ਵਾਸ਼ਿੰਗਟਨ-ਉਮਰ ਵਧਣ ਦੇ ਨਾਲ-ਨਾਲ ਸ਼ੂਗਰ-ਬੀਪੀ ਵਰਗੀਆਂ ਬੀਮਾਰੀਆਂ ਘੇਰਨ ਲੱਗਦੀਆਂ ਹਨ ਪਰ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਇਕੱਠੇ ਰਹਿਣ ਵਾਲੇ ਜੋੜਿਆਂ ਵਿਚ ਸ਼ੂਗਰ ਦਾ ਪੱਧਰ ਘੱਟ ਰਹਿੰਦਾ ਹੈ। ਉਹ ਸ਼ੂਗਰ ਵਧਣ ਤੋਂ ਬਚੇ ਰਹਿੰਦੇ ਹਨ। ਬ੍ਰਿਟਿਸ਼ ਮੈਡੀਕਲ ਜਰਨਲ ਵਿਚ ਛਪੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਤੀ-ਪਤਨੀ ਦਾ ਰਿਸ਼ਤਾ ਚੰਗਾ ਹੋਵੇ ਜਾਂ ਮਾੜਾ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਉਨ੍ਹਾਂ ਦੇ ਇਕੱਠੇ ਰਹਿਣ ਨਾਲ ਬਲੱਡ ਸ਼ੂਗਰ ਦਾ ਪੱਧਰ ਘੱਟ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਜਦੋਂ ਕਿ ਤਲਾਕ ਜਾਂ ਹੋਰ ਕਾਰਨਾਂ ਕਰਕੇ ਵੱਖ ਹੋਣ ’ਤੇ ਬਲੱਡ ਸ਼ੂਗਰ ਲੈਵਲ ਵਧਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਕਈ ਵਾਰ ਡਾਇਬਟੀਜ਼ ਟਾਈਪ-2 ਇਕੱਲੇ ਰਹਿਣ ਵਾਲੇ ਲੋਕਾਂ ਵਿੱਚ ਵਿਕਸਤ ਹੋ ਜਾਂਦੀ ਹੈ। ਇਸ ਖੋਜ ਦੇ ਖੋਜਕਰਤਾ, ਕਾਰਲਟਨ ਯੂਨੀਵਰਸਿਟੀ, ਔਟਵਾ ਦੀ ਕੈਥਰੀਨ ਫੋਰਡ ਦਾ ਕਹਿਣਾ ਹੈ – ਇੰਗਲੈਂਡ ਵਿੱਚ 50 ਤੋਂ 89 ਸਾਲ ਦੀ ਉਮਰ ਦੇ 3,335 ਲੋਕਾਂ ’ਤੇ ਕੀਤੀ ਗਈ ਖੋਜ ਵਿੱਚ ਇਕੱਠੇ ਰਹਿਣ ਵਾਲਿਆਂ ਵਿਚ ਸ਼ੂਗਰ ਦਾ ਰੋਗ ਘੱਟ ਦੇਖਿਆ ਗਿਆ, ਪਰ ਇਸ ਦਾ ਸਪੱਸ਼ਟ ਕਾਰਨ ਪਤਾ ਨਹੀਂ ਲੱਗ ਸਕਿਆ।
ਦਾ ਇੰਡੀਪੈਂਡਡੈਂਟ ਡਾਟ ਕਾਮ ਡਾਟ ਯੂਕੇ ਦੀ ਖਬਰ ਅਨੁਸਾਰ ਅਧਿਐਨ ਦਰਸਾਉਂਦੇ ਹਨ ਕਿ ਇਕੱਠੇ ਰਹਿਣ ਨਾਲ ਨਾ ਸਿਰਫ ਸ਼ੂਗਰ ਬਿਮਾਰੀ ਤੋਂ ਬਚਾਅ ਹੁੰਦਾ ਹੈ, ਬਲਕਿ ਬਲੱਡ ਪ੍ਰੈਸ਼ਰ ਵੀ ਕੰਟਰੋਲ ਵਿਚ ਰਹਿੰਦਾ ਹੈ। ਇਕੱਲੇ ਰਹਿਣ ਵਾਲੇ ਲੋਕਾਂ ਵਿੱਚ ਸ਼ੂਗਰ ਅਤੇ ਬੀਪੀ ਦੋਵਾਂ ਦੇ ਉੱਚ ਪੱਧਰ ਹੁੰਦੇ ਹਨ। ਜੋ ਜੋੜੇ ਇਕੱਠੇ ਰਹਿੰਦੇ ਹਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ। ਖੋਜ ਨੇ ਇਹ ਵੀ ਸਿਧ ਕੀਤਾ ਹੈ ਕਿ ਵਿਆਹੇ ਪੁਰਸ਼ਾਂ ਦੀ ਔਸਤ ਉਮਰ ਇਕੱਲੇ ਰਹਿਣ ਵਾਲੇ ਮਰਦਾਂ ਨਾਲੋਂ ਲਗਭਗ 10 ਸਾਲ ਜ਼ਿਆਦਾ ਹੁੰਦੀ ਹੈ।
ਯੂਨੀਵਰਸਿਟੀ ਆਫ ਈਸਟ ਐਂਗਲੀਆ ਦੇ ਖੋਜਕਰਤਾ ਕ੍ਰਿਸ ਐਮ ਵਿਲਸਨ ਨੇ ਆਪਣੀ ਖੋਜ ’ਹਾਊ ਡਜ਼ ਮੈਰਿਜ ਇਫੈਕਟ ਫਿਜ਼ੀਕਲ ਐਂਡ ਸਾਈਕੋਲੋਜੀਕਲ ਹੈਲਥ’ ਵਿੱਚ ਕਿਹਾ ਹੈ – ਵਿਆਹ ਦਾ ਫਾਇਦਾ ਮਨੋਵਿਗਿਆਨਕ ਪੱਧਰ ’ਤੇ ਔਰਤਾਂ ਦੇ ਮੁਕਾਬਲੇ ਮਰਦਾਂ ਨੂੰ ਜ਼ਿਆਦਾ ਹੁੰਦਾ ਹੈ। ਇਸ ਨਾਲ ਮਰਦਾਂ ਦੀ ਮਾਨਸਿਕ ਸਿਹਤ ਵਧੀਆ ਰਹਿੰਦੀ ਹੈ।
ਅਮਰੀਕਾ ਦੇ ਆਸ਼ਰ ਸੈਂਟਰ ਫਾਰ ਦ ਸਟੱਡੀ ਐਂਡ ਟਰੀਟਮੈਂਟ ਆਫ ਡਿਪਰੈਸਿਵ ਡਿਸਆਰਡਰਜ਼ ਦੇ ਡਾਕਟਰ ਸ਼ੀਹਾਨ ਡੀ ਫਿਸ਼ਰ ਦਾ ਕਹਿਣਾ ਹੈ-ਇਕੱਠੇ ਰਹਿਣ ਵਾਲੇ ਜੋੜਿਆਂ ਵਿੱਚ ਚਿੰਤਾ ਇੰਨੀ ਜ਼ਿਆਦਾ ਨਹੀਂ ਹੁੰਦੀ ਕਿ ਉਹ ਡਿਪਰੈਸ਼ਨ ਵਿੱਚ ਚਲੇ ਜਾਣ , ਪਰ ਫਿਰ ਵੀ ਜੇਕਰ ਉਹ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਤਾਂ ਇਕੱਲੇ ਰਹਿਣ ਵਾਲਿਆਂ ਦੇ ਮੁਕਾਬਲੇ ਜਲਦੀ ਠੀਕ ਹੋ ਜਾਂਦੇ ਹਨ। ਉਹ ਕਹਿੰਦੇ ਹਨ- ਜੋੜਾ ਇੱਕ ਵੱਡੀ ਸਰਜਰੀ ਤੋਂ ਬਾਅਦ ਹੋਣ ਵਾਲੇ ਦਰਦ ਤੋਂ ਵੀ ਜਲਦੀ ਠੀਕ ਹੋ ਜਾਂਦਾ ਹੈ। ਕਈ ਹੋਰ ਖੋਜਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਜੇਕਰ ਪਤੀ-ਪਤਨੀ ਦਾ ਰਿਸ਼ਤਾ ਬਿਹਤਰ ਹੋਵੇ ਤਾਂ ਇਮਿਊਨ ਸਿਸਟਮ ਵੀ ਬਿਹਤਰ ਹੁੰਦਾ ਹੈ। ਉਹਨਾਂ ਦੀ ਪ੍ਰਤੀਰੋਧਕ ਸ਼ਕਤੀ ਵਧਦੀ ਹੈ ਅਤੇ ਉਹ ਇਕੱਲੇ ਰਹਿਣ ਵਾਲੇ ਲੋਕਾਂ ਨਾਲੋਂ ਘੱਟ ਬਿਮਾਰ ਹੁੰਦੇ ਹਨ।
ਆਸਟ੍ਰੇਲੀਆ ਦੀ ਲਾਅ ਟਰੋਬ ਯੂਨੀਵਰਸਿਟੀ ਦੇ ਜਯੋਫਰੇ ਲੇਗਾਟ ਦਾ ਕਹਿਣਾ ਹੈ- ਇਕੱਠੇ ਰਹਿਣ ਨਾਲ ਨਾ ਸਿਰਫ਼ ਸਰੀਰਕ ਜਾਂ ਮਾਨਸਿਕ ਤੌਰ ’ਤੇ ਬਦਲਾਅ ਆਉਂਦਾ ਹੈ, ਸਗੋਂ ਮਨੁੱਖੀ ਵਿਹਾਰ ਵੀ ਬਦਲਦਾ ਹੈ। ਸਮਾਜਿਕ ਤਬਦੀਲੀਆਂ ਵੀ ਹੁੰਦੀਆਂ ਹਨ। ਬੋਲਚਾਲ ਦੀ ਭਾਸ਼ਾ ਵਿੱਚ ਵੀ ਉਹ ਸ਼ਬਦ ਸ਼ਾਮਲ ਕੀਤੇ ਜਾਂਦੇ ਹਨ, ਜੋ ਸਾਥੀ ਦੁਆਰਾ ਜ਼ਿਆਦਾ ਵਰਤੇ ਜਾਂਦੇ ਹਨ।
Comment here