ਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਪਸ਼ੂਆਂ ‘ਚ ਮੁੜ ਫੈਲਣ ਲੱਗਾ ਲੰਪੀ ਵਾਇਰਸ, ਐਡਵਾਇਜ਼ਰੀ ਜਾਰੀ

ਨਵੀਂ ਦਿੱਲੀ-ਪਸ਼ੂਆਂ ਵਿਚ ਲੰਪੀ ਵਾਇਰਸ ਇਕ ਵਾਰ ਫਿਰ ਤੇਜ਼ੀ ਨਾਲ ਫੈਲ ਰਿਹਾ ਹੈ। ਮਈ ਦੇ ਮਹੀਨੇ, ਯਾਨੀ ਦੋ ਹਫ਼ਤਿਆਂ ਵਿੱਚ ਹੀ ਕਰੀਬ 10,000 ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਮਾਮਲੇ ਖਾਸ ਕਰਕੇ ਮਹਾਰਾਸ਼ਟਰ, ਉੱਤਰਾਖੰਡ, ਕਰਨਾਟਕ ਅਤੇ ਸਿੱਕਮ ਰਾਜਾਂ ਤੋਂ ਸਾਹਮਣੇ ਆਏ ਹਨ। ਕੇਂਦਰ ਸਰਕਾਰ ਵੀ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ। ਕੇਂਦਰੀ ਪਸ਼ੂ ਪਾਲਣ ਮੰਤਰਾਲੇ ਨੇ ਹਾਲ ਹੀ ਵਿੱਚ ਸਾਹਮਣੇ ਆਏ ਤਾਜ਼ਾ ਕੇਸਾਂ ਦੇ ਸਬੰਧ ਵਿੱਚ ਰਾਜਾਂ ਨਾਲ ਸਮੀਖਿਆ ਮੀਟਿੰਗ ਵੀ ਕੀਤੀ ਹੈ ਅਤੇ ਪਾਇਆ ਹੈ ਕਿ ਦੋ ਹਫ਼ਤਿਆਂ ਦੌਰਾਨ ਇਸ ਚਮੜੀ ਰੋਗ ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦੇ ਬਾਵਜੂਦ ਸਥਿਤੀ ਕਾਬੂ ਹੇਠ ਹੈ। ਮੰਤਰਾਲੇ ਨੇ ਸਲਾਹ ਦਿੱਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ। ਇਸ ਲਈ ਟੀਕਾਕਰਨ ਵਧਾਉਣ ਲਈ ਆਖਿਆ ਗਿਆ ਹੈ। ‘ਦਿ ਹਿੰਦੂ’ ਵਿਚ ਛਪੀ ਰਿਪੋਰਟ ਮੁਤਾਬਕ ਰਾਜਾਂ ਨਾਲ ਬੈਠਕ ਕਰਨ ਤੋਂ ਬਾਅਦ ਪਸ਼ੂ ਪਾਲਣ ਮੰਤਰਾਲੇ ਦੇ ਅਧਿਕਾਰੀਆਂ ਅਤੇ ਵਿਗਿਆਨੀਆਂ ਨੇ ਕਿਹਾ ਕਿ ਇਹ ਇਨਫੈਕਸ਼ਨ ਪਿਛਲੇ ਸਾਲ ਵਾਂਗ ਛੂਤਕਾਰੀ ਨਹੀਂ ਹੈ। ਪਸ਼ੂ ਪਾਲਣ ਕਮਿਸ਼ਨਰ ਅਭਿਜੀਤ ਮਿੱਤਰਾ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਪਿਛਲੇ ਸਾਲ ਚਲਾਈ ਗਈ ਸੀ। ਇਸ ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਸਾਲ ਦੇ ਮੁਕਾਬਲੇ, ਟੀਕਾਕਰਨ ਦੁਆਰਾ ਦਿੱਤੀ ਗਈ ਸੁਰੱਖਿਆ ਕਾਰਨ ਘੱਟ ਕੇਸ ਦਰਜ ਕੀਤੇ ਗਏ ਹਨ।
ਮੀਟਿੰਗ ਦੌਰਾਨ, ਮੰਤਰਾਲੇ ਨੇ ਰਾਜਾਂ ਨੂੰ ਟੀਕਾਕਰਨ ਮੁਹਿੰਮ ਵਿੱਚ ਤੇਜ਼ੀ ਲਿਆਉਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਹੁਣ ਤੱਕ ਲਗਭਗ 9 ਕਰੋੜ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਰਿਕਵਰੀ ਰੇਟ 94% ਤੋਂ ਉੱਪਰ ਹੈ। ਕੇਂਦਰ ਨੇ ਮਾਰਚ ਵਿੱਚ ਇੱਕ ਸਰਕੂਲਰ ਜਾਰੀ ਕਰਕੇ ਮਾਨਸੂਨ ਤੋਂ ਪਹਿਲਾਂ ਟੀਕਾਕਰਨ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਸੀ। ਡਾ: ਮਿੱਤਰਾ ਨੇ ਦੱਸਿਆ ਕਿ ਟੀਕਿਆਂ ਨੇ ਪਸ਼ੂਆਂ ਨੂੰ ਇਸ ਬਿਮਾਰੀ ਦੀ ਪਕੜ ਤੋਂ ਬਚਾਇਆ ਹੈ | ਮੰਤਰਾਲੇ ਦਾ ਕਹਿਣਾ ਹੈ ਕਿ ਟੀਕਾਕਰਣ ਤੋਂ ਬਿਨਾਂ, ਲਾਗ ਦੇ ਤੇਜ਼ੀ ਨਾਲ ਫੈਲਣ ਅਤੇ ਹੋਰ ਛੂਤਕਾਰੀ ਬਣਨ ਦੀ ਪ੍ਰਬਲ ਸੰਭਾਵਨਾ ਸੀ।
ਉਨ੍ਹਾਂ ਕਿਹਾ ਕਿ ਲਾਗ ਦੀ ਗੰਭੀਰਤਾ ਪਿਛਲੇ ਸਾਲ ਦੇ ਮੁਕਾਬਲੇ ਘੱਟ ਸੀ ਕਿਉਂਕਿ ਹੁਣ ਪਸ਼ੂਆਂ ਵਿੱਚ ਹਰਡ ਇਮਿਊਨਿਟੀ ਵਿਕਸਿਤ ਹੋ ਗਈ ਹੈ। ਰਾਜ ਇਲਾਜ ਅਤੇ ਨਿਗਰਾਨੀ ‘ਤੇ ਕੇਂਦਰੀ ਦਿਸ਼ਾ-ਨਿਰਦੇਸ਼ਾਂ ਦੀ ਵੀ ਪਾਲਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਰਾਜਾਂ ਨੂੰ ਮੰਤਰਾਲੇ ਵੱਲੋਂ ਚੁੱਕੇ ਜਾਣ ਵਾਲੇ ਉਪਾਵਾਂ ਬਾਰੇ ਵੀ ਸੂਚਿਤ ਕਰ ਦਿੱਤਾ ਗਿਆ ਹੈ। ਇੱਕ ਕੇਂਦਰੀ ਟੀਮ ਨੇ ਮਹਾਰਾਸ਼ਟਰ ਦਾ ਦੌਰਾ ਵੀ ਕੀਤਾ ਹੈ ਅਤੇ ਇੱਕ ਹੋਰ ਟੀਮ ਸਥਿਤੀ ਦੀ ਨਿਗਰਾਨੀ ਕਰਨ ਲਈ ਜਲਦੀ ਹੀ ਉੱਤਰਾਖੰਡ ਅਤੇ ਕਰਨਾਟਕ ਦਾ ਦੌਰਾ ਕਰੇਗੀ।

Comment here