ਨਵੀਂ ਦਿੱਲੀ – ਅੱਤਵਾਦੀ ਹਿੰਸਾ ਕਾਰਨ ਮਜਬੂਰ ਹੋ ਕੇ ਜੰਮੂ ਕਸ਼ਮੀਰ ਛੱਡ ਕੇ ਜਾਣ ਵਾਲੇ ਕਸ਼ਮੀਰੀਆਂ ਦੇ ਮੁੜ ਵਸੇਬੇ ਲਈ ਕੇਂਦਰ ਸਰਕਾਰ ਕਈ ਤਰਾਂ ਦੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੀ ਪੁਸ਼ਤੈਨੀ ਜਾਇਦਾਦ ਵਾਪਸ ਦੇਣ ਲਈ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਨਵੇਂ ਸਿਰਿਓਂ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਇਕ ਸ਼ਿਕਾਇਤ ਪੋਰਟਲ ਤਿਆਰ ਕੀਤਾ ਗਿਆ ਹੈ। ਇਸ ‘ਤੇ ਦੇਸ਼-ਵਿਦੇਸ਼ ਵਿਚ ਕਿਤੇ ਵੀ ਰਹਿਣ ਵਾਲੇ ਹਿਜਰਤਕਾਰੀ ਕਸ਼ਮੀਰੀ ਆਪਣੀ ਜਾਇਦਾਦ ਦੇ ਕਬਜ਼ੇ ਜਾਂ ਜ਼ਬਰਦਸਤੀ ਸਸਤੀ ਕੀਮਤ ‘ਚ ਖ਼ਰੀਦ ਲਏ ਜਾਣ ਦੀ ਸ਼ਿਕਾਇਤ ਦਰਜ ਕਰਵਾ ਸਕਣਗੇ। ਸ਼ਿਕਾਇਤ ਦੀ ਜਾਂਚ ਪਿੱਛੋਂ ਇਕ ਤੈਅ ਸਮੇਂ ਵਿਚ ਉਨ੍ਹਾਂ ਦੀ ਜਾਇਦਾਦ ਵਾਪਸ ਕਰਵਾਈ ਜਾਵੇਗੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅੱਤਵਾਦੀ ਧਮਕੀਆਂ ਕਾਰਨ ਜਦੋਂ ਲੱਖਾਂ ਕਸ਼ਮੀਰੀਆਂ ਨੂੰ ਘਰ-ਬਾਰ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪਿਆ ਤਾਂ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਸਰਕਾਰ ਦੀ ਸੀ। ਪਰ ਸਰਕਾਰ ਇਸ ਵਿਚ ਅਸਫਲ ਰਹੀ। ਉਨ੍ਹਾਂ ਦੇ ਮਕਾਨ, ਦੁਕਾਨਾਂ ਤੇ ਅਚੱਲ ਜਾਇਦਾਦਾਂ ‘ਤੇ ਕਬਜ਼ਾ ਕਰ ਲਿਆ ਗਿਆ। ਬਾਅਦ ਵਿਚ ਹਿਜਰਤਕਾਰੀਆਂ ਨੂੰ ਡਰਾ-ਧਮਕਾ ਕੇ ਕੌਡੀਆਂ ਦੇ ਭਾਅ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਖ਼ਰੀਦ ਲਿਆ ਗਿਆ। ਇਸ ਤੋਂ ਪਹਿਲਾਂ 1997 ਵਿਚ ਹਿਜਰਤਕਾਰੀਆਂ ਦੀ ਅਚੱਲ ਜਾਇਦਾਦ ਦੀ ਸੁਰੱਖਿਆ ਤੇ ਵਾਪਸੀ ਲਈ ਜੰਮੂ-ਕਸ਼ਮੀਰ ਵਿਚ ਕਾਨੂੰਨ ਬਣਾਇਆ ਗਿਆ ਸੀ। ਪਰ ਉਸ ਤਹਿਤ ਸ਼ਿਕਾਇਤਕਰਤਾ ਨੂੰ ਖ਼ੁਦ ਜ਼ਿਲ੍ਹਾ ਅਧਿਕਾਰੀ ਸਾਹਮਣੇ ਜਾ ਕੇ ਸ਼ਿਕਾਇਤ ਦਰਜ ਕਰਵਾਉਣੀ ਪੈਂਦੀ ਸੀ ਤੇ ਜਾਇਦਾਦ ਦੇ ਜ਼ਬਰਦਸਤੀ ਕਬਜ਼ੇ ਦੇ ਸਬੂਤ ਦੇ ਕੇ ਉਸ ਨੂੰ ਵਾਪਸ ਹਾਸਲ ਕਰਨ ਲਈ ਸੰਘਰਸ਼ ਕਰਨਾ ਪੈਂਦਾ ਸੀ। ਪ੍ਰਸ਼ਾਸਨ ਦੇ ਸਮਰਥਨ ਦੀ ਘਾਟ ਕਾਰਨ ਇਸ ਕਾਨੂੰਨ ਰਾਹੀਂ ਇਕ ਵੀ ਹਿਜਰਤਕਾਰੀ ਨੂੰ ਉਸ ਦੀ ਜਾਇਦਾਦ ਵਾਪਸ ਨਹੀਂ ਦਿਵਾਈ ਗਈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਕ ਵਾਰ ਪੋਰਟਲ ‘ਤੇ ਆਪਣੇ ਨਾਂ ਨਾਲ ਮੌਜੂਦਾ ਪਤਾ ਦੱਸਣਾ ਹੋਵੇਗਾ। ਨਾਲ ਹੀ ਇਹ ਵੀ ਦੱਸਣਾ ਪਵੇਗਾ ਕਿ ਉਸ ਦੀ ਪੁਸ਼ਤੈਨੀ ਜਾਇਦਾਦ ਕਿਸ ਪਿੰਡ, ਜ਼ਿਲ੍ਹੇ ਜਾਂ ਤਹਿਸੀਲ ਵਿਚ ਹੈ। ਸ਼ਿਕਇਤ ਦਰਜ ਕਰਵਾਉਣ ਪਿੱਛੋਂ ਸਬੰਧਿਤ ਜ਼ਿਲ੍ਹੇ ਦਾ ਜ਼ਿਲ੍ਹਾ ਅਧਿਕਾਰੀ ਖ਼ੁਦ ਈਮੇਲ ਜਾਂ ਫੋਨ ‘ਤੇ ਸ਼ਿਕਾਇਤਕਰਤਾ ਨਾਲ ਸੰਪਰਕ ਕਰੇਗਾ ਤੇ ਉਨ੍ਹਾਂ ਨੂੰ ਜਾਇਦਾਦ ਵਾਪਸ ਦਿਵਾਉਣ ਲਈ ਕਾਰਵਾਈ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮਾਮਲਿਆਂ ਵਿਚ ਜਾਇਦਾਦ ਪਿਤਾ, ਦਾਦਾ, ਪੜਦਾਦਾ ਤਾਂ ਹੋਰ ਰਿਸ਼ਤੇਦਾਰ ਦੇ ਨਾਂ ‘ਤੇ ਹੋ ਸਕਦੀ ਹੈ। ਪੋਰਟਲ ਵਿਚ ਇਹ ਜਾਣਕਾਰੀ ਦੇਣ ਦੀ ਸਹੂਲਤ ਵੀ ਦਿੱਤੀ ਗਈ ਹੈ। ਨਿੱਜੀ ਜਾਇਦਾਦ ਦੇ ਨਾਲ-ਨਾਲ ਪੋਰਟਲ ‘ਤੇ ਧਾਰਮਿਕ ਤੇ ਭਾਈਚਾਰਕ ਜਾਇਦਾਦਾਂ ਦੇ ਜ਼ਬਰਦਸਤੀ ਕਬਜ਼ੇ ਦੀ ਸ਼ਿਕਾਇਤ ਵੀ ਕਰ ਸਕਦੇ ਹਨ। ਇਸ ਤੋਂ ਪਹਿਲਾਂ ਕਸ਼ਮੀਰੀ ਹਿਜਰਤਕਾਰੀਆਂ ਲਈ ਵੱਖਰੀ ਕਾਲੋਨੀ ਵਸਾਉਣ ਦੀ ਗੱਲ ਕੀਤੀ ਗਈ ਸੀ ਪਰ ਇਸ ਦਾ ਵਿਰੋਧ ਇਸ ਆਧਾਰ ‘ਤੇ ਕੀਤਾ ਗਿਆ ਕਿ ਵਾਪਸ ਮੁੜਨ ਵਾਲਿਆਂ ਨੂੰ ਇਕ ਚਾਰਦੀਵਾਰੀ ਅੰਦਰ ਰੱਖਣ ਨਾਲ ਵਾਪਸੀ ਦਾ ਮੂਲ ਉਦੇਸ਼ ਹੀ ਖ਼ਤਮ ਹੋ ਜਾਵੇਗਾ। ਕਸ਼ਮੀਰੀ ਹਿਜਰਤਾਰੀਆਂ ਦੀ ਘਰ ਵਾਪਸੀ ਦੀ ਚਰਚਾ ਤਾਂ ਲੰਬੇ ਸਮੇਂ ਤੋਂ ਹੋ ਰਹੀ ਹੈ ਪਰ ਉਨ੍ਹਾਂ ਦੀਆਂ ਪੁਸ਼ਤੈਨੀ ਜਾਇਦਾਦਾਂ ਦੀ ਵਾਪਸੀ ਦੀ ਗੱਲ ਪਹਿਲੀ ਵਾਰ ਸਾਹਮਣੇ ਆਈ ਹੈ।
Comment here