ਅਪਰਾਧਖਬਰਾਂਦੁਨੀਆ

ਨੀਲਾਮੀ ’ਚ ਖਰੀਦੇ ਸੂਟਕੇਸਾਂ ‘ਚੋਂ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ

ਆਕਲੈਂਡ-ਡੇਲੀ ਮੇਲ ਦੀ ਇੱਕ ਰਿਪੋਰਟ ਦੇ ਅਨੁਸਾਰ ਨਿਊਜ਼ੀਲੈਂਡ ਵਿੱਚ ਨੀਲਾਮੀ ਦੌਰਾਨ ਖਰੀਦੇ ਗਏ ਦੋ ਸੂਟਕੇਸਾਂ ਵਿੱਚੋਂ ਦੋ ਛੋਟੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਦੱਖਣੀ ਆਕਲੈਂਡ ਦੇ ਮੈਨੂਰੇਵਾ ਦੇ ਇੱਕ ਪਰਿਵਾਰ ਨੇ 11 ਅਗਸਤ ਨੂੰ ਇੱਕ ਨੀਲਾਮੀ ਵਿੱਚ ਬੋਲੀ ਲਗਾਈ ਸੀ। ਉਹਨਾਂ ਨੂੰ ਪਹਿਲੀ ਹੀ ਬੋਲੀ ਵਿੱਚ ਇਹ ਸੂਟਕੇਸ ਮਿਲ ਗਏ ਸਨ, ਜਿਸ ਵਿੱਚ ਹੁਣ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਨਿਊਜ਼ੀਲੈਂਡ ਪੁਲਸ ਦੇ ਡਿਟੈਕਟਿਵ ਇੰਸਪੈਕਟਰ ਟੋਫਿਲੋ ਫਮਾਨੁਆ ਵਾਈਲੁਆ ਨੇ ਵੀਰਵਾਰ ਨੂੰ ਕਿਹਾ ਕਿ ਪੁਲਸ ਦਾ ਮੰਨਣਾ ਹੈ ਕਿ ਪੰਜ ਤੋਂ ਦਸ ਸਾਲ ਦੇ ਬੱਚਿਆਂ ਦੀਆਂ ਲਾਸ਼ਾਂ ਨੂੰ ਤਿੰਨ ਤੋਂ ਚਾਰ ਸਾਲਾਂ ਤੱਕ ਸੂਟਕੇਸ ਵਿੱਚ ਰੱਖਿਆ ਗਿਆ ਸੀ। ਦੋਵੇਂ ਸੂਟਕੇਸ ਇੱਕੋ ਆਕਾਰ ਦੇ ਹਨ। ਪੁਲਸ ਅਨੁਸਾਰ ਜਿਸ ਪਰਿਵਾਰ ਨੇ ਇਹ ਵਸਤੂ ਸਟੋਰੇਜ ਯੂਨਿਟ ਤੋਂ ਖਰੀਦੀ ਹੈ, ਉਹ ਕਿਸੇ ਵੀ ਤਰ੍ਹਾਂ ਇਸ ਘਟਨਾ ਵਿੱਚ ਸ਼ਾਮਲ ਨਹੀਂ ਹੈ।ਤੁਹਾਨੂੰ ਦੱਸ ਦੇਈਏ ਕਿ ਪਰਿਵਾਰ ਨੇ ਸਟੋਰੇਜ ਲਾਕਰ ਦੇ ਸਮਾਨ ਦੀ ਆਨਲਾਈਨ ਬੋਲੀ ਲਗਾਈ ਸੀ। ਇਹ ਬੋਲੀਆਂ ਖਰੀਦਦਾਰਾਂ ਨੂੰ ਨੀਲਾਮੀ ਤੋਂ ਪਹਿਲਾਂ ਸਮੱਗਰੀ ਦੇ ਅੰਦਰ ਦੇਖਣ ਦੀ ਇਜਾਜ਼ਤ ਨਹੀਂ ਦਿੰਦੀਆਂ। ਅਜਿਹੀ ਸਥਿਤੀ ਵਿੱਚ ਇਹ ਬੋਲੀ ਸਿਰਫ਼ ਮਾਲ ਦੇ ਬਾਹਰੀ ਰੂਪ ਨੂੰ ਦੇਖ ਕੇ ਕੀਤੀ ਜਾਂਦੀ ਹੈ। ਅਜਿਹੀਆਂ ਨੀਲਾਮੀਆਂ ‘ਤੇ ਕਈ ਵੱਡੇ ਟੀਵੀ ਸ਼ੋਅ ਵੀ ਬਣੇ ਹਨ। ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਸੀਸੀਟੀਵੀ ਦੀ ਜਾਂਚ ਕੀਤੀ ਜਾਵੇਗੀ ਪਰ ਲਾਸ਼ਾਂ ਤਿੰਨ ਤੋਂ ਚਾਰ ਸਾਲ ਪੁਰਾਣੀਆਂ ਹੋਣ ਕਾਰਨ ਉਨ੍ਹਾਂ ਨੂੰ ਮੁਸ਼ਕਲ ਪੇਸ਼ ਆ ਰਹੀ ਹੈ। ਫਿਲਹਾਲ ਬੱਚਿਆਂ ਦੀ ਪਛਾਣ ਨਹੀਂ ਹੋ ਸਕੀ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਸੂਟਕੇਸ ‘ਚ ਬੱਚਿਆਂ ਦੇ ਖਿਡੌਣੇ ਵੀ ਮੌਜੂਦ ਸਨ। ਘਟਨਾ ਤੋਂ ਬਾਅਦ ਜਿਸ ਪਰਿਵਾਰ ਨੇ ਨੀਲਾਮੀ ਵਿੱਚ ਸੂਟਕੇਸ ਖਰੀਦਿਆ ਸੀ, ਉਹ ਆਕਲੈਂਡ ਛੱਡ ਕੇ ਬਾਹਰ ਚਲਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਪਰਿਵਾਰ ਕਿਸੇ ਵੀ ਤਰ੍ਹਾਂ ਇਸ ਘਟਨਾ ਵਿੱਚ ਸ਼ਾਮਲ ਨਹੀਂ ਸੀ। ਮਨੁੱਖੀ ਲਾਸ਼ ਨੂੰ ਦੇਖ ਕੇ ਪਰਿਵਾਰਕ ਮੈਂਬਰ ਸਦਮੇ ‘ਚ ਹਨ।

Comment here