ਸਿਆਸਤਖਬਰਾਂ

ਪਟਨਾ ਸਾਹਿਬ ਦੇ ਮੁੱਖ ਗ੍ਰੰਥੀ ਦਾ ਦੇਹਾਂਤ- ਹੱਤਿਆ ਜਾਂ ਆਤਮਹੱਤਿਆ!!

ਪਟਨਾ-ਤਖ਼ਤ ਪਟਨਾ ਸਾਹਿਬ ਸਥਿਤ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ 70 ਸਾਲਾਂ ਭਾਈ ਰਜਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਗਰਦਨ ਕਿਰਪਾਨ ਨਾਲ ਕੱਟ ਗਈ ਸੀ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਹੱਤਿਆ ਹੈ ਜਾਂ ਆਤਮਹੱਤਿਆ। ਉਨ੍ਹਾਂ ਦਾ ਦੇਹਾਂਤ ਪਟਨਾ ਦੇ ਵੱਡੇ ਹਸਪਤਾਲ ਪੀਐੱਮਸੀਐੱਚ ’ਚ ਐਤਵਾਰ ਨੂੰ ਦੇਰ ਰਾਤ 2:45 ਵਜੇ ਇਲਾਜ ਦੌਰਾਨ ਹੋ ਗਿਆ। ਉਹ 13 ਜਨਵਰੀ ਤੋਂ ਹੀ ਭਰਤੀ ਸੀ। ਉਨ੍ਹਾਂ ਦੀ ਹਾਲਤ ’ਚ ਲਗਾਤਾਰ ਸੁਧਾਰ ਵੀ ਹੋ ਰਿਹਾ ਸੀ।
ਹਸਪਤਾਲ ’ਚ ਉਨ੍ਹਾਂ ਨਾਲ ਰਹੇ ਪੁੱਤਰ ਦਇਆ ਸਿੰਘ ਨੇ ਦੱਸਿਆ ਕਿ ਪਿਤਾ ਦੀ ਤਬੀਅਤ ’ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਸੀ। ਰਾਤ ਨੂੰ ਉਨ੍ਹਾਂ ਨੂੰ ਦਾਲ ਦਾ ਪਾਣੀ ਵੀ ਦਿੱਤਾ ਗਿਆ ਸੀ। ਉਹ ਇਸ਼ਾਰਿਆ ਨਾਲ ਸਮਝਾਉਣ ਵੀ ਲੱਗ ਗਏ ਸੀ। ਰਾਤ ਨੂੰ ਇਕ ਦਮ ਸਾਹ ਲੈਣ ’ਚ ਮੁਸ਼ਕਿਲ ਹੋਣ ਕਾਰਨ ਦੇਰ ਰਾਤ 2:45 ਵਜੇ ਆਖ਼ਰੀ ਸਾਹ ਲਿਆ। ਪੁੱਤਰ ਨੇ ਦੱਸਿਆ ਕਿ ਸਰੀਰ ਦੇ ਪੋਸਟਮਾਰਟਮ ਤੋਂ ਹੀ ਪਤਾ ਲੱਗੇਗਾ ਕਿ ਉਨ੍ਹਾਂ ਨੇ ਆਪਣੇ ਆਪ ਗਲੇ ਨੂੰ ਕੱਟਣ ਦੀ ਕੋਸ਼ਿਸ ਕੀਤੀ ਜਾਂ ਫਿਰ ਇਹ ਹੱਤਿਆ ਹੈ।
ਪੁੱਤਰ ਨੇ ਦੱਸਿਆ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਮ੍ਰਿਤ ਸਰੀਰ ਨੂੰ ਤਖ਼ਤ ਸਾਹਿਬ ’ਚ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ ਤੇ ਦੇਰ ਸ਼ਾਮ ਉਨ੍ਹਾਂ ਦਾ ਸਸਕਾਰ ਖਾਜੇਕਲਾਂ ਘਾਟ ’ਤੇ ਕੀਤਾ ਜਾਵੇਗਾ। ਇਸ ਦੇਹਾਂਤ ਦੀ ਖ਼ਬਰ ਮਿਲਦਿਆ ਹੀ ਸਿੱਖ ਧਰਮ ’ਚ ਸੋਗ ਦੀ ਲਹਿਰ ਫ਼ੈਲ ਗਈ ਹੈ।
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਤੇ ਹੋਰ ਸਾਰੇ ਮੈਂਬਰਾਂ ਨੇ ਆਪਣਾ ਸੋਗ ਜਾਹਿਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਗ੍ਰੰਥੀ ’ਤੇ ਹੋਏ ਹਮਲੇ ਦੀ ਉੱਚ ਪੱਧਰ ’ਤੇ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਹ ਗੁਰਦੁਆਰਾ ਸਾਹਿਬ ’ਚ ਸਥਿਤ ਆਪਣੇ ਕਮਰੇ ’ਚ ਲਹੂ ਲੁਹਾਣ ਹਾਲਤ ’ਚ ਆਖ਼ਰ ਕਿਵੇਂ ਪਾਏ ਗਏ।
ਮ੍ਰਿਤ ਦੇ ਛੋਟੇ ਪੁੱਤਰ ਅਨੁਸਾਰ ਜਦ ਉਹ 13 ਜਨਵਰੀ ਦੀ ਸਵੇਰ ਪਿਤਾ ਜੀ ਲਈ ਚਾਹ ਲੈਕੇ ਗਿਆ ਤਾਂ ਦਰਵਾਜ਼ਾ ਬਾਹਰ ਤੋਂ ਬੰਦ ਸੀ ਜਦ ਦਰਵਾਜ਼ਾ ਖੋਲਿ੍ਹਆ ਤਾਂ ਪਿਤਾ ਜੀ ਬਿਸਤਰੇ ’ਤੇ ਖ਼ੂਨ ਨਾਲ ਲੱਥ-ਪੱਥ ਹਾਲਤ ’ਚ ਸੀ। ਉਸ ਦਾ ਕਹਿਣਾ ਹੈ ਕਿ ਜਿਸ ਕਿਰਪਾਨ ਨਾਲ ਪਿਤਾ ਜੀ ਦੁਆਰਾ ਆਤਮਹੱਤਿਆ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਉਹ ਕਿਰਪਾਨ ਕਮਰੇ ’ਚੋਂ ਨਹੀਂ ਮਿਲੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।

Comment here