ਫ਼ਰੀਦਕੋਟ- ਖੇਡ ਜਗਤ ਵਿੱਚ ਅੱਜ ਉਸ ਵੇਲੇ ਸੋਗ ਪੱਸਰ ਗਿਆ, ਜਦ ਖਬਰ ਆਈ ਕਿ ਪੰਜਾਬ ਦੀ ਹੋਣਹਾਰ ਸ਼ੂਟਰ ਨੇ ਆਪਣੀ ਹੀ ਸ਼ੂਟਿੰਗ ਗਨ ਨਾਲ ਖ਼ੁਦ ਨੂੰ ਗੋਲ਼ੀ ਮਾਰ ਕੇ ਜਾਨ ਦੇ ਦਿੱਤੀ, 19 ਸਾਲਾ ਖੁਸ਼ਸੀਰਤ ਕੁਝ ਸਮਾਂ ਪਹਿਲਾਂ ਇਜ਼ਿਪਟ (ਮਿਸਰ) ’ਚ ਹੋਣ ਵਾਲੇ ਸ਼ੂਟਿੰਗ ਵਰਲਡ ਕੱਪ ’ਚ ਹਿੱਸਾ ਲੈਣ ਗਈ ਸੀ। ਪਰਿਵਾਰ ਦੇ ਕਰੀਬੀ ਹਾਕੀ ਕੋਚ ਹਰਬੰਸ ਸਿੰਘ ਨੇ ਦੱਸਿਆ ਕਿ ਖੁਸ਼ਸੀਰਤ ਨੇ ਪਿਛਲੀਆਂ ਨੈਸ਼ਨਲ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ 11 ਤਗਮੇ ਜਿੱਤੇ ਸਨ। ਇਸ ਤੋਂ ਬਾਅਦ ਉਸ ਦੀ ਚੋਣ ਮਿਸਰ (ਇਜ਼ਿਪਟ) ‘ਚ ਹੋਏ ਵਿਸ਼ਵ ਕੱਪ ‘ਚ ਹੋਈ ਪਰ ਖੁਸ਼ਸੀਰਤ ਉੱਥੇ ਕੋਈ ਤਮਗਾ ਹਾਸਲ ਨਹੀਂ ਕਰ ਸਕੀ। ਇਸ ਕਾਰਨ ਉਹ ਕਾਫੀ ਨਿਰਾਸ਼ ਸੀ। ਪਟਿਆਲਾ ਵਿੱਚ ਹੋਈ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਵੀ ਉਸ ਨੂੰ ਨਿਰਾਸ਼ਾ ਹੀ ਹੱਥ ਲੱਗੀ। ਜਦੋਂ ਤੋਂ ਖੁਸ਼ਸੀਰਤ ਪਟਿਆਲਾ ਵਿੱਚ ਹੋਏ ਮੁਕਾਬਲੇ ਵਿੱਚ ਹਿੱਸਾ ਲੈ ਕੇ ਵਾਪਸ ਆਈ ਸੀ, ਉਦੋਂ ਤੋਂ ਉਹ ਚੁੱਪ ਸੀ। ਉਹ ਇਸ ਗੱਲ ਤੋਂ ਪ੍ਰੇਸ਼ਾਨ ਸੀ ਕਿ ਉਹ ਮੈਡਲ ਨਹੀਂ ਜਿੱਤ ਸਕੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕਈ ਵਾਰ ਸਮਝਾਇਆ ਪਰ ਉਸ ਦਾ ਤਣਾਅ ਘੱਟ ਨਹੀਂ ਹੋਇਆ। ਇਸੇ ਤਣਾਅ ‘ਚ ਉਸ ਨੇ ਦੇਰ ਰਾਤ ਆਪਣੀ ਗੋਲੀ ਨਾਲ ਖੁਦ ਨੂੰ ਗੋਲੀ ਮਾਰ ਲਈ। ਥਾਣਾ ਮੁਖੀ ਐਸਐਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਲੜਕੀ ਖੁਸ਼ਸੀਰਤ ਕੌਰ ਪੁੱਤਰੀ ਜਸਵਿੰਦਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। ਇਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚ ਗਏ। ਲਾਸ਼ ਨੂੰ ਪੋਸਟਮਾਰਟਮ ਲਈ ਮੈਡੀਕਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮਾਮਲੇ ਸਬੰਧੀ ਪਰਿਵਾਰ ਦੇ ਬਿਆਨ ਵੀ ਲਏ ਜਾ ਰਹੇ ਹਨ।
Comment here