ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਨੂਪੁਰ ਸਮਰਥਕਾਂ ਦੇ ਕਤਲ ਲਈ ਪਾਕਿ ਨੇ 40 ਲੋਕਾਂ ਨੂੰ ਦਿੱਤੀ ਟ੍ਰੇਨਿੰਗ

ਜੈਪੁਰ–ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਦੀ ਟੀਮ ਨੇ ਖੁਲਾਸਾ ਕੀਤਾ ਹੈ ਕਿ ਪਾਕਿਸਤਾਨੀ ਸੰਗਠਨ ‘ਦਾਵਤ-ਏ-ਇਸਲਾਮੀ’ ਨਾਲ ਜੁੜੇ ਅੱਤਵਾਦੀਆਂ ਦੇ ਇਸ਼ਾਰੇ ’ਤੇ ਰਾਜਸਥਾਨ ਦੇ 40 ਲੋਕ ਨੂਪੁਰ ਦਾ ਸਮਰਥਨ ਕਰਨ ਵਾਲੇ ਲੋਕਾਂ ਦਾ ਸਿਰ ਕਲਮ ਕਰਨ ਲਈ ਤਿਆਰ ਹੋ ਗਏ ਸਨ।
ਭਾਜਪਾ ਬੁਲਾਰਾ ਨੂਪੁਰ ਸ਼ਰਮਾ ਵਲੋਂ ਪੈਗੰਬਰ ਮੁਹੰਮਦ ’ਤੇ ਕੀਤੀ ਵਿਵਾਦਪੂਰਨ ਟਿੱਪਣੀ ਨੂੰ ਲੈ ਕੇ ਜਿੱਥੇ ਵਿਰੋਧ ਹੋਏ, ਉੱਥੇ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਵੀ ਸਨ। ਅਜਿਹੇ ਹੀ ਸਮਰਥਨ ਰਾਜਸਥਾਨ ਦੇ ਉਦੈਪੁਰ ’ਚ ਦਰਜੀ ਕਨ੍ਹਈਆ ਲਾਲ ਨੂੰ ਮਹਿੰਗਾ ਪੈ ਗਿਆ। ਉਨ੍ਹਾਂ ਦੇ ਮੋਬਾਇਲ ਤੋਂ ਸੋਸ਼ਲ ਮੀਡੀਆ ’ਤੇ ਸਮਰਥਨ ’ਚ ਪੋਸਟ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਆਏ। ਸਿਰਫ ਕਨ੍ਹਈਆ ਹੀ ਨਹੀਂ ਸਗੋਂ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਉਹ ਸਾਰੇ ਲੋਕ ਸਨ, ਜਿਨ੍ਹਾਂ ਨੇ ਨੂਪੁਰ ਸ਼ਰਮਾ ਦੇ ਸਮਰਥਨ ’ਚ ਪੋਸਟ ਕੀਤਾ ਸੀ।
ਦਰਅਸਲ 25 ਮਈ ਤੋਂ ਬਾਅਦ ਸੰਗਠਨ ਅਤੇ ਉਸ ਨਾਲ ਜੁੜੇ ਅੱਤਵਾਦੀਆਂ ਨੇ ਨੂਪੁਰ ਦੇ ਬਿਆਨ ਦਾ ਸਮਰਥਨ ਕਰਨ ਵਾਲੇ ਸਾਰੇ ਲੋਕਾਂ ਨੂੰ ਸਬਕ ਸਿਖਾਉਣ ਲਈ ਸੰਗਠਨ ਨਾਲ ਜੁੜੇ 6 ਜ਼ਿਲਿ੍ਹਆਂ ਦੇ ਲੋਕਾਂ ਨੂੰ ਟਾਰਗੇਟ ਦਿੱਤਾ ਸੀ। ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਾਰੇ ਲੋਕ ਇਕ ਸਾਲ ਤੋਂ ਸੰਗਠਨ ਨਾਲ ਜੁੜੇ ਸਨ। ਇਹ ਜਾਣਕਾਰੀ ਗ੍ਰਿਫ਼ਤਾਰ ਅੱਤਵਾਦੀ ਰਿਆਜ਼ ਅੱਤਾਰੀ ਅਤੇ ਗੌਸ ਮੁਹੰਮਦ ਦੀ ਕਾਲ ਡਿਟੇਲ ’ਚ ਮਿਲੇ ਪਾਕਿਸਤਾਨ ਦੇ 10 ਲੋਕਾਂ ਦੇ 20 ਮੋਬਾਇਲ ਨੰਬਰ ਦੀ ਜਾਂਚ ਮਗਰੋਂ ਸਾਹਮਣੇ ਆਈ ਹੈ। ਹੁਣ ਐਨ. ਆਈ. ਏ. ਨੇ ਅਜਿਹੇ ਲੋਕਾਂ ਦੇ ਮੋਬਾਇਲ ਨੰਬਰ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੱਤਵਾਦੀ ਸੰਗਠਨ ਨੇ 40 ਲੋਕਾਂ ਨੂੰ ਵਟਸਐਪ ’ਤੇ ਸਿਰ ਕਲਮ ਕਰਨ ਲਈ ਆਡੀਓ ਅਤੇ ਵੀਡੀਓ ਕਾਲ ਕਰ ਕੇ ਤਿਆਰ ਕੀਤਾ। ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਤਿਆਰ ਕੀਤੇ ਗਏ ਲੋਕਾਂ ਨੂੰ ਟਾਰਗੇਟ ਦਿੱਤਾ ਗਿਆ ਕਿ ਉਹ ਤਾਲਿਬਾਨ ਦੀ ਤਰਜ਼ ’ਤੇ ਸਿਰ ਕਲਮ ਕਰਨ ਅਤੇ ਉਸ ਦਾ ਵੀਡੀਓ ਵਾਇਰਲ ਕਰ ਕੇ ਦਹਿਸ਼ਤ ਪੈਦਾ ਕੀਤਾ ਜਾਵੇ।
ਗੌਸ ਮੁਹੰਮਦ-ਰਿਆਜ਼16 ਤੱਕ ਪੁਲਸ ਰਿਮਾਂਡ ’ਤੇ
ਐਨ. ਆਈ. ਏ. ਮਾਮਲਿਆਂ ਦੀ ਵਿਸ਼ੇਸ਼ ਕੋਰਟ ਨੇ ਉਦੈਪੁਰ ’ਚ ਦਰਜੀ ਕਨ੍ਹਈਆ ਲਾਲ ਕਤਲਕਾਂਡ ਮਾਮਲੇ ਦੇ ਦੋ ਮੁੱਖ ਦੋਸ਼ੀਆਂ ਸਮੇਤ 3 ਦੋਸ਼ੀਆਂ ਦਾ ਰਿਮਾਂਡ 16 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ, ਜਦਕਿ 4 ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਨੇ ਕਨ੍ਹਈਆ ਕਤਲਕਾਂਡ ਮਾਮਲੇ ਵਿਚ ਗ੍ਰਿਫਤਾਰ 7 ਦੋਸ਼ੀਆਂ ਨੂੰ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮੁੱਖ ਦੋਸ਼ੀ ਮੁਹੰਮਦ ਗੌਸ ਅਤੇ ਰਿਆਜ਼ ਅਤਾਰੀ ਤੇ ਮੋਹਸਿਨ ਨੂੰ 16 ਜੁਲਾਈ ਤੱਕ ਫਿਰ ਰਿਮਾਂਡ ’ਤੇ ਭੇਜ ਦਿੱਤਾ ਗਿਆ।

Comment here