ਚੰਡੀਗੜ੍ਹ-ਦੋ ਵੱਡੇ ਮਹਾਂਨਗਰਾਂ ਪਟਿਆਲਾ ਅਤੇ ਅੰਮ੍ਰਿਤਸਰ ਨੂੰ ਸੂਬਾ ਸਰਕਾਰ ਵੱਡਾ ਤੋਹਫਾ ਦੇਣ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਦੋਵਾਂ ਸ਼ਹਿਰਾਂ ਵਿੱਚ ਈ-ਬੱਸਾਂ ਚਲਾਉਣ ਦਾ ਐਲਾਨ ਕੀਤਾ ਹੈ। ਮਾਨ ਨੇ ਦਾਅਵਾ ਕੀਤਾ ਹੈ ਕਿ ਇਹ ਈ-ਬੱਸਾਂ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਚਲਾਈਆਂ ਜਾ ਰਹੀਆਂ ਹਨ। ਜੇਕਰ ਨਤੀਜੇ ਚੰਗੇ ਨਿਕਲੇ ਤਾਂ ਬਾਕੀ ਸ਼ਹਿਰਾਂ ਵਿੱਚ ਵੀ ਈ-ਬੱਸਾਂ ਚਲਾਉਣ ਬਾਰੇ ਵਿਚਾਰ ਕੀਤਾ ਜਾਵੇਗਾ। ਮਾਨ ਨੇ ਕੀਤਾ ਟਵੀਟ : ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ, ‘ਦੋ ਸ਼ਹਿਰਾਂ ‘ਚ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਈ-ਬੱਸਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ..ਪਹਿਲਾਂ ਪਟਿਆਲੇ ਤੇ ਫੇਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੋਕਾਂ ਦੀ ਸ਼ਹਿਰ ‘ਚ ਹੁੰਦੀ ਖੱਜਲ ਖ਼ੁਆਰੀ ਖ਼ਤਮ ਕਰਨ ਲਈ ਈ-ਬੱਸਾਂ ਚਲਾਵਾਂਗੇ..’
ਸੀਐੱਮ ਮਾਨ ਨੇ ਇਹ ਵੀ ਕਿਹਾ ਹੈ ਕਿ ਇਤਿਹਾਸਿਤ ਸ਼ਹਿਰ ਅੰਮ੍ਰਿਤਸਰ ਵਿੱਚ ਰੋਜ਼ਾਨਾ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਇੱਕ ਸਮਰਪਿਤ ਫੋਰਸ ਵੀ ਬਣਾਈ ਜਾਵੇਗੀ। ਕਿਉਂ ਕਿ ਅੰਮ੍ਰਿਤਸਰ ਵਿੱਚ ਹਰ ਰੋਜ਼ ਇੱਕ ਲੱਖ ਤੋਂ ਵਧੇਰੇ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਇਹ ਇਕਾਈ ਵੱਖਰੀ ਵਰਦੀ ਵਿੱਚ ਤੈਨਾਤ ਰਹੇਗੀ ਤਾਂ ਜੋ ਸ਼ਰਧਾਲੂ ਇਨ੍ਹਾਂ ਦੀ ਪਛਾਣ ਕਰ ਸਕਣ ਅਤੇ ਲਾਹਾ ਲੈ ਸਕਣ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅੰਮ੍ਰਿਤਸਰ ਵਿੱਚ ਸ਼ਟਲ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ। ਇਸ ਨਾਲ ਸ਼ਹਿਰ ਵਿੱਚ ਪ੍ਰਦੂਸ਼ਣ ਘਟੇਗਾ ਅਤੇ ਸ਼ਰਧਾਲੂਆਂ ਦੇ ਨਾਲ ਨਾਲ ਸ਼ਹਿਰ ਦੇ ਲੋਕਾਂ ਨੂੰ ਵੀ ਲਾਭ ਮਿਲੇਗਾ। ਸਰਕਾਰ ਪੁਲਿਸ ਤੇ ਟਰੈਫਿਕ ਮੈਨੇਜਮੈਂਟ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰ ਰਹੀ ਹੈ।
ਪਟਿਆਲਾ ਤੇ ਅੰਮ੍ਰਿਤਸਰ ‘ਚ ਚੱਲਣਗੀਆਂ ਈ-ਬੱਸਾਂ : ਭਗਵੰਤ ਮਾਨ

Comment here