ਪਹਿਲੀ ਜੁਲਾਈ ਨੂੰ ਆਰਐੱਸਐੱਸ ਦੇ ਇੱਕ ਪ੍ਰਮੁੱਖ ਅਹੁਦੇਦਾਰ ਨੇ ਸੁਪਰੀਮ ਕੋਰਟ ਦੇ ਉਸ ਫ਼ੈਸਲੇ ’ਤੇ ਅਸਹਿਮਤੀ ਜਤਾਈ ਜਿਸ ਵਿਚ ਅਦਾਲਤ ਨੇ ਨੂਪੁਰ ਸ਼ਰਮਾ ਨੂੰ ਮੁਲਕ ਵਿਚ ਵਾਪਰ ਰਹੀਆਂ ਘਟਨਾਵਾਂ ਲਈ ਵਿਅਕਤੀਗਤ ਤੌਰ ’ਤੇ ਸਭ ਤੋਂ ਵੱਡੀ ਕਸੂਰਵਾਰ ਠਹਿਰਾਇਆ ਸੀ। ਉਦੈਪੁਰ ਦੇ ਇੱਕ ਦਰਜ਼ੀ ਕਨ੍ਹੱਈਆ ਲਾਲ ਤੇਲੀ ਦੀ ਬੇਕਿਰਕ ਹੱਤਿਆ ਦਾ ਹਵਾਲਾ ਦਿੰਦਿਆਂ ਆਰਐੱਸਐੱਸ ਅਹੁਦੇਦਾਰ ਨੇ ਆਖਿਆ, “ਤਾਲਿਬਾਨ ਤਰਜ਼ ਵਾਲੀ ਇਹ ਘਟਨਾ ਕਿਸੇ ਭੜਕਾਹਟ ਦੇ ਪ੍ਰਤੀਕਰਮ ਵਜੋਂ ਨਹੀਂ ਵਾਪਰੀ ਸਗੋਂ ਖਾਸ ਮਨੋਦਸ਼ਾ ਅਤੇ ਵਿਸ਼ਵਾਸ ਤੰਤਰ ਕਰ ਕੇ ਵਾਪਰੀ ਸੀ।”
ਕੀ ਇਸੇ ਸੂਬੇ ਵਿਚ ਸਾਲ 2017 ਵਿਚ ਤਾਲਿਬਾਨ/ ਇਸਲਾਮਿਕ ਸਟੇਟ ਦੀ ਤਰਜ਼ ’ਤੇ ਕੀਤੀ ਗਈ ਘੱਟਗਿਣਤੀ ਭਾਈਚਾਰੇ ਦੇ 48 ਸਾਲਾ ਮਜ਼ਦੂਰ ਦੀ ਹੱਤਿਆ ਬਾਰੇ ਵੀ ਉਹ ਆਰਐੱਸਐੱਸ ਆਗੂ ਇਹੀ ਗੱਲ ਆਖ ਸਕੇਗਾ? 8 ਦਸੰਬਰ 2017 ਨੂੰ ਰਾਜਸਥਾਨ ਦੇ ਰਾਜਸਮੰਦ ਸ਼ਹਿਰ ਵਿਚ ਸ਼ੰਭੂ ਲਾਲ ਰੈਗਰ ਨੇ ਇੱਕ ਪਰਵਾਸੀ ਮਜ਼ਦੂਰ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਤੇ ਫਿਰ ਲਾਸ਼ ਅੱਗ ਲਾ ਕੇ ਸਾੜ ਦਿੱਤੀ ਸੀ। ਬਾਅਦ ਵਿਚ ਪਤਾ ਲੱਗਿਆ ਸੀ ਕਿ ਮਰਨ ਵਾਲਾ ਮਜ਼ਦੂਰ ਤਿੰਨ ਧੀਆਂ ਦਾ ਪਿਓ ਸੀ ਅਤੇ 12 ਸਾਲਾਂ ਤੋਂ ਰਾਜਸਥਾਨ ਵਿਚ ਰਹਿ ਰਿਹਾ ਸੀ। ਉਹ ਆਪਣੀ ਧੀ ਦੇ ਵਿਆਹ ਦਾ ਕਾਜ ਰਚਾਉਣ ਲਈ ਪੱਛਮੀ ਬੰਗਾਲ ਵਾਪਸ ਜਾਣ ਦੀ ਤਿਆਰੀ ਕਰ ਰਿਹਾ ਸੀ। ਇਸਲਾਮਿਕ ਸਟੇਟ ਦੇ ਕਾਤਲਾਂ ਵਾਂਗ ਹੀ ਸ਼ੰਭੂ ਲਾਲ ਰੈਗਰ ਨੇ ਆਪਣੇ ਇੱਕ ਭਤੀਜੇ ਦੀ ਮਦਦ ਨਾਲ ਇਸ ਘਿਨਾਉਣੀ ਹੱਤਿਆ ਦੀ ਵੀਡਿਓ ਬਣਵਾਈ ਅਤੇ ਫਿਰ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਜਿਸ ਵਿਚ ਰੈਗਰ ਉਸ ਮਜ਼ਦੂਰ ’ਤੇ ਲਵ ਜਹਾਦ ਵਿਚ ਸ਼ਾਮਲ ਹੋਣ ਦੇ ਦੋਸ਼ ਲਾਉਂਦਾ ਸੁਣਾਈ ਦਿੰਦਾ ਹੈ ਜਦੋਂਕਿ ਉਹ ਮਜ਼ਦੂਰ ਉਸ ਦੇ ਸਾਹਮਣੇ ਰਹਿਮ ਦੀ ਭੀਖ ਮੰਗ ਰਿਹਾ ਸੀ।
ਮੀਡੀਆ ਰਾਹੀਂ ਇਹ ਵੀ ਪਤਾ ਲੱਗਿਆ ਹੈ ਕਿ ਰੈਗਰ ਨੇ ਜੋਧਪੁਰ ਕੇਂਦਰੀ ਜੇਲ੍ਹ ਵਿਚੋਂ ਨਫ਼ਰਤੀ ਸੰਦੇਸ਼ਾਂ ਵਾਲੀਆਂ ਦੋ ਹੋਰ ਵੀਡੀਓਜ਼ ਵੀ ਸਰਕੁਲੇਟ ਕੀਤੀਆਂ ਸਨ ਜਿਨ੍ਹਾਂ ਵਿਚ ਹਿੰਦੂਆਂ ਨੂੰ ਜਹਾਦੀਆਂ ਖਿਲਾਫ਼ ਇਕਜੁੱਟ ਹੋਣ ਲਈ ਕਿਹਾ ਗਿਆ ਹੈ। ਕੀ ਕੋਈ ਵੀ ਇਹ ਕਹਿ ਸਕਦਾ ਹੈ ਕਿ ਇਹ ਹੱਤਿਆ ਵੀ ਕਿਸੇ ਵਿਸ਼ਵਾਸ ਤੰਤਰ ਕਰ ਕੇ ਵਾਪਰੀ ਸੀ?
ਇਸ ਗੱਲ ਦੇ ਪ੍ਰਮਾਣਿਕ ਸਬੂਤ ਮਿਲੇ ਹਨ ਕਿ ਨਫ਼ਰਤ ਭਰੇ ਭਾਸ਼ਣਾਂ ਦਾ ਦਹਿਸ਼ਤਗਰਦੀ ਦੇ ਕਾਰਿਆਂ ’ਤੇ ਸਿੱਧਾ ਅਸਰ ਪੈਂਦਾ ਹੈ। 2006 ਵਿਚ ਅਮਰੀਕੀ ਪੱਤਰਕਾਰ ਜੇਮਸ ਕਿਟਫੀਲਫ ਨੇ ਪੈਂਟਾਗਨ ਦੇ ਸੀਨੀਅਰ ਅਧਿਕਾਰੀ ਮਾਰੀਓ ਮੈਨਕੂਸੋ ਦੇ ਹਵਾਲੇ ਨਾਲ ਨੈਸ਼ਨਲ ਜਰਨਲ ਵਿਚ ਲੇਖ ‘ਅਲ-ਕਾਇਦਾ’ਜ਼ ਪੈਂਡੈਮਿਕ’ (ਅਲ-ਕਾਇਦਾ ਦੀ ਮਹਾਮਾਰੀ) ਲਿਖਿਆ ਸੀ ਜਿਸ ਵਿਚ ਕਿਹਾ ਗਿਆ ਸੀ: “ਦੁਨੀਆ ਭਰ ਵਿਚ ਅਤਿਵਾਦ ਉਸਾਮਾ-ਬਿਨ-ਲਾਦਿਨ ਦੀ ਕੱਟੜ ਵਿਚਾਰਧਾਰਾ ’ਤੇ ਲਗਭਗ ਉਸੇ ਤਰ੍ਹਾਂ ਪ੍ਰਤੀਕਿਰਿਆ ਦਿੰਦਾ ਹੈ, ਜਿਵੇਂ ਦੂਰ-ਦਰਾਜ਼ ਤੇ ਵੱਖੋ-ਵੱਖਰੇ ਦਿਸਦੇ ਪ੍ਰਕਾਸ਼ ਕਣ ਕਿਸੇ ਅਣਦਿਸਦੀ ਤਰੰਗ ਨਾਲ ਮਿਲ ਕੇ ਚੱਲਦੇ ਹਨ।” ਬਾਅਦ ਵਿਚ ਦਹਿਸ਼ਤਗਰਦੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਲਈ ਉਕਸਾਹਟ ਦਾ ਸਬਬ ਲਾਦਿਨ ਦੀਆਂ ਨਫ਼ਰਤੀ ਤਕਰੀਰਾਂ ਸਨ।
ਸਟੀਵ ਕੌਲ ਨੇ ਇਹ ਖੁਲਾਸਾ ਕੀਤਾ ਸੀ ਕਿ ਉਸਾਮਾ-ਬਿਨ-ਲਾਦਿਨ ਜ਼ਿਆਦਾਤਰ ਵਿਦੇਸ਼ੀ ਅਧਿਆਪਕਾਂ ਵਾਲੇ ਜੱਦਾ ਦੇ ਸਭ ਤੋਂ ਮਸ਼ਹੂਰ ਅੰਗਰੇਜ਼ੀ ਸਕੂਲ ਵਿਚ ਪੜ੍ਹਦਾ ਸੀ ਅਤੇ ਕਿਵੇਂ ਉਹ ਦਹਿਸ਼ਤਗਰਦੀ ਦੇ ਪ੍ਰਚਾਰਕ ਦੇ ਰੂਪ ਵਿਚ ਤਬਦੀਲ ਹੋ ਗਿਆ। ਕੌਲ ਨੇ ਦੁਨੀਆ ਭਰ ਵਿਚ ਕੀਤੀਆਂ ਉਸ ਦੀਆਂ ਤਬਾਹਕੁਨ ਸਰਗਰਮੀਆਂ ਦਾ ਲੇਖਾ ਜੋਖਾ ਕੀਤਾ ਸੀ। ਦਹਿਸ਼ਤਗਰਦੀ ਦੀ ਖੋਜ ਤੋਂ ਪਤਾ ਲੱਗਦਾ ਹੈ ਕਿ ਦਹਿਸ਼ਤਗਰਦ ਕੋਈ ਪਾਗਲ ਜਾਂ ਮਾਨਸਿਕ ਰੋਗਾਂ ਵਾਲੇ ਬੇਥਵੀਆਂ ਮਾਰਨ ਵਾਲੇ ਲੋਕ ਨਹੀਂ ਹੁੰਦੇ।
2004 ਵਿਚ ਸਾਊਥ ਫਲੋਰਿਡਾ ਯੂਨੀਵਰਸਿਟੀ ਨੇ ‘ਦਹਿਸ਼ਤਵਾਦ ਦੇ ਮਨੋਵਿਗਿਆਨ’ ਬਾਰੇ ਵਿਆਪਕ ਅਧਿਐਨ ਸ਼ੁਰੂ ਕਰਵਾਇਆ ਜਿਸ ਵਿਚ ਵੱਖੋ-ਵੱਖਰੇ ਮੁਲਕਾਂ ਤੋਂ ਵੱਖੋ-ਵੱਖਰੇ ਵਿਸ਼ਿਆਂ ਦੇ 9 ਮਾਹਿਰ ਸ਼ਾਮਲ ਕੀਤੇ ਗਏ। ਉਨ੍ਹਾਂ ਕਿਤਾਬਾਂ, ਖੋਜ ਪੱਤਰ, ਐੱਫਬੀਆਈ ਦੀਆਂ ਲੱਭਤਾਂ ਸਣੇ 324 ਵੰਨਗੀਆਂ ਵਾਲੇ ਵਿਸ਼ਾਲ ਡੇਟਾ ਸਮੂਹ ਦੇ ਆਧਾਰ ’ਤੇ ਆਪਣੇ ਸਿੱਟੇ ਕੱਢੇ ਜਿਨ੍ਹਾਂ ਤੋਂ ਪਤਾ ਲੱਗਿਆ ਕਿ ਬਹੁਤ ਸਾਰੇ ਦਹਿਸ਼ਤਗਰਦਾਂ ਨੂੰ ਕਿਸੇ ਸਾਂਝੀ ਸ਼ਖ਼ਸੀ ਪਛਾਣ ਵਿਚ ਨਹੀਂ ਬੰਨ੍ਹਿਆ ਜਾ ਸਕਦਾ ਸਗੋਂ ਦਹਿਸ਼ਤਗਰਦ ਆਮ ਵਿਅਕਤੀਆਂ ਦੀ ਤਰ੍ਹਾਂ ਹੀ ਵਿਚਰਦੇ ਹਨ ਜੋ ਕੁਝ ਖ਼ਾਸ ਕਾਰਨਾਂ ਕਰ ਕੇ ਦਹਿਸ਼ਤਗਰਦੀ ਦੀਆਂ ਸਰਗਰਮੀਆਂ ਵਿਚ ਸ਼ਾਮਲ ਹੋ ਜਾਂਦੇ ਹਨ ਜਿਨ੍ਹਾਂ ਬਾਰੇ ਉਨ੍ਹਾਂ ਦਾ ਖਿਆਲ ਹੁੰਦਾ ਹੈ ਕਿ ਉਨ੍ਹਾਂ ਨੂੰ ਚੁਣੌਤੀ ਦੇਣਾ ਲਾਜ਼ਮੀ ਹੁੰਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਅਜਿਹਾ ਧਾਰਮਿਕ ਅਕੀਦੇ ਕਰ ਕੇ ਹੋਵੇ।
ਇਹ ਦਿਲਚਸਪ ਥਿਊਰੀ ਵੀ ਸਾਹਮਣੇ ਆਈ ਹੈ: ਜ਼ਰੂਰੀ ਨਹੀਂ ਕਿ ਦਹਿਸ਼ਤਵਾਦ ਦਾ ਮੰਤਵ ਸੱਤਾ ਪ੍ਰਾਪਤੀ ਹੋਵੇ ਸਗੋਂ ਇਹ ‘ਸਿਆਸੀ ਸੰਚਾਰ’ ਦਾ ਰੂਪ ਹੁੰਦਾ ਹੈ। ਬਾਅਦ ਵਿਚ ਸਾਹਮਣੇ ਆਏ ਦਹਿਸ਼ਤਗਰਦੀ ਦੇ ਕਈ ਮਾਮਲਿਆਂ ਤੋਂ ਇਹ ਗੱਲ ਸੱਚ ਸਾਬਿਤ ਹੋਈ। 9/11 ਸਾਕੇ ਦਾ ਪ੍ਰਮੁੱਖ ਮਿਸਰੀ ਦਹਿਸ਼ਤਗਰਦ ਮੁਹੰਮਦ ਅਤਾ ਜਿਸ ਨੇ ਹੈਮਬਰਗ ਯੂਨੀਵਰਸਿਟੀ ਆਫ ਟੈਕਨੌਲੋਜੀ ਵਿਚ ਪੜ੍ਹਾਈ ਕੀਤੀ ਸੀ, ਕਾਹਿਰਾ ਵਿਚ ਪੱਛਮ ਦੀ ਤਰਜ਼ ’ਤੇ ਬਣੀਆਂ ਬਹੁ-ਮੰਜ਼ਲਾ ਇਮਾਰਤਾਂ ਪ੍ਰਤੀ ਨਾਪਸੰਦਗੀ ਦਾ ਇਜ਼ਹਾਰ ਕਰ ਕੇ ਦਹਿਸ਼ਤਗਰਦੀ ਦੇ ਰਾਹ ਵੱਲ ਆਇਆ ਸੀ। ਉਹ ਰਵਾਇਤੀ ਅਰਬੀ ਇਮਾਰਤਾਂ ਦੇਖਣ ਦਾ ਚਾਹਵਾਨ ਸੀ।
ਦੋ ਹੋਰ ਕੇਸਾਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ ਜਦੋਂ ਅਲ-ਕਾਇਦਾ ਨੇ ਉਨ੍ਹਾਂ ਨੂੰ ਭਰਤੀ ਨਹੀਂ ਕੀਤਾ ਸੀ। ਉਨ੍ਹਾਂ ਨੇ ‘ਸੰਦੇਸ਼’ ਦੇਣ ਲਈ ਆਪਣੇ ਤੌਰ ’ਤੇ ਹੀ ਕਾਰਵਾਈ ਕਰਨ ਦੀ ਪੇਸ਼ਕਸ਼ ਕੀਤੀ ਸੀ। ਇਸ ਦਾ ਉਨ੍ਹਾਂ ਦੇ ਧਰਮ ਜਾਂ ਅਕੀਦੇ ਨਾਲ ਕੋਈ ਵਾਸਤਾ ਨਹੀਂ ਸੀ।
ਦਸੰਬਰ 2009 ਵਿਚ ਕ੍ਰਿਸਮਸ ਦੀ ਪੂਰਬਲੀ ਸ਼ਾਮ 23 ਸਾਲਾ ਨਾਇਜੀਰੀਆਈ ਯੁਵਕ ਉਮਰ ਅਬਦੁਲ ਮੁਤੱਲਬ ਨੇ ਐਮਸਟਰਡਮ ਤੋਂ ਡਿਟਰਾਇ ਦਾ ਹਵਾਈ ਸਫ਼ਰ ਕਰਦਿਆਂ ਨੌਰਥਵੈਸਟ 253 ਉਡਾਣ ਵਿਚ ‘ਅੰਡਰਵੀਅਰ ਬੰਬ’ ਧਮਾਕਾ ਕਰਨ ਦਾ ਯਤਨ ਕੀਤਾ ਸੀ। ਉਸ ਦਾ ਪਿਤਾ ਬਹੁਤ ਅਮੀਰ ਨਾਇਜੀਰੀਆਈ ਬੈਂਕਰ ਸੀ। ਉਮਰ ਵਕਾਰੀ ਯੂਨੀਵਰਸਿਟੀ ਕਾਲਜ (ਲੰਡਨ) ਵਿਚ ਪੜ੍ਹਿਆ ਸੀ। ਉਹ ਨਫ਼ਰਤ ਦੇ ਪ੍ਰਚਾਰਕ ਅਨਵਰ-ਅਲ-ਅਵਲਾਕੀ ਦੇ ਅਸਰ ਹੇਠ ਦਹਿਸ਼ਤਗਰਦੀ ਖਿਲਾਫ਼ ਅਮਰੀਕਾ ਦੀ ਜੰਗ ਪ੍ਰਤੀ ਰੋਸ ਵਜੋਂ ਹਿੰਸਾ ਦੇ ਰਾਹ ’ਤੇ ਚੱਲ ਪਿਆ ਸੀ। ਇਸੇ ਤਰ੍ਹਾਂ, ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਫ਼ੈਜ਼ਲ ਸ਼ਾਹਜ਼ਾਦ ਨੇ ਪਹਿਲੀ ਮਈ, 2010 ਨੂੰ ਨਿਊ ਯਾਰਕ ਦੇ ਟਾਈਮਜ਼ ਸਕੁਏਅਰ ਵਿਚ ਬੰਬ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਫ਼ੈਜ਼ਲ ਏਅਰ ਵਾਈਸ ਮਾਰਸ਼ਲ ਬਹਿਰੁਲ ਹੱਕ (ਸੇਵਾਮੁਕਤ) ਦਾ ਪੁੱਤਰ ਹੈ। ਪਾਕਿਸਤਾਨੀ ਸੂਤਰ ਨੇ ਫੈਜ਼ਲ ਜਾਂ ਉਸ ਦੇ ਪਰਿਵਾਰ ਦਾ ਦਹਿਸ਼ਤਗਰਦੀ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਹੋਣ ਦਾ ਖੰਡਨ ਕੀਤਾ ਸੀ। 9 ਅਕਤੂਬਰ, 2010 ਨੂੰ ਅਖ਼ਬਾਰ ‘ਗਾਰਡੀਅਨ’ (ਯੂਕੇ) ਦੀ ਰਿਪੋਰਟ ਸੀ ਕਿ ਪਾਕਿਸਤਾਨ ਦੇ ਕਬਾਇਲੀ ਵਜ਼ੀਰਿਸਤਾਨ ਇਲਾਕੇ ਵਿਚ ਅਮਰੀਕੀ ਡਰੋਨ ਹਮਲਿਆਂ ਜਿਨ੍ਹਾਂ ’ਚ 411 ਲੋਕ ਮਾਰੇ ਗਏ ਸਨ, ਤੋਂ ਫ਼ੈਜ਼ਲ ਬਹੁਤ ਗੁੱਸੇ ਵਿਚ ਸੀ।
ਇਸਲਾਮਿਕ ਸਟੇਟ ਦੀ ਹਿੰਸਾ ਦੇ ਤਫ਼ਸੀਲੀ ਅਧਿਐਨ ਤੋਂ ਵੀ ਪਤਾ ਲੱਗਿਆ ਹੈ ਕਿ ਧਰਮ ਦੀ ਬਜਾਇ ਉਨ੍ਹਾਂ ਦਾ ਪ੍ਰਾਪੇਗੰਡਾ ਇੰਨਾ ਦਿਲਕਸ਼ ਸੀ ਜਿਸ ਦੇ ਆਧਾਰ ’ਤੇ ਸੌਖਿਆਂ ਭਰਤੀ ਹੁੰਦੀ ਸੀ। 2020 ਵਿਚ ਇੰਟਰਨੈਸ਼ਨਲ ਸੈਂਟਰ ਫਾਰ ਦਿ ਸਟੱਡੀ ਆਫ ਵਾਇਲੈਂਟ ਐਕਸਟ੍ਰੀਮਿਜ਼ਮ ਵੱਲੋਂ ‘ਜਰਨਲ ਆਫ ਸਟ੍ਰੈਟਜਿਕ ਸਕਿਓਰਿਟੀ’ ਵਿਚ ਵੱਖ ਵੱਖ ਮੁਲਕਾਂ ਵਿਚ ਇਸਲਾਮਿਕ ਸਟੇਟ ਤੋਂ ਭਗੌੜੇ ਹੋਏ ਅਤੇ ਇਸ ਦੀ ਕੈਦ ਵਿਚ ਰਹੇ 220 ਵਿਅਕਤੀਆਂ ਬਾਰੇ ਲੇਖ ਪ੍ਰਕਾਸ਼ਤ ਕੀਤਾ ਗਿਆ ਸੀ। 2015 ਤੋਂ 2019 ਵਿਚਕਾਰ 41 ਨਸਲੀ ਸਮੂਹਾਂ ਦੇ ਇਸ ਅਧਿਐਨ ਤੋਂ ਇਹ ਸੰਕੇਤ ਮਿਲਿਆ ਸੀ ਕਿ ਜ਼ਿਆਦਾ ਬੇਰੁਜ਼ਗਾਰੀ ਵਾਲੇ ਮੁਲਕਾਂ, ਅਪਰਾਧਿਕ ਪਿਛੋਕੜ, ਨਸ਼ਿਆਂ ਦਾ ਸੇਵਨ, ਪਰਿਵਾਰਕ ਉਲਝਣਾਂ ਜਾਂ ਕਲੇਸ਼, ਮਾਪਿਆਂ ਵੱਲੋਂ ਬੇਧਿਆਨੀ, ਵਿਤਕਰਾ ਅਤੇ ਪੱਛਮੀ ਸਮਾਜਾਂ ਅੰਦਰ ਪਰਵਾਸੀਆਂ ਪ੍ਰਤੀ ਤ੍ਰਿਸਕਾਰ ਜਿਹੇ ਕਾਰਕਾਂ ਕਰ ਕੇ ‘ਆਈਐੱਸ’ ਵਿਚ ਜ਼ਿਆਦਾ ਭਰਤੀ ਹੋਈ ਸੀ। ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਇਸਲਾਮਿਕ ਸਟੇਟ ਦੇ ਨਫ਼ਰਤ ਭਰੇ ਪ੍ਰਾਪੇਗੰਡਾ ਦਾ ਸ਼ਿਕਾਰ ਬਣ ਗਏ। ਇਸ ਕਰ ਕੇ ਹੀ ਸੰਯੁਕਤ ਰਾਸ਼ਟਰ ਨੇ ਮਈ 2019 ਵਿਚ ਨਫ਼ਰਤੀ ਭਾਸ਼ਣ ਬਾਰੇ ਰਣਨੀਤੀ ਅਤੇ ਕਾਰਜ ਯੋਜਨਾ ਉਲੀਕੀ ਸੀ। ਸਕੱਤਰ ਜਨਰਲ ਨੇ ਆਖਿਆ ਸੀ ਕਿ ਦੁਨੀਆ ਅੰਦਰ ਦੂਜੇ ਭਾਈਚਾਰਿਆਂ ਪ੍ਰਤੀ ਡਰ, ਨਸਲਪ੍ਰਸਤੀ ਤੇ ਅਸਹਿਣਸ਼ੀਲਤਾ ਦਾ ਵੱਡਾ ਉਭਾਰ ਦੇਖਣ ਨੂੰ ਮਿਲ ਰਿਹਾ ਹੈ ਜਿਸ ਤਹਿਤ ਯਹੂਦੀਆਂ ਤੇ ਮੁਸਲਮਾਨਾਂ ਪ੍ਰਤੀ ਨਫ਼ਰਤ ਅਤੇ ਈਸਾਈਆਂ ਖਿਲਾਫ਼ ਅਤਿਆਚਾਰ ਵਿਚ ਵਾਧਾ ਹੋ ਰਿਹਾ ਹੈ। ਅਖ਼ਬਾਰ ਨੇ ਲਿਖਿਆ ਕਿ ਕੌਮਾਂਤਰੀ ਕਾਨੂੰਨ ਤਹਿਤ ਵਿਤਕਰੇ, ਵੈਰ-ਭਾਵ ਤੇ ਹਿੰਸਾ ਨੂੰ ਉਕਸਾਉਣ ਦੀ ਮਨਾਹੀ ਹੈ। ਇਸ ਤੋਂ ਇਲਾਵਾ ਨਫ਼ਰਤੀ ਭਾਸ਼ਣ ਬਹੁਤ ਜ਼ਿਆਦਾ ਖ਼ਤਰਨਾਕ ਹੁੰਦਾ ਹੈ ਕਿਉਂਕਿ ਇਸ ਨਾਲ ਵਿਤਕਰੇ, ਵੈਰ-ਭਾਵ ਅਤੇ ਹਿੰਸਾ ਨੂੰ ਜਾਣ-ਬੁੱਝ ਕੇ ਭੜਕਾਇਆ ਜਾਂਦਾ ਹੈ ਜਿਸ ਤਹਿਤ ਦਹਿਸ਼ਤਵਾਦ ਅਤੇ ਦਮਨਕਾਰੀ ਅਪਰਾਧ ਵੀ ਆਉਂਦੇ ਹਨ।
ਸੰਯੁਕਤ ਰਾਸ਼ਟਰ ਦੀ ਕਾਰਜ ਯੋਜਨਾ ਦੇ 13 ਨੁਕਤੇ ਹਨ ਜਿਨ੍ਹਾਂ ’ਤੇ ਸੰਯੁਕਤ ਰਾਸ਼ਟਰ ਅਤੇ ਇਸ ਦੇ ਮੈਂਬਰ ਮੁਲਕਾਂ ਨੂੰ ਕਾਰਵਾਈ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਵਿਚ ਪੀੜਤਾਂ ਲਈ ਇਨਸਾਫ਼ ਦੀ ਪੈਰਵੀ ਅਤੇ ਰਸਾਈ ਜ਼ਰੀਏ ਨਫ਼ਰਤੀ ਭਾਸ਼ਣ ਦੇ ਅਸਰ ਨੂੰ ਘਟਾਉਣਾ ਸ਼ਾਮਲ ਹੈ। ਇਸ ਮੁਤੱਲਕ ਮਨ ਵਿਚ ਇੱਕ ਖਿਆਲ ਉੱਠਦਾ ਹੈ: ਦਿੱਲੀ ਪੁਲੀਸ ਨੂਪੁਰ ਸ਼ਰਮਾ ਖਿਲਾਫ਼ ਕਾਰਵਾਈ ਕਰਨ ਤੋਂ ਕਿਉਂ ਝਿਜਕ ਰਹੀ ਹੈ ਹਾਲਾਂਕਿ ਸਰਕਾਰ ਉਸ ਨਾਲੋਂ ਆਪਣਾ ਨਾਤਾ ਤੋੜ ਚੁੱਕੀ ਹੈ?
ਵਾਪੱਲਾ ਬਾਲਚੰਦਰਨ
ਸਾਬਕਾ ਸਪੈਸ਼ਲ ਸਕੱਤਰ, ਕੈਬਨਿਟ ਸਕੱਤਰੇਤ, ਭਾਰਤ ਸਰਕਾਰ।
Comment here