ਅਜਬ ਗਜਬਖਬਰਾਂਦੁਨੀਆ

ਨੀਦਰਲੈਂਡ ਦੇ ‘ਗਿਥਾਰਨ’ ਪਿੰਡ ’ਚ ਨਹੀਂ ਹਨ ਸੜਕਾਂ !

ਐਮਸਟਰਡਮ-ਨੀਦਰਲੈਂਡ ਦਾ ‘ਗਿਥਾਰਨ’ ਨਾਂ ਦਾ ਪਿੰਡ ਦੁਨੀਆ ਦਾ ਸਭ ਤੋਂ ਖੂਬਸੂਰਤ ਪਿੰਡ ਮੰਨਿਆ ਜਾਂਦਾ ਹੈ। ‘ਗਿਥਾਰਨ’ ਨਾਂ ਦੇ ਇਕ ਪਿੰਡ ਵਿੱਚ ਹਰ ਸਾਲ ਲੱਖਾਂ ਸੈਲਾਨੀ ਆਉਂਦੇ ਹਨ। ਇਸ ਪਿੰਡ ਨੂੰ ‘ਦੱਖਣ ਦਾ ਵੇਨਿਸ’ ਵੀ ਕਿਹਾ ਜਾਂਦਾ ਹੈ। ਇਸ ਪਿੰਡ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਪੂਰਾ ਪਿੰਡ ਨਹਿਰਾਂ ਨਾਲ ਘਿਰਿਆ ਹੋਇਆ ਹੈ। ਇਸ ਪਿੰਡ ‘ਚ ਤੁਹਾਨੂੰ ਇਕ ਵੀ ਕਾਰ ਜਾਂ ਬਾਈਕ ਦੇਖਣ ਨੂੰ ਨਹੀਂ ਮਿਲੇਗੀ ਕਿਉਂਕਿ ਇਸ ਪਿੰਡ ਵਿੱਚ ਇਕ ਵੀ ਸੜਕ ਨਹੀਂ ਹੈ। ਇਸ ਪਿੰਡ ‘ਚ ਬਾਈਕ ਜਾਂ ਗੱਡੀਆਂ ਨਾ ਹੋਣ ਕਾਰਨ ਇੱਥੋਂ ਦੇ ਲੋਕ ਕਿਸ਼ਤੀ ਰਾਹੀਂ ਸਫਰ ਕਰਦੇ ਹਨ ਕਿਉਂਕਿ ਪੂਰੇ ਪਿੰਡ ਵਿੱਚ ਗਲੀਆਂ ਦੀ ਥਾਂ ਨਹਿਰਾਂ ਵਗਦੀਆਂ ਹਨ। ਇਨ੍ਹਾਂ ਨਹਿਰਾਂ ‘ਚ ਇਲੈਕਟ੍ਰਿਕ ਮੋਟਰ ਨਾਲ ਕਿਸ਼ਤੀਆਂ ਚੱਲਦੀਆਂ ਹਨ ਅਤੇ ਘੱਟ ਰੌਲ਼ਾ ਹੋਣ ਕਾਰਨ ਲੋਕਾਂ ਨੂੰ ਸ਼ਿਕਾਇਤ ਨਹੀਂ ਰਹਿੰਦੀ। ਨਹਿਰਾਂ ਦੇ ਇਕ ਕਿਨਾਰੇ ਤੋਂ ਦੂਸਰੇ ਕਿਨਾਰੇ ’ਤੇ ਜਾਣ ਲਈ ਨਹਿਰ ਦੇ ਉੱਪਰ ਲੱਕੜ ਦੇ ਪੁਲ ਬਣਾਏ ਗਏ ਹਨ। ਇੱਥੋਂ ਦੀ ਕੁਦਰਤੀ ਸੁੰਦਰਤਾ ਅਤੇ ਸ਼ਾਂਤੀ ਕਿਸੇ ਨੂੰ ਵੀ ਆਪਣਾ ਦੀਵਾਨਾ ਬਣਾ ਦਿੰਦੀ ਹੈ। ਸੈਲਾਨੀ ਇਸ ਨੂੰ ‘ਵੇਨਿਸ ਆਫ਼ ਦਿ ਦੱਖਣ’ ਜਾਂ ‘ਨੀਦਰਲੈਂਡ ਦਾ ਵੇਨਿਸ’ ਵਜੋਂ ਵੀ ਜਾਣਦੇ ਹਨ।
ਸੈਲਾਨੀਆਂ ਨੂੰ ਆਪਣੀਆਂ ਕਾਰਾਂ ਪਿੰਡ ਦੇ ਬਾਹਰਵਾਰ ਹੀ ਪਾਰਕ ਕਰਨੀਆਂ ਪੈਂਦੀਆਂ ਹਨ। ਐਮਸਟਰਡਮ ਸ਼ਹਿਰ ਤੋਂ ਲਗਭਗ ਅੱਧੇ ਘੰਟੇ ਦੀ ਡਰਾਈਵਿੰਗ ਤੋਂ ਬਾਅਦ ਪਿੰਡ ਪਹੁੰਚਿਆ ਜਾ ਸਕਦਾ ਹੈ। ਪਿੰਡ ਦੇ ਅੰਦਰ ਪੈਦਲ ਘੁੰਮਿਆ ਜਾ ਸਕਦਾ ਹੈ। ਤੁਸੀਂ ਕਿਰਾਏ ਦੀ ਡੌਂਗੀ ਜਾਂ ਸਾਈਕਲ ਰਾਹੀਂ ਵੀ ਸਫ਼ਰ ਕਰ ਸਕਦੇ ਹੋ। ਇੱਥੇ ਟਰਾਂਸਪੋਰਟ ਦੀ ਸਭ ਤੋਂ ਮਸ਼ਹੂਰ ਸ਼ੈਲੀ ਪੁੰਟਰ ਹੈ, ਜੋ ਤੁਹਾਨੂੰ ਰੋਮਾਂਚ ਦਾ ਅਨੁਭਵ ਕਰਾਏਗੀ।
ਸੜਕਾਂ ਨਾ ਹੋਣ ਕਾਰਨ ਇੱਥੋਂ ਦੇ ਲੋਕ ਕਾਰ ਜਾਂ ਮੋਟਰਸਾਈਕਲ ਦੀ ਵਰਤੋਂ ਨਹੀਂ ਕਰਦੇ, ਇਸ ਲਈ ਇੱਥੇ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਹੈ। ਇਸ ਪਿੰਡ ਵਿੱਚ ਕਰੀਬ 3000 ਲੋਕ ਰਹਿੰਦੇ ਹਨ। ਇੱਥੇ ਅਜੇ ਵੀ ਕੋਈ ਸੜਕ ਨਹੀਂ ਹੈ ਅਤੇ ਦਿਨ ਦਾ ਜ਼ਿਆਦਾਤਰ ਸਮਾਂ ਕਾਫ਼ੀ ਸ਼ਾਂਤੀਪੂਰਨ ਹੁੰਦਾ ਹੈ। ਗਿਥਾਰਨ ਦੇ ਬਹੁਤ ਸਾਰੇ ਵਸਨੀਕ ਨਿੱਜੀ ਟਾਪੂਆਂ ‘ਤੇ ਰਹਿੰਦੇ ਹਨ ਤੇ ਨਹਿਰਾਂ ਰਾਹੀਂ ਆਵਾਜਾਈ ਲਈ ਸਾਈਲੈਂਟ ਮੋਟਰਾਂ ਵਾਲੀਆਂ ਡੌਂਗੀ ਜਾਂ ਛੋਟੀਆਂ ਕਿਸ਼ਤੀਆਂ ਦੀ ਵਰਤੋਂ ਕਰਦੇ ਹਨ। ਗਿਥਾਰਨ ਪਿੰਡ ਵਿਅਰਬਿਨਬੇਨ-ਵੀਡੇਨ ਨੈਸ਼ਨਲ ਪਾਰਕ ਦੇ ਮੱਧ ਵਿੱਚ ਸਥਿਤ ਹੈ। ਸਭ ਤੋਂ ਪਹਿਲਾਂ ਇੱਥੇ ਫਰਾਂਸਿਸਕਨ ਭਿਕਸ਼ੂ ਵਸੇ ਸਨ। ਫ੍ਰਾਂਸਿਸਕਨ ਭਿਕਸ਼ੂ ਇੱਥੇ 13ਵੀਂ ਸਦੀ ਵਿੱਚ ਆਏ ਸਨ ਤੇ ਇਨ੍ਹਾਂ ਨੇ ਹੀ ਆਵਾਜਾਈ ਲਈ ਨਹਿਰਾਂ ਪੁੱਟੀਆਂ ਸਨ। ਦੱਸਿਆ ਜਾਂਦਾ ਹੈ ਕਿ ਸਾਲ 1170 ‘ਚ ਭਿਆਨਕ ਹੜ੍ਹ ਆਇਆ ਸੀ, ਜਿਸ ਕਾਰਨ ਇੱਥੇ ਇੰਨਾ ਪਾਣੀ ਆ ਗਿਆ। ਉਸ ਤੋਂ ਬਾਅਦ ਸਾਲ 1230 ‘ਚ ਇਸ ਪਿੰਡ ਦੀ ਸਥਾਪਨਾ ਹੋਈ।

Comment here