ਭਾਰਤ ਦੇ ਹੋਣਹਾਰ ਓਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2022 ਦੇ ਫਾਈਨਲ ‘ਚ ਆਸਾਨੀ ਨਾਲ ਥਾਂ ਬਣਾ ਲਈ ਹੈ। ਕੁਆਲੀਫਿਕੇਸ਼ਨ ਰਾਊਂਡ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਨੀਰਜ ਨੇ 88.39 ਮੀਟਰ ‘ਤੇ ਜੈਵਲਿਨ ਥਰੋਅ ਕਰਕੇ ਫਾਈਨਲ ਵਿੱਚ ਥਾਂ ਪੱਕੀ ਕੀਤੀ। ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਪਹਿਲੀ ਵਾਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੈਵਲਿਨ ਥਰੋਅ ਈਵੈਂਟ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਅਮਰੀਕਾ ਵਿੱਚ ਚੱਲ ਰਹੀ ਇਸ ਚੈਂਪੀਅਨਸ਼ਿਪ ਦੇ ਗਰੁੱਪ ਰਾਊਂਡ ਦੀ ਪਹਿਲੀ ਕੋਸ਼ਿਸ਼ ਵਿੱਚ ਉਹਨਾਂ ਨੇ 88.39 ਮੀਟਰ ਜੈਵਲਿਨ ਸੁੱਟ ਕੇ ਫਾਈਨਲ ਲਈ ਟਿਕਟ ਪੱਕੀ ਕੀਤੀ। 24 ਸਾਲਾ ਨੀਰਜ ਦਾ ਇਹ ਤੀਜਾ ਸਰਵੋਤਮ ਪ੍ਰਦਰਸ਼ਨ ਸੀ। ਫਾਈਨਲ ਰਾਊਂਡ ਭਾਰਤੀ ਸਮੇਂ ਅਨੁਸਾਰ ਐਤਵਾਰ ਸਵੇਰੇ 7.05 ਵਜੇ ਸ਼ੁਰੂ ਹੋਵੇਗਾ। ਵਿਸ਼ਵ ਚੈਂਪੀਅਨਸ਼ਿਪ ਦੇ ਪੁਰਸ਼ ਜੈਵਲਿਨ ਥਰੋਅ ਮੁਕਾਬਲੇ ਵਿੱਚ ਖਿਡਾਰੀਆਂ ਨੂੰ ਦੋ ਗਰੁੱਪਾਂ ਵਿੱਚ ਰੱਖਿਆ ਗਿਆ ਸੀ। ਇਨ੍ਹਾਂ ਦੋਵਾਂ ਗਰੁੱਪਾਂ ਦੇ ਸਰਵੋਤਮ-12 ਖਿਡਾਰੀਆਂ ਨੇ ਫਾਈਨਲ ਵਿੱਚ ਥਾਂ ਹਾਸਲ ਕਰਨੀ ਸੀ। ਆਟੋਮੈਟਿਕ ਯੋਗਤਾ ਲਈ 83.50 ਮੀਟਰ ਦਾ ਸਕੇਲ ਤੈਅ ਕੀਤਾ ਗਿਆ ਸੀ। ਨੀਰਜ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਇਹ ਅੰਕੜਾ ਪਾਰ ਕੀਤਾ ਅਤੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਉਸ ਨੂੰ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਨੀਰਜ ਨੇ ਲੰਡਨ ‘ਚ 2017 ਦੀ ਵਿਸ਼ਵ ਚੈਂਪੀਅਨਸ਼ਿਪ ਖੇਡੀ ਸੀ। ਇੱਥੇ ਗਰੁੱਪ ਰਾਊਂਡ ਵਿੱਚ ਉਹ ਜੈਵਲਿਨ ਨਾਲ 82.26 ਮੀਟਰ ਦੀ ਦੂਰੀ ਤੈਅ ਕਰਨ ਵਿੱਚ ਕਾਮਯਾਬ ਰਿਹਾ। ਅਜਿਹੇ ‘ਚ ਉਹ ਫਾਈਨਲ ‘ਚ ਐਂਟਰੀ ਨਹੀਂ ਲੈ ਸਕੇ। ਇਸ ਤੋਂ ਬਾਅਦ ਉਹ ਕੂਹਣੀ ਦੀ ਸਰਜਰੀ ਕਾਰਨ ਸਾਲ 2019 ‘ਚ ਦੋਹਾ ‘ਚ ਹੋਈ ਚੈਂਪੀਅਨਸ਼ਿਪ ‘ਚ ਹਿੱਸਾ ਨਹੀਂ ਲੈ ਸਕੇ।
Comment here