ਸਿਆਸਤਖਬਰਾਂ

ਪਟਾਕਿਆਂ ਤੇ ਪਾਬੰਦੀ ਨੇ ਲੱਖਾਂ ਲੋਕਾਂ ਦਾ ਰੁਜ਼ਗਾਰ ਖੋਹਿਆ

ਨਵੀਂ ਦਿੱਲੀ- ਵਾਤਾਵਾਰਨ ਦੀ ਸੁਰਖਿਆ ਦੇ ਮੱਦੇਨਜ਼ਰ ਦੇਸ਼ ਦੇ ਕਈ ਸੂਬਿਆਂ ਵਿਚ ਆਤਿਸ਼ਬਾਜ਼ੀ ’ਤੇ ਪੂਰੀ ਤਰ੍ਹਾਂ ਪਾਬੰਦੀ ਨਾਲ ਦੇਸ਼ ਭਰ ਵਿਚ ਪਟਾਕਾ ਉਦਯੋਗ ਲਈ ਪ੍ਰਸਿੱਧ ਸ਼ਿਵਕਾਸ਼ੀ ਵਿਚ ਡੇਢ ਲੱਖ ਤੋਂ ਵੱਧ ਲੋਕਾਂ ਦੀ ਨੌਕਰੀ ਚਲੀ ਗਈ ਹੈ। ਕੋਵਿਡ-19 ਦੇ ਕਾਰਨ ਦੋ ਸਾਲ ਤੋਂ ਠੱਪ ਪਏ ਕਾਰੋਬਾਰ ਤੋਂ ਬਾਅਦ ਪਟਾਕਾ ਨਿਰਮਾਤਾ ਇਸ ਦੀਵਾਲੀ ਉਛਾਲ ਦੀ ਉਮੀਦ ਲਗਾਈ ਬੈਠੇ ਸਨ, ਪਰ ਉਨ੍ਹਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ 90 ਫ਼ੀਸਦੀ ਪਟਾਕਿਆਂ ਦਾ ਉਤਪਾਦਨ ਸ਼ਿਵਕਾਸ਼ੀ ਵਿਚ ਹੀ ਹੁੰਦਾ ਹੈ। ਇੱਥੇ ਪਟਾਕਾ ਉਦਯੋਗ ਵਿਚ ਸੱਤ ਲੱਖ ਤੋਂ ਉੱਪਰ ਕਰਮਚਾਰੀ ਕੰਮ ਕਰਦੇ ਹਨ। ਇਕ ਹਜ਼ਾਰ ਪੰਜੀਕ੍ਰਿਤ ਪਟਾਕਾ ਨਿਰਮਾਣ ਇਕਾਈਆਂ ਹਨ। ਸਾਢੇ ਛੇ ਲੱਖ ਤੋਂ ਵੱਧ ਪਰਿਵਾਰਾਂ ਦੀ ਰੋਜ਼ੀ-ਰੋਟੀ ਸਿਰਫ਼ ਪਟਾਕਾ ਉਦਯੋਗ ਤੋਂ ਚੱਲਦੀ ਹੈ। ਬੇਰੀਅਮ ’ਤੇ ਪਾਬੰਦੀ ਸਣੇ ਹਾਲ ਦੇ ਘਟਨਾਕ੍ਰਮਾਂ ਨੇ 1.5 ਲੱਖ ਤੋਂ ਵੱਧ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ। ਇਕ ਮੁਲਾਜ਼ਮ ਨੇ ਕਿਹਾ ਕਿ ਸਭ ਤੋਂ ਪ੍ਰਚਲਿਤ ਲਡ਼ੀ ਵਾਲੇ ਪਟਾਕਿਆਂ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪੂਰੀ ਤਰ੍ਹਾਂ ਨਾਲ ਹੱਥਾਂ ਨਾਲ ਬਣਦੇ ਹਨ। ਜਦੋਂ ਇਹ ਕੰਮ ਬਚਿਆ ਹੀ ਨਹੀਂ ਹੈ ਤਾਂ ਮਜ਼ਦੂਰਾਂ ਦੀ ਨੌਕਰੀ ਵੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਕ ਫੈਕਟਰੀ ਦੇ ਕਰੀਬ 40 ਫ਼ੀਸਦੀ ਮੁਲਾਜ਼ਮ ਇਹ ਲਡ਼ੀ ਵਾਲੇ ਪਟਾਕੇ ਬਣਾਉਣ ਦੇ ਕੰਮ ਵਿਚ ਹੀ ਲੱਗੇ ਹੁੰਦੇ ਸਨ। ਪਟਾਕਾ ਮਜ਼ਦੂਰ ਨਾਗੇਂਦਰ ਨੇ ਕਿਹਾ ਕਿ ਉਸ ਨੇ ਪਿਛਲੇ 20 ਪਟਾਕਾ ਫੈਕਟਰੀ ਵਿਚ ਕੰਮ ਕਰਦੇ ਹੋਏ ਬਿਤਾਏ ਹਨ। ਸ਼ਿਵਕਾਸ਼ੀ ਖੇਤਰ ਵਿਚ ਪਟਾਕਾ ਉਦਯੋਗ ਇੱਕੋ-ਇਕ ਉਦਯੋਗ ਹੈ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਆਤਿਸ਼ਬਾਜ਼ੀ ਉਦਯੋਗ ਕੁਝ ਰਸਾਇਣਾਂ ਦੇ ਇਸਤੇਮਾਲ ’ਤੇ ਪਾਬੰਦੀ ਅਤੇ ਕੁਝ ਵਿਸਫੋਟਕਾਂ ਦੇ ਨਿਰਮਾਣ ’ਤੇ ਰੋਕ ਵਰਗੇ ਮੁੱਦਿਆਂ ਨਾਲ ਜੂਝ ਰਿਹਾ ਹੈ। ਇਕ ਹੋਰ ਮੁਲਾਜ਼ਮ ਮੁਲਾਜ਼ਮ ਨਗਮਾ ਨੇ ਕਿਹਾ ਕਿ ਹੁਣ ਪਟਾਕਿਆਂ ਦਾ ਕੋਈ ਉਤਪਾਦਨ ਜਾਂ ਵਿਕਰੀ ਨਹੀਂ ਹੈ। ਅਸੀਂ ਪਟਾਕਿਆਂ ਤੋਂ ਇਲਾਵਾ ਕਿਸੇ ਹੋਰ ਕਾਰੋਬਾਰ ਨੂੰ ਨਹੀਂ ਜਾਣਦੇ ਹਾਂ। ਹੁਣ ਜਈਏ ਤਾਂ ਕਿੱਥੇ ਜਾਈਏ? ਸਾਨੂੰ ਨੌਕਰੀ ਤੋਂ ਹੱਥ ਧੋਣਾ ਪੈ ਰਿਹਾ ਹੈ। ਸਰਕਾਰ ਨੂੰ ਇਸ ’ਤੇ ਵਿਚਾਰ ਕਰਨਾ ਚਾਹੀਦਾ ਅਤੇ ਸਾਡੇ ਬਾਰੇ ਕਲਿਆਣਕਾਰੀ ਫ਼ੈਸਲੇ ਲੈਣੇ ਚਾਹੀਦੇ ਹਨ।

Comment here