ਸਿਆਸਤਖਬਰਾਂ

ਪਨਬੱਸ ਤੇ ਪੀਆਰਟੀਸੀ ਮੁਲਾਜ਼ਮਾਂ ਦੀ ਹੜਤਾਲ, ਨਵੇਂ ਚਾਲਕਾਂ ਨੂੰ ਨਹੀੰ ਚਲਾਉਣ ਦਿੱਤੀਆਂ ਬੱਸਾਂ

ਜਲੰਧਰ- ਹੱਕੀ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਹੇ ਪਨਬੱਸ ਅਤੇ ਪੀ. ਆਰ. ਟੀ. ਸੀ. ਕਰਮਚਾਰੀਆਂ ਦੀ ਸਰਕਾਰ ਗੱਲ ਨਹੀਂ ਸੁਣ ਰਹੀ, ਯਾਤਰੀ ਡਾਢੇ ਪਰੇਸ਼ਾਨ ਰਹੇ। ਪੱਕਾ ਕਰਨ ਦੀ ਮੰਗ ਨੂੰ ਲੈ ਕੇ 6000 ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਇਸ ਹੜਤਾਲ ਨੂੰ ਖ਼ਤਮ ਕਰਵਾਉਣਾ ਮਹਿਕਮੇ ਲਈ ਕਾਫ਼ੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਕਿਉਂਕਿ ਕਰਮਚਾਰੀ ਲਿਖ਼ਤੀ ਰੂਪ ਵਿਚ ਨੋਟੀਫਿਕੇਸ਼ਨ ਦੀ ਮੰਗ ਕਰ ਰਹੇ ਹਨ।  ਟਰਾਂਸਪੋਰਟ ਮਹਿਕਮੇ ਵੱਲੋਂ ਬੱਸਾਂ ਦੀ ਆਵਾਜਾਈ ਕਰਵਾਉਣ ਲਈ ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਨਵੇਂ ਸਟਾਫ਼ ਨੂੰ ਬੁਲਾਇਆ ਗਿਆ ਪਰ ਹੜਤਾਲੀ ਕਰਮਚਾਰੀਆਂ ਨੇ ਨਵੇਂ ਡਰਾਈਵਰਾਂ ਨੂੰ ਬੱਸਾਂ ਚਲਾਉਣ ਤੋਂ ਰੋਕ ਦਿੱਤਾ । ਕਈ ਥਾਈਂ ਹਾਲਾਤ ਤਣਾਅ ਵਾਲੇ ਬਣੇ। ਜਲੰਧਰ ਦੇ ਡਿਪੂ-1 ਵਿਚ ਤਣਾਅਪੂਰਨ ਹਾਲਾਤ ਬਣ ਗਏ ਅਤੇ ਭਾਰੀ ਪੁਲਸ ਬਲ ਤਾਇਨਾਤ ਕਰਨਾ ਪਿਆ। ਰੋਡਵੇਜ਼ ਅਧਿਕਾਰੀਆਂ ਨੇ ਨਵੇਂ ਸਟਾਫ਼ ਤੋਂ ਬੱਸਾਂ ਚਲਵਾਉਣ ਲਈ ਕਾਫ਼ੀ ਯਤਨ ਕੀਤੇ ਪਰ ਯੂਨੀਅਨ ਨਹੀਂ ਮੰਨੀ। ਪੁਲਸ ਵੱਲੋਂ ਵੀ ਕਰਮਚਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਰੋਡਵੇਜ਼ ਅਧਿਕਾਰੀਆਂ ਅਤੇ ਯੂਨੀਅਨ ਮੈਂਬਰਾਂ ਵਿਚ ਤੂੰ-ਤੂੰ, ਮੈਂ-ਮੈਂ ਵੀ ਹੋਈ ਅਤੇ ਪੁਲਸ ਨੇ ਮਾਮਲਾ ਸ਼ਾਂਤ ਕਰਵਾਇਆ। ਰਾਤ ਨੂੰ ਨਵੇਂ ਡਰਾਈਵਰਾਂ ਵੱਲੋਂ ਡਿਪੂ ਵਿਚੋਂ ਬੱਸਾਂ ਕੱਢਣ ਦੀ ਸੂਚਨਾ ਦੇ ਆਧਾਰ ’ਤੇ ਯੂਨੀਅਨ ਵੱਲੋਂ ਪੰਜਾਬ ਦੇ ਲਗਭਗ ਸਾਰੇ ਡਿਪੂਆਂ ਸਾਹਮਣੇ ‘ਨਾਈਟ ਧਰਨਾ’ ਦਿੱਤਾ ਗਿਆ। ਹੜਤਾਲ ਕਾਰਨ 2100 ਤੋਂ ਜ਼ਿਆਦਾ ਬੱਸਾਂ ਦਾ ਚੱਕਾ ਜਾਮ ਹੈ ਅਤੇ ਸਿਰਫ਼ 500 ਦੇ ਲਗਭਗ ਬੱਸਾਂ ਦੀ ਆਵਾਜਾਈ ਹੋ ਰਹੀ ਹੈ। ਜ਼ਿਆਦਾਤਰ ਰੂਟਾਂ ’ਤੇ ਬੱਸਾਂ ਦੀ ਬੇਹੱਦ ਘੱਟ ਆਵਾਜਾਈ ਕਾਰਨ ਯਾਤਰੀਆਂ ਦੀਆਂ ਪਰੇਸ਼ਾਨੀਆਂ ਵਧ ਰਹੀਆਂ ਹਨ। ਜੋ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਹਨ, ਉਨ੍ਹਾਂ ਵਿਚ ਵੀ ਬੈਠਣ ਲਈ ਆਸਾਨੀ ਨਾਲ ਸੀਟ ਨਹੀਂ ਮਿਲ ਰਹੀ। ਸੋਮਵਾਰ ਰਾਤ 12 ਵਜੇ ਤੋਂ ਸ਼ੁਰੂ ਹੋਈ ਹੜਤਾਲ ਕਾਰਨ ਹਾਲੇ ਤੱਕ ਸਰਕਾਰੀ ਬੱਸਾਂ ਦੇ ਕਾਊਂਟਰਾਂ ਤੋਂ ਚੱਲਣ ਦੇ 7500 ਤੋਂ ਜ਼ਿਆਦਾ ਟਾਈਮ ਮਿਸ ਹੋ ਚੁੱਕੇ ਹਨ। ਇਸ ਕਾਰਨ ਮਹਿਕਮੇ ਨੂੰ 5.50 ਕਰੋੜ ਤੋਂ ਜ਼ਿਆਦਾ ਦਾ ਟਰਾਂਜੈਕਸ਼ਨ ਲਾਸ ਹੋ ਚੁੱਕਾ ਹੈ।
ਪੰਜਾਬ ਦੇ ਜਨਰਲ ਸਕੱਤਰ ਬਲਜੀਤ ਸਿੰਘ ਗਿੱਲ ਅਤੇ ਡਿਪੂ-1 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 9 ਦਸੰਬਰ ਨੂੰ ਕੈਬਨਿਟ ਦੀ ਬੈਠਕ ਹੋਣ ਵਾਲੀ ਹੈ। ਇਸ ਦੌਰਾਨ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਪ੍ਰਸਤਾਵ ’ਤੇ ਜੇਕਰ ਮੋਹਰ ਨਾ ਲਗਾਈ ਗਈ ਤਾਂ ਉਹ ਸੀ. ਐੱਮ. ਰਿਹਾਇਸ਼ ਦਾ ਘਿਰਾਓ ਕਰਨਗੇ।

Comment here