ਸਿਆਸਤਖਬਰਾਂ

ਨੌਜਵਾਨ ਵਿਕਾਸ ’ਚ ਸ਼ਾਮਲ ਹੋ ਕੇ ਕਰ ਸਕਦੇ ਨੇ ਅੱਤਵਾਦ ਦੇ ਮਨਸੂਬੇ ਫੇਲ-ਅਮਿਤ ਸ਼ਾਹ

ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਨਜ਼ਰ-ਅੰਦਾਜ਼ ਕਰਨ ਦਾ ਸਮਾਂ ਖ਼ਤਮ
ਜੰਮੂ-ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਵਿੱਚ ਆਪਣੇ ਪਹਿਲੇ ਦੌਰੇ ਸਮੇਂ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਨੌਜਵਾਨ ਜੰਮੂ-ਕਸ਼ਮੀਰ ਦੇ ਵਿਕਾਸ ’ਚ ਸ਼ਾਮਲ ਹੋਣਗੇ ਤਾਂ ਅਤਵਾਦੀ ਆਪਣੇ ਨਾਪਾਕ ਮਨਸੂਬਿਆਂ ਵਿਚ ਫੇਲ੍ਹ ਹੋ ਜਾਣਗੇ। ਸ਼ਾਹ ਨੇ ਕਿਹਾ ਕਿ ਜੰਮੂ ਦੇ ਲੋਕਾਂ ਨੂੰ ਨਜ਼ਰ-ਅੰਦਾਜ਼ ਕਰਨ ਦਾ ਸਮਾਂ ਹੁਣ ਖ਼ਤਮ ਹੋ ਗਿਆ ਹੈ, ਜੰਮੂ ਅਤੇ ਕਸ਼ਮੀਰ ਦੋਹਾਂ ਦਾ ਵਿਕਾਸ ਹੁਣ ਨਾਲ-ਨਾਲ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਵਿਕਾਸ ਵਿਚ ਕੋਈ ਵੀ ਰੋੜੇ ਨਹੀਂ ਅਟਕਾ ਸਕੇਗਾ।
ਸ਼ਾਹ ਨੇ ਅੱਗੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਹੁਣ ਤੱਕ 12 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆ ਚੁੱਕਾ ਹੈ ਅਤੇ ਸਾਡਾ ਟੀਚਾ 2022 ਦੇ ਅਖ਼ੀਰ ਤੱਕ ਇਸ ਨੂੰ 51 ਹਜ਼ਾਰ ਕਰੋੜ ਰੁਪਏ ਕਰਨ ਦਾ ਹੈ। ਸ਼ਾਹ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਕੋਈ ਵੀ ਨਾਗਰਿਕ ਹਿੰਸਾ ਵਿਚ ਨਾ ਮਾਰਿਆ ਜਾਵੇ ਅਤੇ ਜੰਮੂ-ਕਸ਼ਮੀਰ ਤੋਂ ਅੱਤਵਾਦ ਦਾ ਸਫਾਇਆ ਹੋਵੇ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਕਿ ਸਖ਼ਤ ਸੁਰੱਖਿਆ ਦਰਮਿਆਨ ਸ਼ਾਹ ਐਤਵਾਰ ਨੂੰ ਇੱਥੇ ਪਹੁੰਚੇ ਅਤੇ ਭਾਰਤੀ ਤਕਨਾਲੋਜੀ ਸੰਸਥਾ, ਜੰਮੂ ਦੇ ਨਵੇਂ ਕੰਪਲੈਕਸ ਦਾ ਉਦਘਾਟਨ ਕੀਤਾ।
ਕੇਂਦਰੀ ਗ੍ਰਹਿ ਮੰਤਰੀ ਨੇ ਹੁਣ ਪਾਕਿਸਤਾਨ ਨੂੰ ਖੁੱਲੀ ਚਿਤਾਵਨੀ ਦਿੱਤੀ ਹੈ, ਜੋ ਸਰਹੱਦ ’ਤੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜੇ ਪਾਕਿਸਤਾਨ ਨੇ ਉਲੰਘਣਾ ਨੂੰ ਨਾ ਰੋਕਿਆ ਤੇ ਕਸ਼ਮੀਰ ਵਿੱਚ ਨਾਗਰਿਕਾਂ ਨੂੰ ਮਾਰਨ ਦੀ ਖੇਡ ਨੂੰ ਨਾ ਰੋਕਿਆ ਤਾਂ ਫਿਰ ਸਰਜੀਕਲ ਸਟਰਾਈਕ ਕੀਤੀ ਜਾ ਸਕਦੀ ਹੈ। ਸਰਜੀਕਲ ਸਟਰਾਈਕ ਦੀ ਯਾਦ ਦਿਵਾਉਂਦੇ ਹੋਏ ਅਮਿਤ ਸ਼ਾਹ ਨੇ ਕਿਹਾ, ’ਸਰਜੀਕਲ ਸਟਰਾਈਕ ਨੇ ਸਾਬਤ ਕਰ ਦਿੱਤਾ ਹੈ ਕਿ ਅਸੀਂ ਹਮਲੇ ਬਰਦਾਸ਼ਤ ਨਹੀਂ ਕਰਾਂਗੇ। ਜੇ ਤੁਸੀਂ ਉਲੰਘਣਾ ਕਰਦੇ ਹੋ ਤਾਂ ਭਾਰਤ ਵੱਲੋਂ ਹੋਰ ਸਰਜੀਕਲ ਸਟਰਾਈਕ ਕੀਤੇ ਜਾਣਗੇ।
ਅਮਿਤ ਸ਼ਾਹ ਨੇ ਕਿਹਾ, ‘‘ਪੀਐਮ ਮੋਦੀ ਅਤੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਦੇ ਅਧੀਨ ਸਰਜੀਕਲ ਸਟਰਾਈਕ ਇੱਕ ਮਹੱਤਵਪੂਰਨ ਕਦਮ ਸੀ। ਅਸੀਂ ਇੱਕ ਸੰਦੇਸ਼ ਭੇਜਿਆ ਕਿ ਕੋਈ ਵੀ ਭਾਰਤ ਦੀਆਂ ਸਰਹੱਦਾਂ ਨੂੰ ਹਿਲਾ ਨਹੀਂ ਸਕਦਾ। ਗੱਲਬਾਤ ਦਾ ਸਮਾਂ ਸੀ, ਪਰ ਹੁਣ ਬਦਲਾ ਲੈਣ ਦਾ ਸਮਾਂ ਆ ਗਿਆ ਹੈ।” ਭਾਰਤ ਨੇ ਉੜੀ, ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਅੱਤਵਾਦੀ ਹਮਲਿਆਂ ਦੇ ਜਵਾਬ ਵਿੱਚ ਸਤੰਬਰ 2016 ਵਿੱਚ ਪਾਕਿਸਤਾਨ ਵਿੱਚ ਸਰਜੀਕਲ ਸਟਰਾਈਕ ਕੀਤੀ ਸੀ। ਇਸ ਵਿੱਚ ਪਾਕਿਸਤਾਨ ਦੇ ਕਈ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਸੀ। ਸਰਜੀਕਲ ਸਟਰਾਈਕ ਉੜੀ ਹਮਲੇ ਦੇ 11 ਦਿਨਾਂ ਬਾਅਦ 29 ਸਤੰਬਰ 2016 ਨੂੰ ਕੀਤੀ ਗਈ ਸੀ।
ਇੱਥੇ ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵੱਲੋਂ ਫੰਡ ਪ੍ਰਾਪਤ ਅੱਤਵਾਦ ਜੰਮੂ-ਕਸ਼ਮੀਰ ਵਿੱਚ ਆਪਣੀਆਂ ਜੜ੍ਹਾਂ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲ ਹੀ ਦੇ ਸਮੇਂ ਵਿੱਚ ਅੱਤਵਾਦੀਆਂ ਨੇ ਕਸ਼ਮੀਰ ਤੇ ਸਰਹੱਦੀ ਖੇਤਰਾਂ ਵਿੱਚ ਬਹੁਤ ਸਾਰੇ ਨਿਰਦੋਸ਼ ਲੋਕਾਂ ਦੀਆਂ ਜਾਨਾਂ ਲਈਆਂ ਹਨ। ਇਸ ਤੋਂ ਇਲਾਵਾ ਅੱਤਵਾਦੀਆਂ ਨੇ ਫੌਜ ’ਤੇ ਵੀ ਹਮਲਾ ਕੀਤਾ। ਗੁਆਂਢੀ ਦੇਸ਼ ਦੇ ਇਸ਼ਾਰੇ ’ਤੇ ਅੱਤਵਾਦੀਆਂ ਦੀ ਇਸ ਖੂਨੀ ਖੇਡ ਤੋਂ ਬਾਅਦ ਇਸ ਸਮੇਂ ਪੂਰਾ ਦੇਸ਼ ਉਬਲ ਰਿਹਾ ਹੈ। ਬਹੁਤ ਸਾਰੇ ਲੋਕ ਇਨ੍ਹਾਂ ਅੱਤਵਾਦੀਆਂ ’ਤੇ ਸਖਤ ਹਮਲੇ ਦੀ ਮੰਗ ਕਰ ਰਹੇ ਹਨ।

Comment here