ਈਰਾਨ-ਪਿਛਲੇ ਸਾਲ “ਆਨਰ ਕਿਲਿੰਗ” ਤੋਂ ਬਾਅਦ ਅਹਵਾਜ਼ ਵਿੱਚ ਮੋਨਾ ਹੈਦਰੀ ਦੇ ਕੱਟੇ ਹੋਏ ਸਿਰ ਨੂੰ ਚੁੱਕ ਕੇ ਸੜਕ ‘ਤੇ ਘੁੰਮਦੇ ਸੱਜਾਦ ਹੈਦਰੀਨਵਾ ਦੀਆਂ ਤਸਵੀਰਾਂ ਨੇ ਵਿਆਪਕ ਰੋਸ ਪੈਦਾ ਕਰ ਦਿੱਤਾ ਸੀ। ਹੁਣ ਈਰਾਨ ਵਿੱਚ 17 ਸਾਲਾ ਪਤਨੀ ਦਾ ਸਿਰ ਕਲਮ ਕਰਨ ਵਾਲੇ ਇੱਕ ਵਿਅਕਤੀ ਨੂੰ ਸਿਰਫ਼ 8 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬੀਬੀਸੀ ਮੁਤਾਬਕ ਅਦਾਲਤ ਦੇ ਬੁਲਾਰੇ ਨੇ ਕਿਹਾ ਕਿ ਸਜ਼ਾ ਇਸ ਲਈ ਘੱਟ ਦਿੱਤੀ ਗਈ ਹੈ, ਕਿਉਂਕਿ ਮੋਨਾ ਦੇ ਮਾਪਿਆਂ ਨੇ ਬਦਲਾ ਲੈਣ ਦੀ ਬਜਾਏ ਉਸ ਨੂੰ ਕਤਲ ਲਈ “ਮਾਫ਼” ਕਰ ਦਿੱਤਾ ਸੀ। ਬੁਲਾਰੇ ਮੁਤਾਬਕ ਸੱਜਾਦ ਹੈਦਰੀਨਵਾ ਨੂੰ ਕਤਲ ਦੇ ਦੋਸ਼ ਵਿੱਚ ਸਾਢੇ 7 ਸਾਲ ਅਤੇ ਹਮਲੇ ਦੇ ਦੋਸ਼ ਵਿੱਚ 8 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਉਥੇ ਹੀ ਇਸ ਕਤਲ ਵਿਚ ਸ਼ਾਮਲ ਸੱਜਾਦ ਦੇ ਭਰਾ ਨੂੰ 45 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਈਰਾਨ ਵਿੱਚ ਜਾਣਬੁੱਝ ਕੇ ਕਤਲ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਹਾਲਾਂਕਿ, ਜੇਕਰ ਮ੍ਰਿਤਕ ਦਾ ਪਰਿਵਾਰ ਦੋਸ਼ੀ ਨੂੰ ਮਾਫ ਕਰ ਦਿੰਦਾ ਹੈ, ਤਾਂ ਸਜ਼ਾ ਘੱਟ ਹੋ ਜਾਂਦੀ ਹੈ। ਮ੍ਰਿਤਕ ਮੋਨਾ ਦਾ 12 ਸਾਲ ਦੀ ਉਮਰ ਵਿਚ ਹੀ ਵਿਆਹ ਹੋ ਗਿਆ ਸੀ ਅਤੇ ਜਦੋਂ ਉਹ ਸਿਰਫ਼ 14 ਸਾਲ ਦੀ ਸੀ ਤਾਂ ਉਸ ਨੇ ਆਪਣੇ ਪੁੱਤਰ ਨੂੰ ਜਨਮ ਦਿੱਤਾ ਸੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮੋਨਾ ਆਪਣੇ ਪਤੀ ਵੱਲੋਂ ਕਥਿਤ ਤੌਰ ‘ਤੇ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਕਾਰਨ ਪਰੇਸ਼ਾਨ ਰਹਿੰਦੀ ਸੀ ਅਤੇ ਸੱਜਾਦ ਤੋਂ ਤਲਾਕ ਲੈਣਾ ਚਾਹੁੰਦੀ ਸੀ। ਇਸੇ ਦੇ ਚੱਲਦੇ ਮੋਨਾ ਤੁਰਕੀ ਭੱਜ ਗਈ ਸੀ। ਉਹ ਪਿਛਲੇ ਸਾਲ ਫਰਵਰੀ ਵਿਚ ਆਪਣੇ ਕਤਲ ਤੋਂ ਕੁਝ ਦਿਨ ਪਹਿਲਾਂ ਈਰਾਨ ਪਰਤੀ ਸੀ, ਕਿਉਂਕਿ ਉਸ ਨੂੰ ਕਥਿਤ ਤੌਰ ‘ਤੇ ਉਸ ਦੇ ਪਰਿਵਾਰ ਤੋਂ ਭਰੋਸਾ ਮਿਲਿਆ ਸੀ ਕਿ ਉਹ ਸੁਰੱਖਿਅਤ ਰਹੇਗੀ।
ਪਤਨੀ ਦਾ ਸਿਰ ਵੱਢਣ ਵਾਲੇ ਪਤੀ ਨੂੰ ਹੋਈ 8 ਸਾਲ ਦੀ ਸਜ਼ਾ

Comment here