ਸਿਆਸਤਖਬਰਾਂਚਲੰਤ ਮਾਮਲੇ

ਪਹਿਲਗਾਮ ਚ ਆਈਟੀਬੀਪੀ ਜਵਾਨਾਂ ਦੀ ਬੱਸ ਹਾਦਸੇ ਦਾ ਸ਼ਿਕਾਰ, 7 ਸ਼ਹੀਦ

ਪਹਿਲਗਾਮ-ਜੰਮੂ ਕਸ਼ਮੀਰ ’ਚ ਸ੍ਰੀ ਅਮਰਨਾਥ ਯਾਤਰਾ ਦੌਰਾਨ ਡਿਊਟੀ ਨਿਭਾਅ ਕੇ ਪਰਤ ਰਹੀ ਆਈਟੀਬੀਪੀ ਦੇ ਜਵਾਨਾਂ ਨਾਲ ਭਰੀ ਬੱਸ  ਪਹਿਲਗਾਮ ਨਜਦੀਕ ਹਾਦਸੇ ਦਾ ਸ਼ਿਕਾਰ ਹੋ ਗਈ। ਪਹਿਲਗਾਮ ਨੇੜੇ ਬਰੇਕ ਫੇਲ ਹੋਣ ਕਰਕੇ ਪਲਟੀ ਬੱਸ ਦੇ ਹਾਦਸੇ ਵਿੱਚ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ 7 ਜਵਾਨ ਸ਼ਹੀਦ ਹੋ ਗਏ ਜਦਕਿ 35 ਹੋਰ ਜ਼ਖ਼ਮੀ ਹੋ ਗਏ। ਜੰਮੂ-ਕਸ਼ਮੀਰ ਪੁਲਿਸ ਦੇ ਦੋ ਜਵਾਨ ਵੀ ਜ਼ਖ਼ਮੀਆਂ ਵਿੱਚ ਸ਼ਾਮਲ ਹਨ।  ਜ਼ਖਮੀਆਂ ‘ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਅਨੰਤਨਾਗ ਦੇ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਸਾਰੇ ਜਵਾਨ ਸਾਲਾਨਾ ਅਮਰਨਾਥ ਯਾਤਰਾ ਦੇ ਸਫਲ ਆਯੋਜਨ ਲਈ ਯਾਤਰਾ ਰੂਟ ‘ਤੇ ਤਾਇਨਾਤ ਸਨ। ਮ੍ਰਿਤਕਾਂ ਦੀ ਪਛਾਣ ਹੈੱਡ ਕਾਂਸਟੇਬਲ ਦੁਲਾ ਸਿੰਘ ਪੰਜਾਬ ਤਰਨਤਾਰਨ, ਬਿਹਾਰ ਲਖੀਸਰਾਏ ਕਾਂਸਟੇਬਲ ਅਭਿਰਾਜ, ਉੱਤਰ ਪ੍ਰਦੇਸ਼ ਇਜਾਵਾ ਕਾਂਸਟੇਬਲ ਅਮਿਤ ਕੇ, ਆਂਧਰਾ ਪ੍ਰਦੇਸ਼ ਕਡੱਪਾ ਕਾਂਸਟੇਬਲ ਡੀ ਰਾਜ ਸ਼ੇਖਰ, ਰਾਜਸਥਾਨ ਸੀਕਰ ਕਾਂਸਟੇਬਲ ਸੁਭਾਸ਼ ਸੀ ਬੇਰਵਾਲ, ਉੱਤਰਾਖੰਡ ਪਿਥੌਰਾਗੜ੍ਹ ਦੇ ਕਾਂਸਟੇਬਲ ਦਿਨੇਸ਼ ਅਤੇ ਜੰਮੂ ਕਸ਼ਮੀਰ ਦੇ ਕਾਂਸਟੇਬਲ ਸੰਦੀਪ ਕੁਮਾਰ ਵਜੋਂ ਹੋਈ ਹੈ।

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਨਿਹਾਲਾ ਜੈ ਸਿੰਘ ਦਾ ਜਵਾਨ ਦੁੱਲਾ ਸਿੰਘ ਪੁੱਤਰ ਬੂਟਾ ਸਿੰਘ ਵੀ ਸ਼ਹੀਦ ਹੋ ਗਿਆ ਹੈ। ਬਾਅਦ ਦੁਪਹਿਰ ਜਿਵੇਂ ਹੀ ਉਸਦੀ ਮੌਤ ਦੀ ਖਬਰ ਘਰ ਪੁੱਜੀ ਤਾਂ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਵੇਖਦੇ ਹੀ ਵੇਖਦੇ ਸਮੁੱਚਾ ਪਿੰਡ ਦੁੱਖ ਸਾਂਝਾ ਕਰਨ ਲਈ ਜਵਾਨ ਦੇ ਘਰ ਜੁੜਨਾ ਸ਼ੁਰੂ ਹੋ ਗਿਆ। ਪਿੰਡ ਮਨਿਹਾਲਾ ਜੈ ਸਿੰਘ ਵਿਖੇ ਸ਼ਹੀਦ ਦੇ ਘਰ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁੱਲਾ ਸਿੰਘ 1993 ’ਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਇੰਡੋ ਤਿੱਬਤੀਅਨ ਬਾਰਡਰ ਪੁਲਿਸ ਦੀ 64 ਬਟਾਲੀਅਨ ਵਿਚ ਬਤੌਰ ਹਵਲਦਾਰ ਸੇਵਾਵਾਂ ਨਿਭਾਅ ਰਿਹਾ ਸੀ। ਉਨ੍ਹਾਂ ਦੀ ਬਟਾਲੀਅਨ ਕਸ਼ਮੀਰ ਵਿਖੇ ਸ੍ਰੀ ਅਮਰਨਾਥ ਯਾਤਰਾ ਦੌਰਾਨ ਡਿਊਟੀ ’ਤੇ ਗਈ ਸੀ ਅਤੇ ਵਾਪਸੀ ਸਮੇਂ ਪਹਿਲਗਾਮ ਨਜਦੀਕ ਬੱਸ ਨੂੰ ਹਾਦਸਾ ਵਾਪਰ ਗਿਆ। ਦੁੱਲਾ ਸਿੰਘ ਆਪਣੇ ਪਿੱਛੇ ਪਤਨੀ ਜਗਦੀਪ ਕੌਰ, ਪੁੱਤਰ ਤੀਰਥਪਾਲ ਸਿੰਘ ਅਤੇ ਪੁੱਤਰੀਆਂ ਰਮਨਦੀਪ ਕੌਰ ਤੇ ਪਵਨਦੀਪ ਕੌਰ ਛੱਡ ਗਿਆ ਹੈ। ਸ਼ਹੀਦ ਦੇ ਭਰਾ ਨੇ ਦੱਸਿਆ ਕਿ ਪਹਿਲਾਂ ਹਾਦਸੇ ਸਬੰਧੀ ਖਬਰ ਆਈ ਸੀ ਅਤੇ ਫਿਰ ਬਾਅਦ ਦੁਪਹਿਰ ਦੁੱਲਾ ਸਿੰਘ ਦੇ ਸ਼ਹੀਦ ਹੋਣ ਸਬੰਧੀ ਸੂਚਨਾ ਮਿਲਣ ’ਤੇ ਸਮੁੱਚਾ ਪਰਿਵਾਰ ਸਦਮੇ ਵਿਚ ਹੈ।

Comment here