ਕਾਬੁਲ- ਅਫਗਾਨਿਸਤਾਨ ਦੀ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਤੇ ਕ੍ਰਿਕਟ ਪ੍ਰੇਮੀਆਂ ਵਿੱਚ ਜਲਦੀ ਚਹੇਤੇ ਬਣ ਚੁੱਕੇ ਰਾਸ਼ਿਦ ਖ਼ਾਨ ਆਪਣੇ ਦੇਸ਼ ਦੀ ਹਾਲਤ ਤੋਂ ਬੇਹੱਦ ਦੁਖੀ ਹਨ, ਉਹਨਾਂ ਨੇ ਅਫ਼ਗਾਨਿਸਤਾਨ ’ਚ ਸ਼ਾਂਤੀ ਦੀ ਅਪੀਲ ਕਰਦੇ ਹੋਏ ਵਿਸ਼ਵ ਦੇ ਨੇਤਾਵਾਂ ਨੂੰ ਭਾਵੁਕਤਾ ਨਾਲ ਕਿਹਾ ਕਿ ਵਧਦੀ ਹਿੰਸਾ ਵਿਚਾਲੇ ਉਹ ਉਨ੍ਹਾਂ ਦੇ ਦੇਸ਼ ਨੂੰ ‘ਹਫ਼ੜਾ-ਦਫ਼ੜੀ’ ਦੇ ਮਾਹੌਲ ਦੌਰਾਨ ਛੱਡ ਕੇ ਨਾ ਜਾਣ। ਰਾਸ਼ਿਦ ਨੇ ਟਵੀਟ ਕੀਤਾ ਕਿ ਪਿਆਰੇ ਵਿਸ਼ਵ ਦੇ ਨੇਤਾ! ਮੇਰਾ ਦੇਸ਼ ਅਰਾਜਕਤਾ ਦਾ ਸਾਹਮਣਾ ਕਰ ਰਿਹਾ ਹੈ, ਹਜ਼ਾਰਾਂ ਬੇਕਸੂਰ ਲੋਕ ਜਿਨ੍ਹਾਂ ’ਚ ਬੱਚੇ ਤੇ ਔਰਤਾਂ ਵੀ ਸ਼ਾਮਲ ਹਨ, ਹਰੇਕ ਦਿਨ ਸ਼ਹੀਦ ਹੋ ਰਹੇ ਹਨ। ਘਰਾਂ ਤੇ ਸੰਪਤੀਆਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਹਜ਼ਾਰਾਂ ਪਰਿਵਾਰ ਵਿਸਥਾਪਤ ਹੋ ਗਏ ਹਨ। ਸਾਨੂੰ ਅਰਾਜਕਤਾ ’ਚ ਛੱਡ ਕੇ ਨਾ ਜਾਓ। ਅਫ਼ਗਾਨੀਆਂ ਦੇ ਕਤਲ ਤੇ ਅਫਗਾਨਿਸਤਾਨ ਨੂੰ ਨਸ਼ਟ ਕਰਨਾ ਬੰਦ ਹੋਵੇ। ਅਸੀਂ ਅਮਨ ਚਾਹੁੰਦੇ ਹਾਂ। ਅਫ਼ਗਾਨਿਸਤਾਨ ’ਚ ਹਰ ਰੋਜ਼ ਹਾਲਾਤ ਬਦਤਰ ਹੋ ਰਹੇ ਹਨ। ਨਾਗਰਿਕਾਂ ਖ਼ਿਲਾਫ਼ ਹਮਲਿਆਂ ’ਚ ਹੇਲਮੰਦ, ਕੰਧਾਰ ਤੇ ਹੇਰਾਤ ਸੂਬਿਆਂ ’ਚ ਪਿਛਲੇ ਇਕ ਮਹੀਨੇ ’ਚ 1000 ਤੋਂ ਵੱਧ ਲੋਕਾਂ ਦਾ ਕਤਲ ਹੋ ਚੁੱਕਾ ਹੈ ਜਾਂ ਉਹ ਜ਼ਖ਼ਮੀ ਹੋ ਚੁੱਕੇ ਹਨ। ਅਮਰੀਕਾ ਨੇ ਆਪਣੇ ਫ਼ੌਜੀਆਂ ਨੂੰ ਅਫ਼ਗਾਨਿਸਤਾਨ ਤੋਂ ਵਾਪਸ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ ਜਿਸ ਤੋਂ ਬਾਅਦ ਤੋਂ ਅਫ਼ਗਾਨਿਸਤਾਨ ’ਚ ਅੱਤਵਾਦੀ ਹਮਲੇ ਤੇਜ਼ ਹੋਏ ਹਨ। ਤਾਲਿਬਾਨ ਅਫ਼ਗਾਨਿਸਤਾਨ ਦੇ ਲਗਭਗ 400 ਜ਼ਿਲਿਆਂ ’ਚੋਂ ਅੱਧੇ ਤੋਂ ਜ਼ਿਆਦਾ ’ਤੇ ਕਬਜ਼ਾ ਕਰ ਚੁੱਕਾ ਹੈ। ਅਮਰੀਕਾ ਪਹਿਲਾਂ ਹੀ ਅਫ਼ਗਾਨਿਸਤਾਨ ਤੋਂ ਆਪਣੇ ਵਧੇਰੇ ਫ਼ੌਜੀਆਂ ਨੂੰ ਹਟਾ ਚੁੱਕਾ ਹੈ ਤੇ ਉਸ ਨੇ 31 ਅਗਸਤ ਤਕ ਆਪਣੇ ਸਾਰੇ ਫ਼ੌਜੀਆਂ ਨੂੰ ਹਟਾਉਣ ਦੀ ਯੋਜਨਾ ਬਣਾਈ ਹੈ।
ਪਲੀਜ਼ ਸਾਨੂੰ ਇਉਂ ਨਾ ਛੱਡ ਕੇ ਜਾਓ- ਰਾਸ਼ਿਦ ਦੀ ਦੁਨੀਆ ਭਾਵੁਕ ਅਪੀਲ

Comment here