ਅਪਰਾਧਸਿਆਸਤਖੇਡ ਖਿਡਾਰੀ

ਪਹਿਲਵਾਨਾਂ ਨੇ ਜੰਤਰ-ਮੰਤਰ ਤੋਂ ਇੰਡੀਆ ਗੇਟ ਤੱਕ ਕੈਂਡਲ ਮਾਰਚ ਕੱਢਿਆ

ਨਵੀਂ ਦਿੱਲੀ-ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪਹਿਲਵਾਨਾਂ ਨੇ ਮੰਗਲਵਾਰ ਨੂੰ ਜੰਤਰ-ਮੰਤਰ ਤੋਂ ਇੰਡੀਆ ਗੇਟ ਤੱਕ ਕੈਂਡਲ ਮਾਰਚ ਕੱਢਿਆ। ਇਸ ਮਾਰਚ ਵਿੱਚ ਖਾਪ ਦੇ ਪ੍ਰਤੀਨਿਧ ਦੇ ਨਾਲ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਵੀ ਪਹੁੰਚੇ। ਉਨ੍ਹਾਂ ਤੋਂ ਇਲਾਵਾ ਪਾਲਮ 360 ਪਿੰਡ ਦੇ ਪ੍ਰਧਾਨ ਸੁਰਿੰਦਰ ਸੋਲੰਕੀ, ਕਾਂਗਰਸੀ ਆਗੂ ਕ੍ਰਿਸ਼ਨਾ ਪੁਨੀਆ ਸਮੇਤ ਹਜ਼ਾਰਾਂ ਲੋਕ ਮਾਰਚ ਵਿੱਚ ਸ਼ਾਮਲ ਹੋਏ। ਇਸ ਦੌਰਾਨ ਇਸ ਮਾਰਚ ਵਿੱਚ ਸ਼ਾਮਲ ਹੋਏ ਸਮਰਥਕਾਂ ਨੇ ਕੇਂਦਰ ਸਰਕਾਰ ਅਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਪਹਿਲਵਾਨ ਜੰਤਰ-ਮੰਤਰ ਪਰਤ ਗਏ। ਪ੍ਰੈਸ ਕਾਨਫਰੰਸ ਵਿੱਚ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਲੋਕਾਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ, ਜਿਸ ਕਾਰਨ ਜੰਤਰ-ਮੰਤਰ ਤੋਂ ਇੰਡੀਆ ਗੇਟ ਤੱਕ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ। ਸਾਡਾ ਇਹ ਮਾਰਚ ਆਸਾਨੀ ਨਾਲ ਸੰਪੰਨ ਹੋਇਆ ਅਤੇ ਇਸ ਲਈ ਅਸੀਂ ਦੇਸ਼ ਵਾਸੀਆਂ ਦਾ ਧੰਨਵਾਦ ਕਰਦੇ ਹਾਂ।
ਉਨ੍ਹਾਂ ਨੇ ਕਿਹਾ, ‘ਅੱਜ ਇਕ ਮਹੀਨਾ ਹੋ ਗਿਆ ਹੈ ਸਾਨੂੰ ਪ੍ਰਦਰਸ਼ਨ ਕਰਦੇ ਹੋਏ, ਪਰ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ। ਇਹ ਲੜਾਈ ਸਿਰਫ਼ ਸਾਡੀ ਹੀ ਨਹੀਂ, ਪੂਰੇ ਦੇਸ਼ ਦੀਆਂ ਧੀਆਂ ਦੀ ਹੈ। ਜੇਕਰ ਸਾਨੂੰ ਇਨਸਾਫ਼ ਮਿਲ ਗਿਆ ਤਾਂ ਸਮਝੋ ਉਨ੍ਹਾਂ ਸਾਰੀਆਂ ਧੀਆਂ ਨੂੰ ਇਨਸਾਫ਼ ਮਿਲੇਗਾ, ਜਿਨ੍ਹਾਂ ਨਾਲ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ। ਵਿਨੇਸ਼ ਫੋਗਾਟ ਨੇ ਅੱਗੇ ਦੱਸਿਆ ਕਿ ਆਉਣ ਵਾਲੀ 28 ਮਈ ਨੂੰ ਨਵੇਂ ਸੰਸਦ ਭਵਨ ਦੇ ਸਾਹਮਣੇ ਔਰਤਾਂ ਦੀ ਮਹਾਪੰਚਾਇਤ ਹੋਵੇਗੀ। ਸਾਡੀਆਂ ਖਾਪ ਪੰਚਾਇਤਾਂ ਨਾਲ ਗੱਲਬਾਤ ਚੱਲ ਰਹੀ ਹੈ ਕਿ ਸਾਡੀ ਭਵਿੱਖੀ ਰਣਨੀਤੀ ਕੀ ਹੋਵੇਗੀ। ਜੋ ਵੀ ਫੈਸਲਾ ਹੋਵੇਗਾ, ਅਸੀਂ ਉਸ ਅਨੁਸਾਰ ਹੀ ਅੱਗੇ ਵਧਾਂਗੇ।
ਇਸ ਮੌਕੇ ਪਹਿਲਵਾਨ ਬਜਰੰਗ ਪੁਨੀਆ ਨੇ ਕਿਹਾ ਕਿ ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ ਸਾਡਾ ਧਰਨਾ ਜਾਰੀ ਰਹੇਗਾ | ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ, ਇਹ ਦੇਸ਼ ਦੀਆਂ ਧੀਆਂ ਦੀ ਲੜਾਈ ਹੈ, ਜਿਸ ਵਿੱਚ ਤੁਹਾਨੂੰ ਸਾਰਿਆਂ ਨੂੰ ਸਾਡਾ ਸਾਥ ਦੇਣਾ ਹੋਵੇਗਾ ਤਾਂ ਜੋ ਸਾਨੂੰ ਇਨਸਾਫ਼ ਮਿਲ ਸਕੇ। ਸਾਨੂੰ ਇਨਸਾਫ਼ ਦਿਵਾਉਣ ਲਈ ਜੰਤਰ-ਮੰਤਰ ਤੋਂ ਇੰਡੀਆ ਗੇਟ ਤੱਕ ਮਾਰਚ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਸਾਡੇ ਅੰਦੋਲਨ ਦਾ ਇੱਕ ਮਹੀਨਾ ਪੂਰਾ ਹੋਣ ਤੋਂ ਬਾਅਦ ਵੀ ਸਾਨੂੰ ਇਨਸਾਫ਼ ਮਿਲਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ।

Comment here