ਸਾਹਿਤਕ ਸੱਥ

ਪਹਿਰਾ ਰਾਤ ਦਾ…

ਮੁੱਕਣ ਤੇ ਆਇਆ ਸਾਥੀਉ
ਅਜ ਪਹਿਰਾ ਰਾਤ ਦਾ ।
ਕਿਰਨਾਂ ਨੇ ਮੱਥਾ ਰੰਗਿਆ
ਹੈ ਕਾਇਨਾਤ ਦਾ ।

ਧਰਤੀ ਤੇ ਪੈਣ ਸਾਰ ਹੀ
ਕਿਰਨਾਂ ਨੇ ਖਾਧੀ ਸੌਂਹ,
ਜਗ ਤੋਂ ਹੈ ਬੀ ਮਿਟਾਉਣਾ
ਨ੍ਹੇਰੇ ਦੀ ਜ਼ਾਤ ਦਾ ।

‘ਬਾਲੂ ਦੀ ਭੀਤ’ ਵਾਂਗਰਾਂ
ਢਹਿ ਢੇਰੀ ਹੋ ਗਿਆ,
ਰਾਕਸ਼ ਨੇ ਜੋ ਬਣਾਇਆ ਸੀ
ਗੜ ਈਸਪਾਤ ਦਾ ।

ਚਿੜੀਆਂ ਨੇ ਕੀਤਾ ਬਾਜ਼ ਨੂੰ
ਬੇਬਸ ਅਤੇ ਲਚਾਰ,
ਨਕਸ਼ਾ ਬਣਾਇਆ ਪੈਦਲਾਂ
ਅਜ ਸ਼ਾਹ ਮਾਤ ਦਾ ।

ਅਸਮਾਨਾਂ ਤੇ ਨਾ ਹੋਏਗੀ
ਅੱਗੋਂ ਰਿਜ਼ਕ ਦੀ ਵੰਡ,
ਮਜ਼ਦੂਰਾਂ ਹੱਥੀਂ ਲੈ ਲਿਆ
ਕਿੱਤਾ ਬਿਰਾਤ ਦਾ ।

ਦਾਰੂ ਦੇ ਵਾਂਗ ਜਗ ਪਈ
ਮੁੜ ਕਿਰਤੀਆਂ ਦੀ ਅੱਖ,
ਸ਼ੁਅਲੇ ਦੇ ਵਾਂਗ ਮੱਘ ਪਿਆ
ਫਿਰ ਮੂੰਹ ਹਯਾਤ ਦਾ ।

ਨਿਰਵਾਨ ਅਤੇ ਮੋਖ ਦੇ
ਰਾਹਾਂ ਤੇ ਹੋ ਖ਼ਵਾਰ,
ਕਿਰਤੀ ਨੇ ਅੰਤ ਲਭ ਲਿਆ
ਰਸਤਾ ਨਜਾਤ ਦਾ ।

-ਪ੍ਰੋ. ਮੋਹਨ ਸਿੰਘ

Comment here