ਸਿਆਸਤਖਬਰਾਂ

ਪਟਿਆਲਾ ਧਰਨੇ ਚ ਮਜ਼ਦੂਰ ਬੀਬੀ ਦੀ ਮੌਤ, ਦਸ ਲੱਖ ਦਾ ਮੁਆਵਜ਼ਾ ਮੰਗਿਆ

ਪਟਿਆਲਾ-ਇੱਥੇ ਪੁੱਡਾ ਗਰਾਊਂਡ ਚ ਚੱਲ ਰਹੇ ਸੱਤ ਮਜ਼ਦੂਰ ਜਥੇਬੰਦੀਆਂ ਵੱਲੋਂ ਤਿੰਨ ਦਿਨਾ ਮੋਰਚੇ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਭੂੰਦੜ ਦੀ ਗੁਰਤੇਜ ਕੌਰ (63) ਪਤਨੀ ਗੇਜਾ ਸਿੰਘ ਵੀ ਸ਼ਾਮਲ ਹੋਈ ਸੀ, ਬੀਤੀ ਰਾਤ ਕਰੀਬ 10.30 ਵਜੇ ਮਜ਼ਦੂਰ ਬੀਬੀ ਦੀ ਸਿਹਤ ਵਿਗੜ ਗਈ, ਜਿਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਇਲਾਜ ਲਈ ਲੈ ਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਵਾਅਦੇ ਅਨੁਸਾਰ ਪ੍ਰਸ਼ਾਸਨ ਨੇ ਮੈਡੀਕਲ ਸੁਵਿਧਾ ਅਤੇ ਐਂਬੂਲੈਂਸ ਦਾ ਪ੍ਰਬੰਧ ਨਹੀਂ ਕੀਤਾ ਜਿਸ ਕਾਰਨ ਬੀਬੀ ਦੀ ਮੌਤ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰ ਬੀਬੀ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ,  ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਪਰਿਵਾਰ ਸਿਰ ਚੜ੍ਹਿਆ ਮੁਕੰਮਲ ਕਰਜ਼ਾ ਮੁਆਫ਼ ਕੀਤਾ ਜਾਵੇ। ਦੱਸ ਦੇਈਏ ਕਿ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ‘ਤੇ ਆਧਾਰਤ ਸਾਂਝਾ ਮਜ਼ਦੂਰ ਮੋਰਚਾ ਦੇ ਸੂਬਾਈ ਸੱਦੇ ਤਹਿਤ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ‘ਚ ਪੇਂਡੂ ਅਤੇ ਖੇਤ ਮਜ਼ਦੂਰ ਪਰਵਾਰਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੀ ਪੁੱਡਾ ਗਰਾਉਂਡ ਵਿਖੇ ਸੋਮਵਾਰ ਤੋਂ ਮੋਰਚਾ ਆਰੰਭ ਕਰ ਦਿੱਤਾ ਗਿਆ ਸੀ,  ਚਿਰਾਂ ਤੋਂ ਲਟਕਦੀਆਂ ਮਜ਼ਦੂਰ ਮੰਗਾਂ ਦੇ ਹੱਲ ਲਈ 7 ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 9, 10 ਅਤੇ 11 ਅਗਸਤ ਨੂੰ ਮੋਰਚਾ ਲਗਾਉਣ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਵੱਲ ਮਾਰਚ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ | ਮੋਰਚੇ ਵਿਚ ਹਜ਼ਾਰਾਂ ਦੀ ਗਿਣਤੀ ‘ਚ ਪੇਂਡੂ ਅਤੇ ਖੇਤ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ  ਹੋਈ ਹੈ।
ਸਾਂਝੇ ਮੋਰਚੇ ਦੇ ਆਗੂਆਂ ਨੇ ਕਿਹਾ ਹੈ ਕਿ ਸੂਬਾਈ ਕਾਂਗਰਸ ਸਰਕਾਰ ਵੱਲੋਂ ਚੋਣ ਵਾਅਦਿਆਂ ਨੂੰ ਅਮਲ ਵਿਚ ਲਾਗੂ ਕਰਨ ਦੀ ਥਾਂ ਇਨ੍ਹਾਂ ਤੋਂ ਮੁਕਰਨ ਖਿਲਾਫ ਪੰਜਾਬ ਭਰ ਦੇ ਮਜ਼ਦੂਰਾਂ ਦੇ ਮਨਾਂ ‘ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ | ਸਰਕਾਰ ਲੋਕ-ਵਿਰੋਧੀ ਨੀਤੀਆਂ ਲਾਗੂ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੇ ਰਾਹ ਪਈ ਹੋਈ ਹੈ | ਇਨ੍ਹਾਂ ਨੀਤੀਆਂ ਕਾਰਨ ਮਜ਼ਦੂਰਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ | ਦੋ ਡੰਗ ਦਾ ਚੁੱਲ੍ਹਾ ਤਪਦਾ ਰੱਖਣ ਤੋਂ ਵੀ ਅਵਾਜ਼ਾਰ ਮਜ਼ਦੂਰ ਕਰਜ਼ਾ ਕੁੜਿੱਕੀ ਵਿੱਚ ਫਸੇ ਹੋਏ ਹਨ | ਕਾਂਗਰਸ ਸਰਕਾਰ ਵਾਅਦੇ ਅਨੁਸਾਰ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ ਕਰਨ, ਰੁਜ਼ਗਾਰ, ਰਿਹਾਇਸ਼ੀ ਪਲਾਟ ਦੇਣ, ਘਰੇਲੂ ਬਿਜਲੀ ਬਿੱਲ ਮੁਆਫ ਕਰਨ, ਸਮਾਜਕ ਜਬਰ ਤੋਂ ਨਿਜਾਤ ਦਿਵਾਉਣ ਆਦਿ ਵਿਚ ਅਸਫਲ ਸਿੱਧ ਹੋਈ ਹੈ | ਆਗੂਆਂ ਕਿਹਾ ਕਿ ਫਾਸ਼ੀਵਾਦੀ ਮੋਦੀ ਸਰਕਾਰ ਦੁਆਰਾ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਨੂੰ ਰੱਦ ਕਰਨ ਸੰਬੰਧੀ ਸੂਬਾ ਸਰਕਾਰ ਵਿਧਾਨ ਸਭਾ ਵਿਚ ਮਤਾ ਪਾਸ ਨਾ ਕਰਕੇ ਵੀ ਮਜ਼ਦੂਰਾਂ ਨਾਲ ਵਿਤਕਰੇਬਾਜ਼ੀ ਕਰ ਚੁੱਕੀ ਹੈ |  ਪੇਂਡੂ ਅਤੇ ਖੇਤ ਮਜ਼ਦੂਰਾਂ ਪਾਸ ਆਪਣੀਆਂ ਮੰਗਾਂ ਮਸਲਿਆਂ ਦੇ ਹੱਲ ਲਈ ਸੰਘਰਸ਼ ਕਰਨ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਹੈ | ਇਸ ਮੋਰਚੇ  ਨੂੰ ਕਿਸਾਨ ਜਥੇਬੰਦੀਆਂ ਦਾ ਵੀ ਸਮਰਥਨ ਹਾਸਲ ਹੈ।

 

Comment here