ਪਟਨਾ-ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਰਹੇ ਭਾਈ ਰਾਜਿੰਦਰ ਸਿੰਘ ਦੀ ਹੱਤਿਆ ਮਾਮਲੇ ’ਚ ਐੱਫਆਈਆਰ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੇ ਆਈਓ ਪ੍ਰਦੀਪ ਕੁਮਾਰ ਤਖ਼ਤ ਸਾਹਿਬ ਪੁੱਜੇ। ਜਿਹੜੇ ਕਮਰੇ ’ਚ ਹੈੱਡ ਗ੍ਰੰਥੀ ਜ਼ਖ਼ਮੀ ਹਾਲਤ ’ਚ ਮਿਲੇ, ਉੱਥੋਂ ਉਨ੍ਹਾਂ ਨੇ ਕਈ ਸਬੂਤ ਇਕੱਠੇ ਕੀਤੇ। ਇਹ ਸਵਾਲ ਉੱਠ ਰਿਹਾ ਹੈ ਕਿ ਤਖ਼ਤ ਸਾਹਿਬ ’ਚ 24 ਘੰਟੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਰਹਿੰਦੀ ਹੈ, ਉੱਥੇ ਸਖ਼ਤ ਸੁਰੱਖਿਆ ਹੋਣ ਦੇ ਬਾਵਜੂਦ ਆਖ਼ਰ ਹੈੱਡ ਗ੍ਰੰਥੀ ਦੇ ਕਮਰੇ ’ਚ ਕੌਣ ਤੇ ਕਿਵੇਂ ਪੁੱਜਾ ਅਤੇ ਘਟਨਾ ਨੂੰ ਅੰਜਾਮ ਦੇਣ ਪਿੱਛੋਂ ਬਾਹਰੋਂ ਕਮਰੇ ਨੂੰ ਦਰਵਾਜ਼ਾ ਬੰਦ ਕਰ ਕੇ ਕਿਵੇਂ ਭੱਜ ਗਿਆ। 13 ਜਨਵਰੀ ਨੂੰ ਵਾਪਰੀ ਇਸ ਘਟਨਾ ਤੋਂ ਪਹਿਲਾਂ ਤਖ਼ਤ ਸਾਹਿਬ ਸਥਿਤ ਕਮਰਿਆਂ ’ਚ ਠਹਿਰਣ ਵਾਲਿਆਂ ਬਾਰੇ ਪੁਲਿਸ ਜਾਣਕਾਰੀ ਇਕੱਠੀ ਕਰ ਰਹੀ ਹੈ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਕਿਤੇ ਕੋਈ ਆਦਮੀ ਆਪਣੀ ਪਛਾਣ ਲੁਕਾ ਕੇ ਬਿਨਾਂ ਜਾਣਕਾਰੀ ਦਿੱਤਿਆਂ ਤਾਂ ਤਖ਼ਤ ਸਾਹਿਬ ਦੇ ਕਮਰਿਆਂ ’ਚ ਨਹੀਂ ਰਹਿ ਰਿਹਾ ਸੀ। ਥਾਣਾ ਮੁਖੀ ਗੌਰੀ ਸ਼ੰਕਰ ਗੁਪਤਾ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ। ਉੱਧਰ, ਸੇਵਾਦਾਰ ਸਮਾਜ ਕਲਿਆਣ ਕਮੇਟੀ ਦੇ ਮੁੱਖ ਸਰਪ੍ਰਸਤ ਸਰਦਾਰ ਤ੍ਰਿਲੋਕ ਸਿੰਘ ਨਿਸ਼ਾਦ ਨੇ ਸੁਰੱਖਿਆ ਵਿਵਸਥਾ ’ਤੇ ਸਵਾਲ ਖੜ੍ਹੇ ਕਰਦਿਆਂ ਤਖ਼ਤ ਸਾਹਿਬ ’ਚ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਗ੍ਰੰਥੀਆਂ ਤੇ ਸੇਵਾਦਾਰਾਂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹੈੱਡ ਗ੍ਰੰਥੀ ਦੀ ਮੌਤ ਦੀ ਨੈਤਿਕ ਜਵਾਬਦੇਹੀ ਲੈਂਦਿਆਂ ਪ੍ਰਬੰਧਕ ਕਮੇਟੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।
Comment here