ਭਾਰਤ ਦੇ ਉਲੰਪਿਕ ਚੈਂਪੀਅਨ ਨੀਰਜ ਚੋਪੜਾ (24) ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ‘ਚ ਨੇਜੇਬਾਜ਼ੀ ‘ਚ 88.13 ਮੀਟਰ ਦੀ ਥ੍ਰੋਅ ਨਾਲ ਇਤਿਹਾਸਕ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦਾ 19 ਸਾਲ ਦਾ ਸੋਕਾ ਖ਼ਤਮ ਕਰ ਦਿੱਤਾ ਹੈ | ਇਸ ਦੇ ਨਾਲ ਹੀ ਉਹ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ‘ਚ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਤੇ ਪਹਿਲਾ ਪੁਰਸ਼ ਟ੍ਰੈਕ ਅਤੇ ਫੀਲਡ ਅਥਲੀਟ ਬਣ ਗਿਆ ਹੈ | ਭਾਰਤ ਲਈ ਇਕਮਾਤਰ ਕਾਂਸੀ ਦਾ ਤਗਮਾ 2003 ਦੀ ਪੈਰਿਸ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਮਹਾਨ ਅਥਲੀਟ ਅੰਜੂ ਬੌਬੀ ਜਾਰਜ ਨੇ ਲੰਬੀ ਛਾਲ ‘ਚ ਜਿੱਤਿਆ ਸੀ ਅਤੇ ਉਹ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਦੇਸ਼ ਲਈ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਸੀ | ‘ਡਿਫੈਂਡਿੰਗ’ ਚੈਂਪੀਅਨ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 90.54 ਮੀਟਰ ਦੀ ਸ਼ਾਨਦਾਰ ਥ੍ਰੋਅ ਨਾਲ ਸੋਨ ਤਗਮਾ ਆਪਣੇ ਨਾਂਅ ਕੀਤਾ, ਜਦੋਂਕਿ ਉਲੰਪਿਕ ਚਾਂਦੀ ਦਾ ਤਗਮਾ ਜੇਤੂ ਚੈੱਕ ਗਣਰਾਜ ਦੇ ਜੈਕਬ ਵਡਲੇਜਚ ਨੇ 88.09 ਮੀਟਰ ਦੀ ਥਰੋਅ ਨਾਲ ਕਾਂਸੀ ਦਾ ਤਗਮਾ ਜਿੱਤਿਆ |
ਫਾਊਲ ਨਾਲ ਸ਼ੁਰੂਆਤ ਕਰਨ ਵਾਲੇ ਚੋਪੜਾ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਦੂਜੀ ਕੋਸ਼ਿਸ਼ ‘ਚ 82.39 ਮੀਟਰ, ਤੀਸਰੀ ‘ਚ 86.37 ਮੀਟਰ ਅਤੇ ਚੌਥੀ ਕੋਸ਼ਿਸ਼ ‘ਚ 88.13 ਮੀਟਰ ਦਾ ਥਰੋਅ ਕੀਤਾ, ਜੋ ਸੀਜ਼ਨ ਦਾ ਉਨ੍ਹਾਂ ਦਾ ਚੌਥਾ ਸਰਬੋਤਮ ਪ੍ਰਦਰਸ਼ਨ ਹੈ। ਉਨ੍ਹਾਂ ਦਾ 5ਵਾਂ ਤੇ 6ਵਾਂ ਯਤਨ ਫਾਊਲ ਰਿਹਾ। ਹਰਿਆਣੇ ਦੇ ਪਾਣੀਪਤ ਨੇੜੇ ਖਾਂਦਰਾ ਪਿੰਡ ਦੇ ਕਿਸਾਨ ਦੇ ਪੁੱਤਰ ਚੋਪੜਾ ਨੇ ਪਿਛਲੇ ਸਾਲ ਟੋਕੀਓ ਓਲੰਪਿਕ ‘ਚ 87.58 ਮੀਟਰ ਦੀ ਥਰੋਅ ਨਾਲ ਸੋਨ ਤਮਗਾ ਜਿੱਤਿਆ ਸੀ ਅਤੇ ਉਹ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੋਂ ਬਾਅਦ ਉਲੰਪਿਕ ਦੇ ਵਿਅਕਤੀਗਤ ਮੁਕਾਬਲੇ ‘ਚ ਸੋਨ ਤਗਮਾ ਜਿੱਤਣ ਵਾਲੇ ਦੂਜੇ ਭਾਰਤੀ ਬਣੇ ਸਨ। ਬਿੰਦਰਾ ਨੇ 2008 ਬੀਜਿੰਗ ਖੇਡਾਂ ‘ਚ ਸੋਨ ਤਗਮਾ ਜਿੱਤਿਆ ਸੀ। ਚੋਪੜਾ 2016 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤ ਕੇ ਅੰਤਰਰਾਸ਼ਟਰੀ ਪੱਧਰ ‘ਤੇ ਸੁਰਖੀਆਂ ‘ਚ ਆਇਆ ਸੀ। ਉਹ ਵਰਤਮਾਨ ‘ਚ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਅਨ ਖੇਡਾਂ ‘ਚ ਸੋਨ ਤਗਮਾ ਜੇਤੂ ਹੈ। ਉਹ 2017 ਏਸ਼ੀਅਨ ਚੈਂਪੀਅਨਸ਼ਿਪ ‘ਚ ਵੀ ਸੋਨ ਤਮਗਾ ਜਿੱਤ ਚੁੱਕਾ ਹੈ।
ਰੋਹਿਤ ਯਾਦਵ 10ਵੇਂ ਸਥਾਨ ‘ਤੇ ਰਿਹਾ
ਇਸ ਮੈਦਾਨ ‘ਚ ਦੂਜੇ ਭਾਰਤੀ ਰੋਹਿਤ ਯਾਦਵ (21) ਨੇ 78.72 ਮੀਟਰ ਦੀ ਸਰਵੋਤਮ ਥਰੋਅ ਨਾਲ 10ਵੇਂ ਸਥਾਨ ‘ਤੇ ਰਿਹਾ। ਰੋਹਿਤ ਕੁਆਲੀਫਿਕੇਸ਼ਨ ਗੇੜ ‘ਚ 80.42 ਮੀਟਰ ਦੀ ਸਰਵੋਤਮ ਥਰੋਅ ਨਾਲ ਕੁੱਲ ਮਿਲਾ ਕੇ 11ਵੇਂ ਸਥਾਨ ‘ਤੇ ਰਿਹਾ। ਰੋਹਿਤ ਨੇ ਪਿਛਲੇ ਮਹੀਨੇ ਰਾਸ਼ਟਰੀ ਅੰਤਰ-ਰਾਜੀ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਗਮਾ ਜਿੱਤਦੇ ਹੋਏ 82.54 ਮੀਟਰ ਦਾ ਸੀਜ਼ਨ ਅਤੇ ਨਿੱਜੀ ਸਰਵੋਤਮ ਪ੍ਰਦਰਸ਼ਨ ਕੀਤਾ ਸੀ।
ਐਂਡਰਸਨ ਪੀਟਰਸ ਖ਼ਿਤਾਬ ਦਾ ਬਚਾਅ ਕਰਨ ਵਾਲਾ ਸਿਰਫ਼ ਦੂਜਾ ਅਥਲੀਟ
ਗ੍ਰੇਨਾਡਾ ਦੇ ਐਂਡਰਸਨ ਪੀਟਰਸ (24) ਚੈੱਕ ਗਣਰਾਜ ਦੇ ਮਹਾਨ ਅਥਲੀਟ ਜਾਨ ਜ਼ੇਲੇਜ਼ਨੀ ਤੋਂ ਬਾਅਦ ਨੇਜ਼ੇਬਾਜ਼ੀ ਦੇ ਇਤਿਹਾਸ ‘ਚ ਵਿਸ਼ਵ ਚੈਂਪੀਅਨਸ਼ਿਪ ਦੇ ਖ਼ਿਤਾਬ ਦਾ ਬਚਾਅ ਕਰਨ ਵਾਲਾ ਸਿਰਫ ਦੂਜਾ ਅਥਲੀਟ ਬਣ ਗਿਆ ਹੈ। ਐਂਡਰਸਨ ਨੇ ਦੋਹਾ (2019) ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ‘ਚ ਵੀ ਸੋਨ ਤਗਮਾ ਜਿੱਤਿਆ ਸੀ। ਜਾਨ ਜ਼ੇਲੇਜ਼ਨੀ ਨੇ 1993 ਅਤੇ 1995 ‘ਚ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ‘ਚ ਸੋਨ ਤਮਗਾ ਆਪਣੇ ਨਾਂਅ ਕੀਤਾ ਸੀ। ਪੀਟਰਸ ਫਾਈਨਲ ‘ਚ ਪੂਰੇ ਰੰਗ ‘ਚ ਨਜ਼ਰ ਆਏ ਅਤੇ ਉਸ ਨੇ 90 ਮੀਟਰ ਤੋਂ ਵੱਧ ਤਿੰਨ ਵਿਸ਼ਾਲ ਥਰੋਅ ਕੀਤੇ।
ਵੱਡੀ ਪ੍ਰਾਪਤੀ ‘ਤੇ ਮਿਲ ਰਹੀ ਹੈ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਰਜ ਚੋਪੜਾ ਨੂੰ ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਗ਼ਮਾ ਜਿੱਤਣ ਲਈ ਵਧਾਈ ਦਿੱਤੀ ਅਤੇ ਇਸ ਕਾਰਨਾਮੇ ਨੂੰ ਭਾਰਤੀ ਖੇਡਾਂ ਲਈ ਇਕ ਵਿਸ਼ੇਸ਼ ਪਲ ਦੱਸਿਆ ਹੈ | ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਖੇਡ ਮੰਤਰੀ ਅਨੁਰਾਗ ਠਾਕੁਰ, ਰੱਖਿਆ ਮੰਤਰੀ ਰਾਜਨਾਥ ਸਿੰਘ, ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਨੇ ਨੀਰਜ ਚੋਪੜਾ ਨੂੰ ਇਤਿਹਾਸਕ ਉਪਲਬਧੀ ‘ਤੇ ਵਧਾਈ ਦਿੱਤੀ ਹੈ | ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਨੀਰਜ ਚੋਪੜਾ ਨੂੰ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਣ ‘ਤੇ ਵਧਾਈ ਦਿੱਤੀ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਦਾ ਲਾਲ ਨੀਰਜ ਚੋਪੜਾ ਦੇਸ਼ ਦਾ ਮਾਣ ਹੈ ਅਤੇ ਉਸ ਨੇ ਇਕ ਵਾਰ ਫਿਰ ਦੇਸ਼ ਤੇ ਹਰਿਆਣਾ ਦਾ ਨਾਂਅ ਪੂਰੇ ਵਿਸ਼ਵ ‘ਚ ਰੋਸ਼ਨ ਕੀਤਾ ਹੈ | ਮੁੱਖ ਮੰਤਰੀ ਨੇ ਨੀਰਜ ਦੇ ਚਾਚਾ ਭੀਮ ਚੋਪੜਾ ਨਾਲ ਫੋਨ ‘ਤੇ ਗੱਲ ਕਰਕੇ ਵਧਾਈ ਦਿੱਤੀ |
ਪੈਰਿਸ ਵਿਸ਼ਵ ਚੈਂਪੀਅਨਸ਼ਿਪ (2003) ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਅੰਜੂ ਬੌਬੀ ਜਾਰਜ ਨੇ ਟਵੀਟ ਕਰਦਿਆਂ ਕਿਹਾ ਕਿ ਨੀਰਜ ਚੋਪੜਾ ਨੂੰ ਚਾਂਦੀ ਦਾ ਤਗਮਾ ਜਿੱਤਣ ਲਈ ਬਹੁਤ-ਬਹੁਤ ਵਧਾਈਆਂ | ਅਸੀ ਤੁਹਾਡੇ ‘ਤੇ ਮਾਣ ਮਹਿਸੂਸ ਕਰਦੇ ਹਾਂ | ਬਾਕੀ ਦੇ ਸੀਜ਼ਨ ਲਈ ਸ਼ੁਭਕਾਮਨਾਵਾਂ |
ਪਰਿਵਾਰ ਚ ਵਿਆਹ ਵਰਗਾ ਮਹੌਲ
ਨੀਰਜ ਚੋਪੜਾ ਦੇ ਚਾਂਦੀ ਦਾ ਤਗਮਾ ਜਿੱਤਣ ਨਾਲ ਜਿਥੇ ਪੂਰੇ ਦੇਸ਼ ‘ਚ ਜ਼ਸਨ ਮਨਾਏ ਜਾ ਰਹੇ ਹਨ | ਉਥੇ ਹਰਿਆਣਾ ਦੇ ਪਾਣੀਪਤ ਨੇੜਲੇ ਪਿੰਡ ਖਾਂਦਰਾ ਵਿਖੇ ਨੀਰਜ ਚੋਪੜਾ ਦੇ ਘਰ ਪਿੰਡ ਵਾਲਿਆਂ ਤੇ ਰਿਸ਼ਤੇਦਾਰਾਂ ਦਾ ਜਮਾਵੜਾ ਲੱਗਾ ਹੋਇਆ ਹੈ | ਜਿਵੇਂ ਹੀ ਨੀਰਜ ਦਾ ਤਗਮਾ ਪੱਕਾ ਹੋਇਆ ਸਾਰੇ ਉੱਛਲ ਪਏ ਅਤੇ ਲੱਡੂ ਵੰਡਣ ਲੱਗੇ | ਨੀਰਜ ਦੀ ਮਾਂ, ਚਾਚੀ, ਤਾਈ, ਭੂਆ, ਦਾਦੀ ਸਮੇਤ ਹੋਰ ਔਰਤਾਂ ਨੱਚਣ ਤੇ ਗਾਉਣ ਲੱਗ ਪਈਆਂ | ਨੀਰਜ ਦੀ ਮਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਟੇ ਤੋਂ ਤਗਮੇ ਦੀ ਪੂਰੀ ਉਮੀਦ ਸੀ | ਉਸ ਨੇ ਕਿਹਾ ਕਿ ਬੇਟੇ ਨੂੰ ਕਰੀਬ ਇਕ ਸਾਲ ਬਾਅਦ ਮਿਲਾਂਗੀ | ਉਸ ਨੇ ਦੱਸਿਆ ਕਿ ਬੇਟੇ ਨੂੰ ਚੂਰਮਾ ਪਸੰਦ ਹੈ ਤੇ ਜਦੋਂ ਉਹ ਘਰ ਪਰਤੇਗਾ ਤਾਂ ਉਸ ਨੂੰ ਆਪਣੇ ਹੱਥਾਂ ਨਾਲ ਚੂਰਮਾ ਖਵਾਵਾਂਗੀ | ਨੀਰਜ ਦੀ ਮਾਂ ਨੇ ਕਿਹਾ ਤਗਮੇ ਦਾ ਰੰਗ ਕੋਈ ਵੀ ਹੋਵੇ, ਤਗਮਾ ਤਾਂ ਤਗਮਾ ਹੀ ਹੁੰਦਾ ਹੈ | ਮਾਂ ਨੇ ਦੱਸਿਆ ਕਿ ਫੋਨ ‘ਤੇ ਆਖ਼ਰੀ ਵਾਰ 15 ਦਿਨ ਪਹਿਲਾਂ ਗੱਲਬਾਤ ਹੋਈ ਸੀ, ਜਿਸ ਦੌਰਾਨ ਉਸ ਨੇ ਕਿਹਾ ਸੀ ਕਿ ਤਿਆਰੀਆਂ ਚੰਗੀਆਂ ਚਲ ਰਹੀਆਂ ਹਨ |
Comment here