ਅੰਮ੍ਰਿਤਸਰ-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਸ਼ਹਿਰ ਨੌਸ਼ਹਿਰਾ ਦੇ ਪੀਰ ਸਬਾਕ ਇਲਾਕੇ ’ਚ ਦਰਿਆ ਲੁੰਡੇ (ਦਰਿਆ-ਏ-ਕਾਬੁਲ) ਦੇ ਕੰਡੇ ’ਤੇ ਮੌਜੂਦ ਜਥੇਦਾਰ ਅਕਾਲੀ ਫੂਲਾ ਸਿੰਘ ਦੀ ਖੰਡਰ ਵਿਚ ਤਬਦੀਲ ਹੋ ਚੁੱਕੀ ਸਮਾਧ ਅਤੇ ਛਾਉਣੀ ਦੀ ਇਮਾਰਤ ਦੀ ਨਵਉਸਾਰੀ ਸ਼ੁਰੂ ਨਹੀਂ ਕਰਵਾਈ ਜਾ ਸਕੀ। ਜਦਕਿ ਪਿਸ਼ਾਵਰੀ ਸਿੱਖ ਸੰਗਤ ਪਿਛਲੇ ਲੰਬੇ ਸਮੇਂ ਤੋਂ ਪਾਕਿ ਸਰਕਾਰ ਤੋਂ ਇਨ੍ਹਾਂ ਸਮਾਰਕਾਂ ਦੀ ਨਵਉਸਾਰੀ ਦੀ ਮੰਗ ਕਰਦੀ ਆ ਰਹੀ ਹੈ। ਉਕਤ ਸਮਾਧ ਦਰਿਆ-ਏ-ਕਾਬੁਲ ਦੇ ਕਿਨਾਰੇ ਲਗਭਗ 5 ਫੁੱਟ ਉੱਚੇ ਥੜ੍ਹੇ ’ਤੇ ਉਸਾਰੀ ਗਈ ਹੈ ਅਤੇ ਇਸ ਦੇ ਨਾਲ ਹੀ ਛਾਉਣੀ ਨਿਹੰਗ ਸਿੰਘਾਂ ਦੇ ਖੰਡਰ ਵੀ ਮੌਜੂਦ ਹਨ। ਇਤਿਹਾਸਕਾਰਾਂ ਮੁਤਾਬਿਕ 1822 ਵਿਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਖ਼ਬਰ ਮਿਲੀ ਕਿ ਅਫ਼ਗਾਨੀ ਫ਼ੌਜ ਦਾ ਵੱਡਾ ਲਸ਼ਕਰ ਹਮਲੇ ਲਈ ਨੌਸ਼ਹਿਰਾ ਦੇ ਪਾਸ ਲੁੰਡੇ ਦਰਿਆ ’ਤੇ ਪਹੁੰਚ ਰਿਹਾ ਹੈ ਤਾਂ ਉਨ੍ਹਾਂ ਨੇ ਅਕਾਲੀ ਫੂਲਾ ਸਿੰਘ ਨੂੰ ਜੰਗ-ਏ-ਮੈਦਾਨ ਵੱਲ ਕੂਚ ਕਰਨ ਲਈ ਕਿਹਾ। ਇਸ ਯੁੱਧ ਵਿਚ 5000 ਦੇ ਲਗਭਗ ਸਿੱਖ ਸੈਨਿਕ ਸ਼ਹੀਦ ਹੋਏ, ਜਦਕਿ ਅਫ਼ਗਾਨੀ ਲਸ਼ਕਰ ਦੇ ਮਾਰੇ ਗਏ ਸੈਨਿਕਾਂ ਦੀ ਗਿਣਤੀ ਇਨ੍ਹਾਂ ਤੋਂ ਦੋ-ਗੁਣਾ ਵਧੇਰੇ ਸੀ। ਜਦੋਂ ਸਿੱਖ ਫ਼ੌਜ ਆਪਣੇ ਕੈਂਪ ਵੱਲ ਪਰਤ ਰਹੀ ਸੀ ਤਾਂ ਰਸਤੇ ਵਿਚ ਇਕ ਪੱਥਰ ਪਿੱਛੇ ਲੁਕੇ ਜਿਹਾਦੀ ਨੌਰੋਜ਼ ਖ਼ਾਨ ਖਟਕ ਨੇ ਬਾਬਾ ਫੂਲਾ ਸਿੰਘ ’ਤੇ ਗੋਲੀ ਚਲਾ ਦਿੱਤੀ, ਜੋ ਉਨ੍ਹਾਂ ਦੀ ਛਾਤੀ ਵਿਚ ਲੱਗੀ ਅਤੇ ਉਨ੍ਹਾਂ ਨੇ ਦਮ ਤੋੜ ਦਿੱਤਾ। ਅਗਲੇ ਦਿਨ ਮੌਜੂਦਾ ਸਮਾਧ ਵਾਲੇ ਸਥਾਨ ’ਤੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ ਅਤੇ ਬਾਅਦ ਵਿਚ ਉਥੇ ਹੀ ਉਨ੍ਹਾਂ ਦੀ ਸੋਹਣੀ ਸਮਾਧ ਤਿਆਰ ਕਰਵਾਈ ਗਈ। ਇਸ ਦੇ ਨਾਲ ਹੀ ਸ਼ੇਰ-ਏ-ਪੰਜਾਬ ਨੇ ਸਮਾਧ ਅਤੇ ਉਸ ਦੇ ਨਾਲ ਲੱਗਦੀ ਛਾਉਣੀ ਨਿਹੰਗ ਸਿੰਘਾਂ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਦੇ ਨਿਰਵਾਹ ਅਤੇ ਲੰਗਰ ਆਦਿ ਦੇ ਪ੍ਰਬੰਧ ਲਈ 30 ਹਜ਼ਾਰ ਕਨਾਲ ਜਗੀਰ ਇਸ ਅਸਥਾਨ ਦੇ ਨਾਂਅ ਲਗਵਾਈ, ਜੋ ਦੇਸ਼ ਦੀ ਵੰਡ ਤੱਕ ਜਾਰੀ ਰਹੀ। ਜਦਕਿ ਹੁਣ ਇਸ ’ਤੇ ਵੱਖ-ਵੱਖ ਅਦਾਰਿਆਂ ਦੇ ਕਬਜ਼ੇ ਹਨ।
ਨੌਸ਼ਹਿਰਾ ਵਿਖੇ ਅਕਾਲੀ ਫੂਲਾ ਸਿੰਘ ਦੀ ਸਮਾਧ ਬਣੀ ਖੰਡਰ

Comment here