ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਪਟਿਆਲਾ ਘਟਨਾ ਦਾ ਮਾਸਟਰਮਾਈਂਡ ਪਰਵਾਨਾ ਗ੍ਰਿਫਤਾਰ

ਪਟਿਆਲਾ- ਬੀਤੇ ਦਿਨ ਸ਼ਿਵ ਸੈਨਾ ਵਰਕਰਾਂ ਅਤੇ ਖਾਲਿਸਤਾਨੀਆਂ ਵਿੱਚ ਪਟਿਆਲਾ ਵਿੱਚ ਹਿੰਸਕ ਝੜਪਾਂ ਹੋਈਆਂ ਸਨ, ਇਸ ਮਾਮਲੇ ਚ ਪੁਲਸ ਪ੍ਰਸ਼ਾਸਨ ਸਖਤ ਕਦਮ ਚੁੱਕ ਰਿਹਾ ਹੈ। ਘਟਨਾ ਮਾਮਲਾ ‘ਚ ਮਾਸਟਰਮਾਈਂਡ ਮੰਨੇ ਜਾ ਰਹੇ ਖਾਲਿਸਤਾਨੀ ਕਾਰਕੁੰਨ ਬਰਜਿੰਦਰ ਪਰਵਾਨਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਆਈਜੀ ਤੇ ਐਸਐਸਪੀ ਪ੍ਰੈਸ ਕਾਨਫਰੰਸ ਕਰ ਕੇ ਜਾਣਕਾਰੀ ਦੇਣਗੇ। ਜ਼ਿਕਰਯੋਗ ਹੈ ਕਿ ਪਰਵਾਨੇ ਉੱਪਰ ਪਹਿਲਾਂ ਤੋਂ ਹੀ ਚਾਰ ਕੇਸ ਦਰਜ ਹਨ ਤੇ ਉਹ ਜ਼ਮਾਨਤ ‘ਤੇ ਬਾਹਰ ਸੀ। ਹਾਲਾਂਕਿ ਮੀਡੀਆ ਸੂਤਰਾਂ ਅਨੁਸਾਰ ਬਰਜਿੰਦਰ ਸਿੰਘ ਪਰਵਾਨਾ ਨੂੰ ਮੋਹਾਲੀ ਤੋਂ ਛਾਪੇਮਾਰੀ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਬੀਤੀ ਸ਼ਾਮ ਪ੍ਰੈੱਸ ਕਾਨਫਰੰਸ ’ਚ ਨਵੇਂ ਨਿਯੁਕਤ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਸੀ ਕਿ ਮੁੱਖ ਸਾਜ਼ਿਸ਼ਕਰਤਾ ਦੀ ਪਛਾਣ ਕਰ ਲਈ ਗਈ ਹੈ। ਬਰਜਿੰਦਰ ਸਿੰਘ ਪਰਵਾਨਾ ਨਾਂ ਦਾ ਇਹ ਸ਼ਖ਼ਸ ਕਈ ਮਾਮਲਿਆਂ ’ਚ ਲੁੜੀਂਦਾ ਹੈ। ਉਸ ’ਤੇ ਚਾਰ ਕੇਸ ਦਰਜ ਹਨ। ਰਾਜਪੁਰਾ ਦੇ ਗੁਰੂ ਗੋਬਿੰਦ ਸਿੰਘ ਨਗਰ ਦਾ ਰਹਿਣ ਵਾਲਾ ਪਰਵਾਨਾ ਹੀ ਭੀਡ਼ ਨੂੰ ਸ੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਇਕੱਠਾ ਕਰਨ ਤੇ ਭਡ਼ਕਾਉਣ ਦਾ ਮਾਸਟਰ ਮਾਈਂਡ ਹੈ। ਉਸ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਸ ਖ਼ਿਲਾਫ਼ ਲੁੱਕਆਊਟ ਸਰਕੂਲਰ (ਐੱਲਓਸੀ) ਵੀ ਜਾਰੀ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਵਿਦੇਸ਼ ਨਾ ਭੱਜ ਸਕੇ। ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ’ਚ ਕੁਲਦੀਪ ਸਿੰਘ, ਦਲਜੀਤ ਸਿੰਘ ਤੇ ਸ਼ਿਵ ਸੈਨਾ ਬਾਲ ਠਾਕਰੇ ਤੋਂ ਬਰਖ਼ਾਸਤ ਹਰੀਸ਼ ਸਿੰਗਲਾ ਸ਼ਾਮਲ ਹਨ। ਸਿੰਗਲਾ ਨੂੰ ਸ਼ੁੱਕਰਵਾਰ ਰਾਤ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਨੂੰ ਦੋ ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ। ਉਸਦੇ 50 ਸਮਰਥਕਾਂ ’ਤੇ ਵੀ ਕੇਸ ਦਰਜ ਹੋਇਆ ਹੈ। ਆਈਜੀ ਛੀਨਾ ਨੇ ਕਿਹਾ ਕਿ ਕੋਤਵਾਲੀ ਥਾਣੇ ’ਚ ਪੰਜ ਮਾਮਲੇ ਤੇ ਥਾਣਾ ਲਾਹੌਰੀ ਗੇਟ ’ਚ ਇਕ ਕੇਸ ਦਰਜ ਹੋਇਆ ਹੈ। ਹੋਰ ਦੰਗਾਕਾਰੀਆਂ ਨੂੰ ਫਡ਼ਨ ਲਈ ਛਾਪੇ ਮਾਰੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਖ਼ਾਲਿਸਤਾਨ ਸਮਰਥਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਸਮਰਥਕਾਂ ’ਚ ਪਟਿਆਲਾ ਦੇ ਸ੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਟਕਰਾਅ ਹੋ ਗਿਆ ਸੀ, ਜਿਸ ਵਿਚ ਇਕ ਐੱਸਐੱਚਓ ਸਮੇਤ 20 ਲੋਕ ਜ਼ਖ਼ਮੀ ਹੋਏ ਸਨ। ਇਸ ਘਟਨਾ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਕਰਫਿਊ ਲਾ ਦਿੱਤਾ ਗਿਆ ਸੀ, ਜਿਹਡ਼ਾ ਸ਼ਨਿਚਰਵਾਰ ਸਵੇਰੇ ਸੱਤ ਵਜੇ ਖ਼ਤਮ ਹੋ ਗਿਆ। ਇਸ ਪਿੱਛੋਂ ਪ੍ਰਸ਼ਾਸਨ ਨੇ ਸ਼ਾਮ ਸਾਢੇ ਛੇ ਵਜੇ ਤਕ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ, ਪਰ ਮਾਹੌਲ ਠੀਕ ਹੋਣ ’ਤੇ ਸਾਢੇ ਚਾਰ ਵਜੇ ਹੀ ਇਸ ਨੂੰ ਬਹਾਲ ਕਰ ਦਿੱਤਾ ਗਿਆ।

Comment here