ਜੰਮੂ-ਕਸ਼ਮੀਰ ਚ ਬਦਲ ਰਹੇ ਨੇ ਹਾਲਾਤ
ਜੰਮੂ– ਲੰਮਾ ਸਮਾਂ ਅਸ਼ਾਂਤੀ ਦਾ ਸ਼ਿਕਾਰ ਰਹੇ ਇਸ ਕੁਦਰਤ ਦੇ ਹਸੀਨ ਇਲਾਕੇ ਚ ਖੁਸ਼ਨੁਮਾ ਮਹੌਲ ਬਣ ਰਿਹਾ ਹੈ ਅਤੇ ਹਾਲਾਤ ਵੀ ਬਦਲ ਰਹੇ ਹਨ, ਆਮ ਲੋਕ ਸਰਕਾਰੀ ਸੁਖ ਸਹੂਲਤਾਂ ਮਾਨਣ ਲੱਗੇ ਹਨ। ਸ਼ਹਿਰ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਨਿਜਾਤ ਦਿਵਾਉਣ ਦੀ ਦਿਸ਼ਾ ’ਚ ਕਦਮ ਵਧਾਉਂਦੇ ਹੋਏ ਜੰਮੂ ਨਗਰ ਨਿਗਮ ਨੇ ਬੰਧੁਰਖ ’ਚ ਇਕ ਪਲਾਸਟਿਕ ਡਿਸਪੋਜ਼ਲ ਯੂਨਿਟ ਸਥਾਪਿਤ ਕੀਤੀ ਹੈ। ਇਸ ਤੋਂ ਇਲਾਵਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਮਹਾਮਾਇਆ ਪੀਰਖੋ ਰੋਪਵੇਅ ਦਾ ਵੀ ਉਦਘਾਟਨ ਕਰ ਦਿੱਤਾ ਗਿਆ ਹੈ। ਉਪਰਾਜਪਾਲ ਮਨੋਜ ਸਿਨਹਾ ਨੇ ਮੇਅਰ ਚੰਦਰ ਮੋਹਨ ਗੁੱਪਤਾ, ਡਿਪਟੀ ਮੇਅਰ ਪੁਰਣਿਮਾ ਸ਼ਰਮਾ ਦੇ ਨਾਲ ਬੰਧੁਰਖ ’ਚ ਸਿੰਗਲ ਯੂਜ਼ ਪਲਾਸਟਿਕ ਡਿਸਪੋਜ਼ਲ ਯੂਨਿਟ ਦਾ ਉਦਘਾਟਨ ਕੀਤਾ। ਇਥੇ ਏਜੰਸੀ ਯੂ.ਐੱਨ.ਡੀ.ਪੀ. ਸਿੰਗਲ ਯੂਜ਼ ਪਲਾਸਟਿਕ ਨੂੰ ਡਿਸਪੋਜ਼ ਕਰੇਗੀ। ਸ਼ਹਿਰ ਭਰ ’ਚੋਂ ਨਿਕਲਣ ਵਾਲੇ ਸਿੰਗਲ ਯੂਜ਼ ਪਲਾਸਟਿਕ ਨੂੰ ਜਮ੍ਹਾ ਕਰਕੇ ਇਥੇ ਲਿਆਇਆ ਜਾਵੇਗਾ ਅਤੇ ਫਿਰ ਉਸ ਨੂੰ ਮਸ਼ੀਨਾਂ ਨਾਲ ਕੱਟ ਕੇ ਕੂੜੇ ਦੇ ਰੂਪ ’ਚ ਤਬਦੀਲ ਕਰਕੇ ਵੱਖ-ਵੱਖ ਕੰਪਨੀਆਂ ਨੂੰ ਵੇਚਿਆ ਜਾਵੇਗਾ। ਇਸ ਤੋਂ ਇਲਾਵਾ ਪੌਲੀਥੀਨ ਨੂੰ ਵੀ ਇਥੇ ਕੂੜੇ ’ਚੋਂ ਵੱਖ ਕਰਕੇ ਨਸ਼ਟ ਕੀਤਾ ਜਾਵੇਗਾ। ਪੌਲੀਥੀਨ ਨੂੰ ਕੰਪਨੀ ਐੱਨ.ਐੱਚ.ਪੀ.ਸੀ. ਨੂੰ ਵੇਚੇਗੀ। ਬੰਧੁਰਖ ’ਚ ਨਿਗਮ ਕੋਲ ਕਰੀਬ 75 ਕਨਾਲ ਜ਼ਮੀਨ ਹੈ। ਨਿਗਮ ਨੇ ਭਗਵਤੀ ਨਗਰ ਨਿਗਮ ’ਚ ਵੀ ਪ੍ਰਾਜੈਕਟ ਸ਼ੁਰੂ ਕੀਤਾ ਹੈ। ਇੱਥੇ ਉਪਰਾਜਪਾਲ ਮਨੋਜ ਸਿਨਹਾ ਨੇ ਨਿਗਮ ਦੀ ਇਸ ਕੋਸ਼ਿਸ਼ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਦਿਸ਼ਾ ’ਚ ਪ੍ਰਭਾਵੀ ਕਦਮ ਚੁੱਕਣ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਸ਼ਹਿਰ ਦੀ ਅੱਧੀ ਗੰਦਗੀ ਖਤਮ ਹੋ ਜਾਵੇਗੀ। ਸਿੰਗਲ ਯੂਜ਼ ਪਲਾਸਟਿਕ ਨਾਲਿਆਂ ਅਤੇ ਨਾਲੀਆਂ ’ਚ ਨਿਕਾਸੀ ਰੁਕਣ ਦਾ ਵੀ ਮੁੱਖ ਕਾਰਨ ਬਣਦੀ ਸੀ।
ਮਹਾਮਾਇਆ-ਪੀਰਖੋ ਰੋਪਵੇਅ ਪ੍ਰਾਜੈਕਟ ਦਾ ਵੀ ਉਦਘਾਟਨ
ਉਪ ਰਾਜਪਾਲ ਮਨੋਜ ਸਿਨਹਾ ਨੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਮਹਾਮਾਇਆ-ਪੀਰਖੋ ਰੋਪਵੇਅ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤਾ। ਇਹ 1184 ਮੀਟਰ ਲੰਬਾ ਹੈ, ਜਿਸ ‘ਚ 7 ਟਾਵਰ ਲੱਗੇ ਹਨ। ਇਸ ਰੋਪਵੇਅ ‘ਚ ਵਿਦੇਸ਼ੀ ਆਧੁਨਿਕ ਉਪਕਰਣ ਲਗਾਏ ਗਏ ਹਨ, ਜਿਨ੍ਹਾਂ ‘ਚ 16 ਕੈਬਿਨ ਵੀ ਲੱਗੇ ਹਨ। ਹੋਰ ਜਾਣਕਾਰੀ ਦਿੰਦਿਆਂ ਇਕ ਅਧਿਕਾਰੀ ਨੇ ਕਿਹਾ ਕਿ ਹਰੇਕ ਕੈਬਿਨ ‘ਚ 6 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ ਪਰ ਕੋਰੋਨਾ ਵਾਇਰਸ ਪ੍ਰੋਟੋਕਾਲ ਨੂੰ ਧਿਆਨ ‘ਚ ਰੱਖਦੇ ਹੋਏ ਹੁਣ ਇਕ ਕੈਬਿਨ ‘ਚ ਤਿੰਨ ਤੋਂ ਚਾਰ ਲੋਕ ਹੀ ਬੈਠ ਸਕਦੇ ਹਨ। ਗੰਡੋਲਾ ਦੀ ਤਰਜ ‘ਤੇ ਬਣੇ ਇਸ ਰੋਪਵੇਅ ਦੀ ਸਵਾਰੀ ਦੌਰਾਨ ਲੋਕਾਂ ਦੀ ‘ਸੂਰੀਆਪੁਤਰੀ’ ਨਦੀ ਦਾ ਸੁੰਦਰ ਦ੍ਰਿਸ਼ ਦੇਖਣ ਨੂੰ ਮਿਲੇਗਾ, ਜਿਸ ਨੂੰ ਆਮ ਤੌਰ ‘ਤੇ ਤਵੀ ਨਦੀ ਦੇ ਰੂਪ ‘ਚ ਜਾਣਿਆ ਜਾਂਦਾ ਹੈ, ਜੋ ਪੁਰਾਣੇ ਸ਼ਹਿਰ ਅਤੇ ਜੰਮੂ ਦੇ ਦਰਸ਼ਨ ਵਾਲੇ ਸਥਾਨਾਂ ‘ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਰੋਪਵੇਅ ਦੇ ਚਾਲੂ ਹੋਣ ਨਾਲ ਜੰਮੂ ‘ਚ ਸੈਰ-ਸਪਾਟਾ ਗਤੀਵਿਧੀਆਂ ਨੂੰ ਉਤਸ਼ਾਹ ਮਿਲੇਗਾ।
Comment here