ਨਵੀਂ ਦਿੱਲੀ : ਟੀਕਾਕਰਨ ‘ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐੱਨਟਾਗੀ) ਦੀ ਕੋਰੋਨਾ ਨਾਲ ਜੁੜੀ ਕਮੇਟੀ ਵੱਲੋਂ 12 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਬੱਚਿਆਂ ਲਈ ਕੋਵੋਵੈਕਸ ਵੈਕਸੀਨ ਨੂੰ ਵੀ ਰਾਸ਼ਟਰੀ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਵੈਕਸੀਨ ਦਾ ਉਤਪਾਦਨ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ, ਜਿਸ ਦੀ ਇਕ ਵੈਕਸੀਨ ਕੋਵੀਸ਼ੀਲਡ ਪਹਿਲਾਂ ਤੋਂ ਹੀ ਇਸ ਮੁਹਿੰਮ ਦਾ ਪ੍ਰਮੁੱਖ ਹਿੱਸਾ ਹੈ, ਵੱਲੋਂ ਕੀਤਾ ਗਿਆ ਹੈ। ਦਵਾਈ ਕੰਟਰੋਲਰ ਨੇ ਬਾਲਿਗਾਂ ‘ਚ ਕੋਵੋਵੈਕਸ ਦੀ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਪਿਛਲੇ ਸਾਲ 28 ਦਸੰਬਰ ਨੂੰ ਹੀ ਦੇ ਦਿੱਤੀ ਸੀ ਅਤੇ ਉਥੇ ਹੀ 12-17 ਸਾਲ ਦੇ ਬੱਚਿਆਂ ਲਈ 9 ਮਾਰਚ ਨੂੰ ਮਨਜ਼ੂਰੀ ਦਿੱਤੀ। ਪਰ ਅਜੇ ਤਕ ਇਸ ਨੂੰ ਰਾਸ਼ਟਰੀ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਨਹੀਂ ਕੀਤਾ ਗਿਆ। ਇਸ ਉਪਰ ਵਿਚਾਰ ਕਰਨ ਲਈ ਐੱਨਟਾਗੀ ਦੀ ਕੋਰੋਨਾ ਸਬੰਧੀ ਕਮੇਟੀ ਦੀ ਇਕ ਅਪ੍ਰਰੈਲ ਨੂੰ ਬੈਠਕ ਹੋਈ, ਜਿਸ ਵਿਚ ਇਸਨੂੰ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਹ ਵੈਕਸੀਨ 12 ਤੋਂ ਉਪਰ ਦੇ ਵਰਗ ਦੇ ਲੋਕਾਂ ਨੂੰ ਲਾਈ ਜਾਣ ਲੱਗੇਗੀ। ਸਰਕਾਰੀ ਟੀਕਾ ਕੇਂਦਰਾਂ ‘ਤੇ ਤਾਂ ਇਹ ਮੁਫ਼ਤ ਲਾਈ ਜਾਵੇਗੀ, ਪਰ ਨਿੱਜੀ ਟੀਕਾ ਕੇਂਦਰਾਂ ‘ਤੇ ਇਸ ਲਈ ਪ੍ਰਤੀ ਡੋਜ਼ 900 ਰੁਪਏ ਅਤੇ ਅਲੱਗ ਤੋਂ ਜੀਐੱਸਟੀ ਦਾ ਭੁਗਤਾਨ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਦੇਸ਼ ‘ਚ ਕੋਰੋਨਾ ਮਾਮਲੇ ਲਗਾਤਾਰ ਘਟ ਰਹੇ ਹਨ। ਇਸ ਦੀ ਇਕ ਪ੍ਰਮੁੱਖ ਵਜ੍ਹਾ ਵੱਡੀ ਗਿਣਤੀ ਵਿਚ ਟੀਕਾਕਰਨ ਵੀ ਹੈ।


Comment here