉਂਕਿ ਹੁਣ ਸੰਘਰਸ਼ ਦੇਸ਼ ਦੀਆਂ ਬੇਟੀਆਂ ਦਾ ਬਣ ਚੁੱਕਾ ਹੈ। ਇਸ ਲਈ ਸਮੁੱਚੀ ਸਿੱਖ ਸੰਗਤ ਸੰਘਰਸ਼ਸ਼ੀਲ ਪਹਿਲਵਾਨਾਂ ਦੀ ਹਰ ਪੱਖੋਂ ਬਣਦੀ ਮਦੱਦ ਕਰੇ। ਸਿੰਘ ਸਾਹਿਬ ਨੇ ਇਸ ਮੌਕੇ ਕੇਂਦਰ ਸਰਕਾਰ ਨੂੰ ਵੀ ਕਿਹਾ ਕਿ ਉਹ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਦਿਖਾਵੇ ਅਤੇ ਮਾਮਲੇ ਨੂੰ ਜਲਦ ਹੱਲ ਕਰ ਕੇ ਪੀੜਿਤ ਪਹਿਲਵਾਨ ਬੇਟੀਆਂ ਲਈ ਇਨਸਾਫ ਯਕੀਨੀ ਬਣਾਵੇ।ਸਿੰਘ ਸਾਹਿਬ ਨੇ ਦੇਸ਼ ਦੀ ਝੋਲੀ ਵਿੱਚ ਤਗਮੇ ਪਾਉਣ ਵਾਲੀ ਸਾਕਸ਼ੀ ਮਲਿਕ ਅਤੇ ਉਸਦੇ ਪਤੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।ਦੱਸ ਦਈਏ ਕਿ ਪਹਿਲਵਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਹਨ। ਐਫਆਈਆਰ ਦਰਜ ਹੋਣ ਦੇ ਬਾਵਜੂਦ ਧਰਨਾ ਜਾਰੀ ਹੈ ਕਿਉਂਕਿ ਪ੍ਰਦਰਸ਼ਨਕਾਰੀਆਂ ਦਾ ਮੰਨਣਾ ਹੈ ਕਿ ਸਿਆਸੀ ਪ੍ਰਭਾਵ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਵਰਨਣਯੋਗ ਹੈ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਕੀਤੀ ਗਈ ਸ਼ਿਕਾਇਤ ‘ਤੇ ਕਾਰਵਾਈ ਨਾ ਕਰਨ ਨੂੰ ਲੈ ਕੇ 23 ਅਪ੍ਰੈਲ ਤੋਂ ਪਹਿਲਵਾਨ ਜੰਤਰ-ਮੰਤਰ ‘ਤੇ ਧਰਨੇ ‘ਤੇ ਬੈਠੇ ਸਨ। ਦਿੱਲੀ ਮਹਿਲਾ ਕਮਿਸ਼ਨ ਨੇ ਵੀ ਐਫਆਈਆਰ ਦੀ ਮੰਗ ਨੂੰ ਲੈ ਕੇ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ।

Comment here