ਅਪਰਾਧਸਿਆਸਤਖਬਰਾਂ

ਪਤਨੀ ਸੁਨੰਦਾ ਦੀ ਮੌਤ ਦੇ ਮਾਮਲੇ ਚੋਂ ਸ਼ਸ਼ੀ ਥਰੂਰ ਬਰੀ

ਨਵੀਂ ਦਿੱਲੀ– ਇਥੋਂ ਦੀ ਅਦਾਲਤ ਨੇ ਅੱਜ ਸੀਨੀਅਰ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੂੰ ਉਨ੍ਹਾਂ ਦੀ ਪਤਨੀ ਸੁਨੰਦਾ ਪੁਸ਼ਕਰ ਹੋਟਲ ਵਿੱਚ ਹੋਈ ਮੌਤ ਦੇ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਨੇ ਆਨਲਾਈਨ ਸੁਣਵਾਈ ਕਰਦਿਆਂ ਇਹ ਹੁਕਮ ਸੁਣਾਇਆ। ਜੱਜ ਦਾ ਧੰਨਵਾਦ ਪ੍ਰਗਟ ਕਰਦਿਆਂ ਥਰੂਰ ਨੇ ਕਿਹਾ ਕਿ ਪਿਛਲੇ 7 ਸਾਲ ਬੜੇ ਤਕਲੀਫ਼ਦੇਹ ਸਨ ਤੇ ਇਸ ਫੈਸਲੇ ਨਾਲ “ਵੱਡੀ ਰਾਹਤ” ਮਿਲੀ ਹੈ। ਇਸ ਦੌਰਾਨ ਮੈਂ ਮੀਡੀਆ ਦੇ ਇਲਜ਼ਾਮਾਂ ਨੂੰ ਠਰੰਮ੍ਹੇ ਨਾਲ ਬਰਦਾਸ਼ਤ ਕੀਤਾ ਹੈ ਅਤੇ ਭਾਰਤੀ ਨਿਆਂ ਪ੍ਰਣਾਲੀ ਵਿੱਚ ਭਰੋਸਾ ਕਾਇਮ ਰੱਖਿਆ ਹੈ। ਸਾਡੀ ਨਿਆਂ ਪ੍ਰਣਾਲੀ ਵਿੱਚ ਪ੍ਰਕਿਰਿਆ ਵੀ ਇੱਕ ਕਿਸਮ ਦੀ ਸਜ਼ਾ ਹੈ। ਆਖ਼ਰ ਹੁਣ ਅਸੀਂ ਸ਼ਾਂਤੀ ਨਾਲ ਸੁਨੰਦਾ ਦੀ ਮੌਤ ਦਾ ਅਫ਼ਸੋਸ ਕਰ ਸਕਾਂਗੇ।

ਦੱਸ ਦੇਈਏ ਕਿ ਦਿੱਲੀ ਦੇ ਇੱਕ ਪੰਜ ਤਾਰਾ ਹੋਟਲ ਦੇ ਇੱਕ ਕਮਰੇ ਵਿੱਚ 57 ਸਾਲਾ ਸੁਨੰਦਾ ਪੁਸ਼ਕਰ ਦੀ ਲਾਸ਼ 17 ਜਨਵਰੀ 2014 ਨੂੰ ਮਿਲੀ ਸੀ। ਦਿੱਲੀ ਪੁਲਿਸ ਦਾ ਇਲਜ਼ਾਮ ਸੀ ਕਿ ਸ਼ਸ਼ੀ ਥਰੂਰ ਨੇ ਉਨ੍ਹਾਂ ਨੂੰ ਖ਼ੁਦਕੁਸ਼ੀ ਲਈ ਉਕਸਾਇਆ। ਤਿੰਨ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਵਿੱਚ ਥਰੂਰ ਇਕੱਲੇ ਹੀ ਮੁਲਜ਼ਮ ਸਨ। ਸਾਲ 1962 ਵਿੱਚ ਜਨਮੀ ਸੁਨੰਦਾ ਭਾਰਤ ਸ਼ਾਸਿਤ ਕਸ਼ਮੀਰ ਦੇ ਸੋਪੋਰ ਦੇ ਰਹਿਣ ਵਾਲੀ ਸੀ, ਪਿਤਾ ਸੀਨੀਅਰ ਫ਼ੌਜੀ ਅਫ਼ਸਰ ਸਨ। ਸ਼ਸ਼ੀ ਥਰੂਰ ਨਾਲ ਉਨ੍ਹਾਂ ਦਾ ਤੀਜਾ ਵਿਆਹ ਸੀ। ਸੁਨੰਦਾ ਦੇ ਦੂਜੇ ਵਿਆਹ ਤੋਂ ਉਨ੍ਹਾਂ ਦਾ ਇੱਕ ਪੁੱਤਰ ਹੈ। ਸੁਨੰਦਾ ਪੁਸ਼ਕਰ ਦਾ ਨਾਂਅ ਪਹਿਲੀ ਵਾਰ 2010 ਵਿੱਚ ਇੰਡੀਅਨ ਪ੍ਰੀਮੀਅਰ ਲੀਗ ਦੀ ਕੋਚੀ ਟੀਮ ਦੀ ਖ਼ਰੀਦ ਨਾਲ ਜੁੜੇ ਇੱਕ ਵਿਵਾਦ ਵਿੱਚ ਸਾਹਮਣੇ ਆਇਆ ਸੀ। ਕਿਹਾ ਜਾਂਦਾ ਹੈ ਕਿ ਉਸ ਦੀ ਮੌਤ ਦੇ ਪਿੱਛੇ ਸ਼ਸ਼ੀ ਥਰੂਰ ਦੀ ਪਾਕਿਸਤਾਨ ਦੀ ਮਹਿਲਾ ਪੱਤਰਕਾਰ ਨਾਲ ਕਥਿਤ ਦੋਸਤੀ ਸੀ। ਪਰ ਉਸ ਦੀ ਮੌਤ ਵੀ ਇਕ ਭੇਦ ਹੀ ਬਣੀ ਹੋਈ ਹੈ।

Comment here