ਪੇਸ਼ਾਵਰ- ਪਾਕਿਸਤਾਨ ਦੀ ਇਮਰਾਨ ਸਰਕਾਰ ਬਾਰੇ ਲੰਘੇ ਦਿਨ ਵਿਰੋਧੀ ਧਿਰਾਂ ਨੇ ਹੱਲਾ ਬੋਲਦਿਆਂ ਕਿਹਾ ਸੀ ਕਿ ਇਸ ਭ੍ਰਿਸ਼ਟ ਤੇ ਜਾਅਲੀ ਸਰਕਾਰ ਨੂੰ ਦਫਨ ਕਰ ਦੇਣਾ ਹੈ। ਮਹਿੰਗਾਈ, ਵਿਗੜੀ ਕਨੂੰਨ ਵਿਵਸਥਾ, ਬੇਰੁਜ਼ਗਾਰੀ ਆਦਿ ਮੁੱਦਿਆਂ ਤੇ ਅਲੋਚਨਾ ਦਾ ਸ਼ਿਕਾਰ ਇਮਰਾਨ ਸਰਕਾਰ ਦੇ ਸਿਰ ਹੁਣ ਇਹ ਇਲਜਾ਼ਮ ਹੈ ਕਿ ਉਸ ਨੇ ਕਾਰਜਕਾਲ ਦੇ ਤਿੰਨ ਸਾਲਾਂ ’ਚ ਤਕਰੀਬਨ 1.5 ਲੱਖ ਲੋਕਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਹੈ। ਪ੍ਰਭਾਵਿਤ ਕਰਮਚਾਰੀਆਂ ’ਚੋਂ 80 ਫੀਸਦੀ ਸਿੰਧ ਸੂਬੇ ਦੇ ਵਸਨੀਕ ਹਨ। ਆਵਾਮੀ ਆਵਾਜ਼ ਮੀਡੀਆ ਅਦਾਰੇ ਨੇ ਸੋਮਵਾਰ ਨੂੰ ਨਸ਼ਰ ਕੀਤੀ ਆਪਣੀ ਰਿਪੋਰਟ ’ਚ ਕਿਹਾ, 1.5 ਲੱਖ ਕਰਮਚਾਰੀਆਂ ’ਚੋਂ ਜ਼ਿਆਦਾਤਰ ਸਿੰਧੀਆਂ ਦਾ ਅੰਕੜਾ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੀ ਮੌਜੂਦਾ ਸਰਕਾਰ ਦਾ ਸਿੰਧ ਵਿਰੋਧੀ ਪੱਖਪਾਤ ਦਰਸਾਉਂਦਾ ਹੈ। ਸਿੰਧ ਦੇ ਲੋਕਾਂ ਦਾ ਦੋਸ਼ ਹੈ ਕਿ ਇਮਰਾਨ ਸਰਕਾਰ ਉਨ੍ਹਾਂ ਨੂੰ ਵਿੱਤੀ ਤੌਰ ’ਤੇ ਕਮਜ਼ੋਰ ਬਣਾਉਣ ਦੀ ਸਾਜ਼ਿਸ਼ ਦੇ ਹਿੱਸੇ ਵਜੋਂ ਸਿੰਧ ਅਤੇ ਇਸ ਦੇ ਲੋਕਾਂ ਨਾਲ ਭੇਦਭਾਵ ਕਰ ਰਹੀ ਹੈ। ਰਿਪੋਰਟਾਂ ਅਨੁਸਾਰ ਇਸ ਹਫਤੇ 16,000 ਲੋਕਾਂ ਨੂੰ ਵੱਖ-ਵੱਖ ਕੇਂਦਰੀ ਦਫਤਰਾਂ ’ਚੋਂ ਕੱਢਿਆ ਗਿਆ, ਜਿਨ੍ਹਾਂ ’ਚ ਸੁਈ ਸਦਰਨ ਗੈਸ ਦੇ 2,000 ਸਿੰਧੀ ਕਰਮਚਾਰੀ ਵੀ ਸ਼ਾਮਲ ਸਨ। ਇਹ ਕਰਮਚਾਰੀ ਇਸ ਲਈ ਵਿਰੋਧ ਕਰ ਰਹੇ ਹਨ ਕਿਉਂਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਪਿਛਲੇ 11 ਸਾਲਾਂ ਦੀ ਸੇਵਾ ਦੌਰਾਨ ਲਈ ਗਈ ਤਨਖਾਹ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਰਿਪੋਰਟ ਦੇ ਅਨੁਸਾਰ ਪਾਕਿਸਤਾਨ ਦੇ ਕਾਨੂੰਨ ਅਨੁਸਾਰ ਇੱਕ ਸਰਕਾਰੀ ਕਰਮਚਾਰੀ ਨੂੰ ਨੌਕਰੀ ਤੋਂ ਕੱਢਣ ਤੋਂ ਪਹਿਲਾਂ ਤਿੰਨ ਮਹੀਨਿਆਂ ਦਾ ਨੋਟਿਸ ਦੇਣਾ ਹੁੰਦਾ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਕਿਸ ਕਾਨੂੰਨ ਦੇ ਅਧੀਨ ਇੰਨੇ ਕਰਮਚਾਰੀਆਂ ਨੂੰ ਅਚਾਨਕ ਉਨ੍ਹਾਂ ਦੀਆਂ ਨੌਕਰੀਆਂ ਤੋਂ ਹਟਾ ਦਿੱਤਾ ਗਿਆ ਹੈ।
ਨੌਕਰੀਆਂ ਦੇਣ ਦੀ ਬਜਾਏ ਖੋਹ ਰਹੀ ਹੈ ਇਮਰਾਨ ਸਰਕਾਰ

Comment here