ਬੇਲਾਰੂਸ-ਪਿਛਲੇ ਸਾਲ ਅਕਤੂਬਰ ਵਿੱਚ ਐਲੇਸ ਬਲੀਆਟਸਕੀ ਨੂੰ 2022 ਦਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ। ਬੇਲਾਰੂਸ ਦੀ ਇਕ ਅਦਾਲਤ ਨੇ ਸ਼ੁੱਕਰਵਾਰ (3 ਮਾਰਚ) ਨੂੰ 2022 ਦੇ ਨੋਬਲ ਪੁਰਸਕਾਰ ਜੇਤੂ ਐਲੇਸ ਬਾਲੀਆਟਸਕੀ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਦੇ ਅਧਿਕਾਰ ਸਮੂਹ ਵਿਆਸਨਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਵਿਆਸਨਾ ਮਨੁੱਖੀ ਅਧਿਕਾਰ ਕੇਂਦਰ ਦੇ ਸੰਸਥਾਪਕ ਐਲੇਸ (60) ਤੇ ਇਸ ਦੇ 3 ਹੋਰ ਲੋਕਤੰਤਰ ਪੱਖੀ ਮੈਂਬਰਾਂ ਨੂੰ ਦੇਸ਼ ‘ਚ ਵਿਰੋਧ ਪ੍ਰਦਰਸ਼ਨਾਂ ਨੂੰ ਵਿੱਤੀ ਸਹਾਇਤਾ ਲਈ ਦੋਸ਼ੀ ਠਹਿਰਾਇਆ ਗਿਆ ਹੈ। ਬਾਲੀਆਟਸਕੀ ਬੇਲਾਰੂਸ ਤੋਂ ਇਕ ਮਨੁੱਖੀ ਅਧਿਕਾਰ ਕਾਰਕੁਨ ਹੈ। ਉਹ ਮਨੁੱਖੀ ਅਧਿਕਾਰਾਂ ਦੇ ਮੁੱਦੇ ‘ਤੇ ਲੜਦੇ ਰਹੇ ਹਨ। ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸੇਂਕੋ ਦੀ ਸਰਕਾਰ ਉਸ ਨੂੰ ਜ਼ਬਰਦਸਤੀ ਚੁੱਪ ਕਰਾਉਣਾ ਚਾਹੁੰਦੀ ਹੈ।
ਪਹਿਲਾਂ ਵੀ ਗ੍ਰਿਫ਼ਤਾਰ ਹੋਏ ਸਨ ਐਲੇਸ
2020 ਦੀਆਂ ਚੋਣਾਂ ਨੂੰ ਲੈ ਕੇ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਐਲੇਸ ਤੇ ਉਸ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸੇਂਕੋ ਨੂੰ ਇਸ ਚੋਣ ਵਿੱਚ ਨਵਾਂ ਕਾਰਜਕਾਲ ਮਿਲਿਆ ਸੀ। 1994 ਤੋਂ ਬੇਲਾਰੂਸ ‘ਤੇ ਰਾਜ ਕਰ ਰਹੇ ਲੁਕਾਸੈਂਕੋ ਨੇ ਦੇਸ਼ ਦੇ ਇਤਿਹਾਸ ਦੇ ਸਭ ਤੋਂ ਵੱਡੇ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਸਖ਼ਤ ਕਾਰਵਾਈ ਕੀਤੀ ਸੀ। ਇਸ ਦੌਰਾਨ 35 ਹਜ਼ਾਰ ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 2011 ‘ਚ ਵੀ ਐਲੇਸ ਬਲੀਆਟਸਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਦੋਂ ਵੀ ਉਨ੍ਹਾਂ ‘ਤੇ ਟੈਕਸ ਚੋਰੀ ਦੇ ਦੋਸ਼ ਲੱਗੇ ਸਨ। 24 ਅਕਤੂਬਰ 2011 ਨੂੰ ਉਸ ਨੂੰ ਸਾਢੇ 4 ਸਾਲ ਦੀ ਕੈਦ ਅਤੇ ਜਾਇਦਾਦ ਜ਼ਬਤ ਕਰਨ ਦੀ ਸਜ਼ਾ ਸੁਣਾਈ ਗਈ ਸੀ। ਉਸ ‘ਤੇ ਪੋਲੈਂਡ ਅਤੇ ਲਿਥੁਆਨੀਆ ‘ਚ ਵਿੱਤੀ ਸੌਦਿਆਂ ਦੇ ਆਧਾਰ ‘ਤੇ ਦੋਸ਼ ਲਗਾਇਆ ਗਿਆ ਸੀ। ਨੋਬੇਲ ਪੁਰਸਕਾਰ ਜੇਤੂ ਐਲੇਸ ਬਾਲੀਆਟਸਕੀ ਤੋਂ ਇਲਾਵਾ ਸਜ਼ਾ ਸੁਣਾਏ ਗਏ ਵਿਅਕਤੀਆਂ ‘ਚ ਵਿਆਸਨਾ ਮਨੁੱਖੀ ਅਧਿਕਾਰਾਂ ਦੇ ਡਿਪਟੀ ਚੇਅਰਮੈਨ ਵੈਲੇਂਟਸਿਨ ਸਟੀਫਾਨੋਵਿਚ, ਉਲਾਦਜ਼ਿਮੀਰ ਲੈਬਕੋਵਿਚ ਅਤੇ ਦਮਿਤਰੀ ਸਲਾਉਉ ਦੇ ਨਾਂ ਸ਼ਾਮਲ ਹਨ।
Comment here