93 ਵਾਰ ਚੋਣ ਲੜ ਤੇ ਹਾਰ ਚੁੱਕਿਐ ਹਸਨੂਰਾਮ
ਆਗਰਾ-ਜਨਤਾ ਅਜੀਬੋ ਗਰੀਬ ਸ਼ੌਕ ਪਾਲਦੀ ਹੈ, ਆਮ ਕਰਕੇ ਤਾਂ ਹਰ ਕੋਈ ਜਿੱਤਣਾ ਹੀ ਚਾਹੁੰਦਾ ਹੈ, ਚਾਹੇ ਸਿਆਸੀ ਰੇਸ ਹੋਵੇ ਚਾਹੇ ਜਿ਼ੰਦਗੀ ਦੀ, ਪਰ ਆਪਾਂ ਇਕ ਐਸੇ ਸ਼ਖਸ ਨੂੰ ਮਿਲਦੇ ਹਾਂ ਜੋ ਆਪਣੀ ਜਿ਼ੰਦਗੀ ਦੇ ਵਰਿਆਂ ਤੋਂ ਵੱਧ ਵਾਰ ਚੋਣ ਲੜ ਚੁੱਕਿਆ ਹੈ ਤੇ ਹਾਰਦਾ ਆ ਰਿਹਾ ਹੈ, ਪਰ ਫੇਰ ਵੀ ਉਹ ਹਾਰ ਨਹੀਂ ਮੰਨਦਾ। ਇਹ ਸ਼ਖਸ ਹੈ ਆਗਰਾ ਦਾ ਹਸਨੂਰਾਮ ਅੰਬੇਡਕਰੀ, 75 ਸਾਲਾ ਹਸਨੂਰਾਮ ਹੁਣ ਤੱਕ 93 ਵੱਖ-ਵੱਖ ਚੋਣਾਂ ਲੜ ਚੁੱਕੇ ਹਨ। ਭਾਵੇਂ ਉਨ੍ਹਾਂ ਹੁਣ ਤੱਕ ਕੋਈ ਚੋਣ ਨਹੀਂ ਜਿੱਤੀ, ਪਰ ਕੋਈ ਪਛਤਾਵਾ ਵੀ ਨਹੀਂ। ਖੇੜਾਗੜ੍ਹ ਤਹਿਸੀਲ ਦੇ ਨਗਲਾ ਦੁੱਲ੍ਹਾ ਦੇ ਰਹਿਣ ਵਾਲੇ ਹਸਨੂਰਾਮ ਦੇ ਇੰਨੀਆਂ ਚੋਣਾਂ ਲੜਨ ਦੇ ਪਿੱਛੇ ਇੱਕ ਦਿਲਚਸਪ ਕਹਾਣੀ ਹੈ। 36 ਸਾਲ ਪਹਿਲਾਂ ਉਨ੍ਹਾਂ ਨੂੰ ਇੱਕ ਵੱਡੀ ਪਾਰਟੀ ਵੱਲੋਂ ਚੋਣ ਲੜਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ। ਟਿਕਟ ਨਾ ਦੇਣ ਦਾ ਕਾਰਨ, ਹਸਨੂਰਾਮ ਨੂੰ ਚੁੱਭਿਆ। ਉਦੋਂ ਤੋਂ ਉਨ੍ਹਾਂ ਨੇ ਹਰ ਚੋਣ ਲੜਨ ਦਾ ਫੈਸਲਾ ਕੀਤਾ। ਹੁਣ ਉਹ ਸਭ ਤੋਂ ਵੱਧ ਹਾਰਾਂ ਦਾ ਰਿਕਾਰਡ ਬਣਾਉਣਾ ਚਾਹੁੰਦੇ ਹਨ। ਹਸਨੂਰਾਮ ਅੰਬੇਡਕਰੀ ਦਾ ਜਨਮ 15 ਅਗਸਤ, 1947 ਨੂੰ ਹੋਇਆ ਸੀ। ਯਾਨੀ ਜਿਸ ਦਿਨ ਦੇਸ਼ ਆਜ਼ਾਦ ਹੋਇਆ। ਹਸਨੂਰਾਮ ਨੇ ਦੱਸਿਆ ਕਿ ਉਹ ਮਾਲ ਵਿਭਾਗ ਵਿੱਚ ਅਮੀਨ ਵਜੋਂ ਕੰਮ ਕਰਦਾ ਸੀ। ਉਸ ਸਮੇਂ ਉਹ ਵਾਮਸੇਫ ਵਿੱਚ ਸਰਗਰਮ ਸੀ। 1985 ਵਿੱਚ ਉਨ੍ਹਾਂ ਨੂੰ ਇੱਕ ਖੇਤਰੀ ਪਾਰਟੀ ਦੀ ਤਰਫੋਂ ਵਿਧਾਨ ਸਭਾ ਚੋਣਾਂ ਲੜਨ ਦਾ ਭਰੋਸਾ ਦਿੱਤਾ ਗਿਆ। ਉਸ ਨੂੰ ਨੌਕਰੀ ਛੱਡ ਕੇ ਚੋਣ ਦੀ ਤਿਆਰੀ ਕਰਨ ਲਈ ਕਿਹਾ। ਭਰੋਸੇ ‘ਤੇ ਉਨ੍ਹਾਂ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਪਾਰਟੀ ਨੇ ਉਨ੍ਹਾਂ ਨੂੰ ਚੋਣ ਸਮੇਂ ਟਿਕਟ ਨਹੀਂ ਦਿੱਤੀ ਸੀ। ਇਸ ‘ਤੇ ਉਨ੍ਹਾਂ ਪਾਰਟੀ ਅਹੁਦੇਦਾਰ ‘ਤੇ ਇਤਰਾਜ਼ ਕੀਤਾ ਤਾਂ ਅਧਿਕਾਰੀ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਹਾਡੇ ਗੁਆਂਢੀ ਤੁਹਾਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਤਾਂ ਲੋਕ ਕਿਸ ਨੂੰ ਵੋਟ ਦੇਣਗੇ। ਹਸਨੂਰਾਮ ਨੇ ਦੱਸਿਆ ਕਿ ਇਹ ਗੱਲ ਨੇ ਉਨ੍ਹਾਂ ਚੁਭ ਗਈ। ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਫਤਿਹਪੁਰ ਸੀਕਰੀ ਵਿਧਾਨ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ 17711 ਵੋਟਾਂ ਹਾਸਲ ਕਰਕੇ ਤੀਜੇ ਸਥਾਨ ‘ਤੇ ਰਹੇ। ਉਦੋਂ ਤੋਂ ਉਹ ਲਗਾਤਾਰ ਚੋਣ ਲੜ ਰਹੇ ਹਨ। ਹਸਨੂਰਾਮ ਨੇ ਦੱਸਿਆ ਕਿ ਉਹ 1985 ਤੋਂ ਲਗਾਤਾਰ ਚੋਣ ਲੜ ਰਹੇ ਹਨ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਵਿਧਾਨ ਸਭਾ, ਲੋਕ ਸਭਾ ਅਤੇ ਪੰਚਾਇਤ ਵਿਚ ਆਜ਼ਾਦ ਤੌਰ ‘ਤੇ ਚੋਣ ਲੜ ਚੁੱਕੇ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਪ੍ਰਧਾਨ ਦੇ ਅਹੁਦੇ ਲਈ ਵੀ ਨਾਮਜ਼ਦਗੀ ਭਰੀ ਹੈ। ਇਸ ਤੋਂ ਇਲਾਵਾ ਐਮਐਲਸੀ, ਕੋ-ਆਪਰੇਟਿਵ ਬੈਂਕ ਸਮੇਤ 93 ਵਾਰ ਚੋਣ ਮੈਦਾਨ ਵਿੱਚ ਉਤਰੇ ਹਨ। ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 94ਵੀਂ ਵਾਰ ਚੋਣ ਮੈਦਾਨ ਵਿੱਚ ਉਤਰਨਗੇ। ਉਹ ਆਗਰਾ ਦਿਹਾਤੀ ਤੋਂ 12 ਵਾਰ, ਖਹਿਰਾਗੜ੍ਹ ਵਿਧਾਨ ਸਭਾ ਤੋਂ 12 ਵਾਰ ਅਤੇ ਫਤਿਹਪੁਰ ਸੀਕਰੀ ਵਿਧਾਨ ਸਭਾ ਤੋਂ 6 ਵਾਰ ਚੋਣ ਲੜ ਚੁੱਕੇ ਹਨ। ਹਸਨੂਰਾਮ ਨੇ ਕਿਹਾ ਕਿ ਉਹ ਜਿੱਤਣ ਲਈ ਨਹੀਂ, ਹਾਰਨ ਲਈ ਲੜਦਾ ਹੈ। ਉਹ 100 ਵਾਰ ਹਾਰਨ ਦਾ ਰਿਕਾਰਡ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਸ ਨੇ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਚੋਣਾਂ ਲੜੀਆਂ ਹਨ। ਹਸਨੂਰਾਮ ਹੁਣ ਪੇਸ਼ੇ ਤੋਂ ਕਿਸਾਨ ਤੇ ਮਨਰੇਗਾ ਵਰਕਰ ਹੈ। ਉਨ੍ਹਾਂ ਦੇ ਘਰ ਵਿੱਚ ਪਤਨੀ ਸ਼ਿਵਾ ਦੇਵੀ ਤੇ ਪੰਜ ਪੁੱਤਰ ਹਨ। ਉਨ੍ਹਾਂ ਨੇ ਚੋਣਾਂ ਲੜਨ ਲਈ ਫੰਡ ਕਾਇਮ ਕੀਤਾ ਹੈ। ਉਹ ਹਰ ਰੋਜ਼ ਉਸ ਫੰਡ ਵਿੱਚ ਕੁਝ ਪੈਸਾ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪ੍ਰਕਿਰਿਆ ਵਿਚ ਹੋਏ ਖਰਚੇ ਤੋਂ ਇਲਾਵਾ ਉਸ ਨੇ ਚੋਣ ਵਿੱਚ ਇੱਕ ਰੁਪਿਆ ਵੀ ਖਰਚ ਨਹੀਂ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪ੍ਰਚਾਰ ਲਈ ਘਰ-ਘਰ ਜਾਂਦੇ ਹਨ। ਜਿਹੜੇ ਲੋਕ ਕਿਸੇ ਵੀ ਪਾਰਟੀ ਅਤੇ ਲੀਡਰ ਤੋਂ ਖੁਸ਼ ਨਹੀਂ , ਉਹ ਉਸ ਨੂੰ ਵੋਟ ਦਿੰਦੇ ਹਨ। ਉਹ ਪੱਛੜੇ ਸਮਾਜ ਦੀ ਵੋਟ ਹਾਸਲ ਕਰਦਾ ਹੈ।
Comment here