ਬਾਲ ਵਰੇਸ

ਨਿੱਕਾ ਪੰਛੀ

 –ਲਿਉ ਤਾਲਸਤਾਏ

ਇਕ ਵਾਰੀ ਇਕ ਮੁੰਡਾ ਜਿਸਦਾ ਨਾਂ ਸਈਉਜ਼ਾ ਸੀ, ਉਸਨੂੰ ਆਪਣੇ ਜਨਮ ਦਿਨ ‘ਤੇ ਬਹੁਤ ਸਾਰੇ ਤੋਹਫ਼ੇ ਮਿਲੇ। ਇਨ੍ਹਾਂ ਵਿਚ ਤਸਵੀਰਾਂ ਵਾਲੇ ਕਾਰਡ, ਭੰਬੀਰੀਆਂ ਅਤੇ ਲੱਕੜੀ ਦੇ ਬਣੇ ਹੋਏ ਘੋੜੇ ਆਦਿ ਸਨ, ਪਰ ਸਭ ਤੋਂ ਵਧੀਆ ਤੋਹਫ਼ਾ ਉਸਨੂੰ ਆਪਣੇ ਚਾਚੇ ਵੱਲੋਂ ਦਿੱਤਾ ਪੰਛੀ ਫੜਨ ਵਾਲਾ ਜਾਲ ਹੀ ਲੱਗਾ। ਇਕ ਫਰੇਮ ਨਾਲ ਛੋਟੀ ਜਿਹੀ ਤਖ਼ਤੀ ਜੋੜ ਕੇ ਇਸਦੇ ਪਿਛਲੇ ਪਾਸੇ ਜਾਲ ਨੂੰ ਖਿੱਚ ਕੇ ਲਾਇਆ ਹੋਇਆ ਸੀ। ਸਈਉਜ਼ਾ ਬਹੁਤ ਖੁਸ਼ ਸੀ ਤੇ ਉਹ ਖੁਸ਼ੀ ਨਾਲ ਦੌੜਦਾ ਹੋਇਆ ਆਪਣੀ ਮਾਂ ਨੂੰ ਇਹ ਤੋਹਫ਼ਾ ਦਿਖਾਉਣ ਲਈ ਲਿਆਇਆ। ਉਸਦੀ ਮਾਂ ਨੂੰ ਇਹ ਤੋਹਫ਼ਾ ਪਸੰਦ ਨਹੀਂ ਆਇਆ। ਉਹ ਕਹਿਣ ਲੱਗੀ, ‘ਇਹ ਕੋਈ ਵਧੀਆ ਖਿਡੌਣਾ ਨਹੀਂ ਹੈ। ਤੂੰ ਨਿੱਕੇ ਨਿੱਕੇ ਪੰਛੀਆਂ ਦਾ ਕੀ ਕਰੇਂਗਾ? ਤੂੰ ਹੋਰਨਾਂ ਨੂੰ ਕਿਉਂ ਦੁਖੀ ਕਰਨਾ ਚਾਹੁੰਦਾ ਹੈ?’ ਪਰ ਸਈਉਜ਼ਾ ਜ਼ਿੱਦ ਕਰਨ ਲੱਗਾ, ‘ਮੈਂ ਉਨ੍ਹਾਂ ਨੂੰ ਪਿੰਜਰਿਆਂ ‘ਚ ਬੰਦ ਕਰ ਕੇ ਰੱਖਾਂਗਾ ਤੇ ਉਨ੍ਹਾਂ ਨੂੰ ਦਾਣੇ ਵੀ ਪਾਇਆ ਕਰਾਂਗਾ।’
ਅਗਲੇ ਦਿਨ ਸਈਉਜ਼ਾ ਨੇ ਤਖ਼ਤੀ ‘ਤੇ ਕੁਝ ਦਾਣੇ ਖਿਲਾਰੇ ਤੇ ਬਾਗ਼ ਵਿਚ ਜਾਲ ਲਾ ਦਿੱਤਾ। ਆਪ ਉਹ ਕੁਝ ਚਿਰ ਉੱਥੇ ਹੀ ਖੜ੍ਹਾ ਰਿਹਾ ਤਾਂ ਕਿ ਪੰਛੀਆਂ ਨੂੰ ਜਾਲ ‘ਚ ਫਸਦਿਆਂ ਦੇਖ ਸਕੇ, ਪਰ ਪੰਛੀ ਉਸ ਕੋਲੋਂ ਡਰਦਿਆਂ ਜਾਲ ਦੇ ਨੇੜੇ ਨਾ ਆਏ।
ਕੁਝ ਚਿਰ ਉਡੀਕ ਕਰਨ ਤੋਂ ਬਾਅਦ ਉਹ ਦੁਪਹਿਰ ਦੀ ਰੋਟੀ ਖਾਣ ਘਰ ਆ ਗਿਆ। ਜਦੋਂ ਉਹ ਵਾਪਸ ਬਾਗ਼ ‘ਚ ਗਿਆ ਤਾਂ ਉਸਨੇ ਦੇਖਿਆ ਕਿ ਜਾਲ ਥੱਲੇ ਡਿੱਗਿਆ ਪਿਆ ਸੀ ਤੇ ਇਕ ਨਿੱਕਾ ਜਿਹਾ ਪੰਛੀ ਜਾਲ ਅੰਦਰ ਫਸਿਆ ਹੋਇਆ ਸੀ। ਸਈਉਜ਼ਾ ਬਹੁਤ ਖੁਸ਼ ਹੋਇਆ। ਉਹ ਪੰਛੀ ਨੂੰ ਫੜ ਕੇ ਘਰ ਲੈ ਆਇਆ।
ਘਰ ਆ ਕੇ ਉਹ ਆਪਣੀ ਮਾਂ ਨੂੰ ਕਹਿਣ ਲੱਗਾ, ‘ਦੇਖ ਮਾਂ, ਮੈਂ ਇਕ ਪੰਛੀ ਫੜ ਕੇ ਲਿਆਇਆ ਹਾਂ। ਇਹ ਜ਼ਰੂਰ ਬੁਲਬੁਲ ਹੀ ਹੋਏਗੀ।’
ਉਸਦੀ ਮਾਂ ਨੇ ਕਿਹਾ, ‘ਇਹ ਤਾਂ ਗਾਉਣ ਵਾਲਾ ਪੰਛੀ ਹੈ। ਇਸਨੂੰ ਤੰਗ ਨਾ ਕਰੀਂ। ਇਸ ਨੂੰ ਛੱਡ ਦੇ।’
‘ਨਹੀਂ, ਮੈਂ ਤਾਂ ਇਸਨੂੰ ਪਿੰਜਰੇ ‘ਚ ਬੰਦ ਕਰ ਕੇ ਚੋਗਾ ਵੀ ਪਾਵਾਂਗਾ ਤੇ ਇਸਦਾ ਪੂਰਾ ਖਿਆਲ ਵੀ ਰੱਖਾਂਗਾ।’
ਸਈਉਜ਼ਾ ਨੇ ਉਸਨੂੰ ਪਿੰਜਰੇ ‘ਚ ਬੰਦ ਕਰ ਦਿੱਤਾ ਅਤੇ ਦੋ ਦਿਨ ਉਸਨੂੰ ਦਾਣੇ ਤੇ ਪਾਣੀ ਪਾਉਂਦਾ ਰਿਹਾ ਤੇ ਪਿੰਜਰੇ ਨੂੰ ਸਾਫ਼ ਵੀ ਕਰਦਾ ਰਿਹਾ। ਪਰ ਤੀਸਰੇ ਦਿਨ ਹੀ ਉਹ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਗਿਆ। ਉਸਨੇ ਨਾ ਤਾਂ ਉਸ ਪੰਛੀ ਦਾ ਪਾਣੀ ਹੀ ਬਦਲਿਆ ਤੇ ਨਾ ਹੀ ਪਿੰਜਰਾ ਸਾਫ਼ ਕੀਤਾ।
ਫੇਰ ਉਸਦੀ ਮਾਂ ਨੇ ਕਿਹਾ, ‘ਦੇਖ, ਤੂੰ ਉਸ ਨਿੱਕੇ ਪੰਛੀ ਬਾਰੇ ਬਿਲਕੁਲ ਹੀ ਭੁੱਲ ਗਿਆ। ਮੇਰਾ ਖਿਆਲ ਹੈ ਕਿ ਚੰਗਾ ਹੋਏਗਾ ਜੇ ਤੂੰ ਉਸ ਨੂੰ ਆਜ਼ਾਦ ਕਰ ਦੇਵੇਂ।’
ਉਹ ਬੋਲਿਆ, ‘ਨਹੀਂ, ਮੈਂ ਅੱਗੇ ਤੋਂ ਨਹੀਂ ਭੁੱਲਾਗਾਂ। ਮੈਂ ਹੁਣੇ ਇਸ ਨੂੰ ਤਾਜ਼ਾ ਪਾਣੀ ਪਾਉਂਦਾ ਹਾਂ ਤੇ ਪਿੰਜਰਾ ਵੀ ਸਾਫ਼ ਕਰਦਾ ਹਾਂ।’
ਸਈਉਜ਼ਾ ਪਿੰਜਰੇ ‘ਚ ਹੱਥ ਪਾ ਕੇ ਸਫ਼ਾਈ ਕਰਨ ਲੱਗਾ, ਪਰ ਪੰਛੀ ਡਰ ਗਿਆ ਤੇ ਉਸਦੇ ਫੜਫੜਾਉਂਦੇ ਹੋਏ ਖੰਭ ਪਿੰਜਰੇ ਨਾਲ ਵੱਜਣ ਲੱਗੇ। ਸਈਉਜ਼ਾ ਪਿੰਜਰੇ ਨੂੰ ਬਾਹਰੋਂ ਸਾਫ਼ ਕਰ ਕੇ ਆਪ ਪਾਣੀ ਲੈਣ ਚਲਾ ਗਿਆ।
ਉਸਦੀ ਮਾਂ ਨੇ ਦੇਖਿਆ ਕਿ ਉਹ ਪਿੰਜਰੇ ਦਾ ਛੋਟਾ ਜਿਹਾ ਦਰਵਾਜ਼ਾ ਬੰਦ ਕਰਨਾ ਭੁੱਲ ਗਿਆ ਹੈ। ਉਸਨੇ ਉਸਨੂੰ ਪਿੱਛੋਂ ਆਵਾਜ਼ ਮਾਰੀ, ‘ਸਈਉਜ਼ਾ, ਪਿੰਜਰੇ ਦਾ ਦਰਵਾਜ਼ਾ ਬੰਦ ਕਰ ਦੇ, ਨਹੀਂ ਤਾਂ ਤੇਰਾ ਪੰਛੀ ਬਾਹਰ ਉੱਡ ਜਾਏਗਾ ਤੇ ਉਸਨੂੰ ਕੋਈ ਸੱਟ ਲੱਗ ਜਾਏਗੀ।’
ਜਦੋਂ ਹੀ ਮਾਂ ਨੇ ਏਨੀ ਗੱਲ ਕਹੀ, ਪੰਛੀ ਖੁਸ਼ੀ ਨਾਲ ਖੰਭ ਫੈਲਾਅ ਕੇ ਕਮਰੇ ‘ਚ ਉੱਡਦਾ ਹੋਇਆ ਬਾਰੀ ਵੱਲ ਗਿਆ, ਪਰ ਬਾਰੀ ਦਾ ਸ਼ੀਸ਼ਾ ਨਾ ਦਿਸਣ ਕਰਕੇ ਉਹ ਸ਼ੀਸ਼ੇ ਨਾਲ ਟਕਰਾ ਗਿਆ ਤੇ ਬਾਰੀ ਦੇ ਥੱਲੇ ਵਾਲੇ ਹਿੱਸੇ ‘ਚ ਡਿੱਗ ਪਿਆ।
ਸਈਉਜ਼ਾ ਦੌੜਿਆ ਆਇਆ, ਨਿੱਕੇ ਪੰਛੀ ਨੂੰ ਚੁੱਕਿਆ ਅਤੇ ਉਸਨੂੰ ਫੇਰ ਪਿੰਜਰੇ ਅੰਦਰ ਰੱਖ ਦਿੱਤਾ। ਪੰਛੀ ਜਿਊਂਦਾ ਸੀ,ਪਰ ਉਹ ਛਾਤੀ ਪਰਨੇ ਪਿਆ ਹੋਇਆ ਸੀ। ਉਸਦੇ ਛੋਟੇ ਛੋਟੇ ਖੰਭ ਬਾਹਰ ਨੂੰ ਖਿੱਲਰੇ ਹੋਏ ਸਨ ਤੇ ਉਹ ਔਖੇ ਜਿਹੇ ਸਾਹ ਲੈ ਰਿਹਾ ਸੀ। ਸਈਉਜ਼ਾ ਚੀਕਿਆ, ‘ਮਾਂ! ਹੁਣ ਮੈਂ ਕੀ ਕਰਾਂ?’
‘ਤੂੰ ਕੁਝ ਵੀ ਨਹੀਂ ਕਰ ਸਕਦਾ।’
ਉਸ ਦਿਨ ਸਈਉਜ਼ਾ ਆਪਣੇ ਕਮਰੇ ਵਿਚੋਂ ਬਾਹਰ ਨਹੀਂ ਨਿਕਲਿਆ। ਉਹ ਨਿੱਕੇ ਪੰਛੀ ਵੱਲ ਹੀ ਦੇਖਦਾ ਰਿਹਾ। ਪੰਛੀ ਉਸੇ ਤਰ੍ਹਾਂ ਹੀ ਆਪਣੀ ਛਾਤੀ ਪਰਨੇ ਪਿਆ ਹੋਇਆ ਔਖੇ ਔਖੇ ਸਾਹ ਲੈ ਰਿਹਾ ਸੀ। ਰਾਤ ਨੂੰ ਜਦੋਂ ਸਈਉਜ਼ਾ ਆਪਣੇ ਬੈੱਡ ‘ਤੇ ਗਿਆ ਤਾਂ ਪੰਛੀ ਉਦੋਂ ਵੀ ਜਿਊਂਦਾ ਸੀ। ਸਈਉਜ਼ਾ ਕਾਫ਼ੀ ਦੇਰ ਸੌਂ ਨਹੀਂ ਸਕਿਆ। ਜਦੋਂ ਹੀ ਉਹ ਅੱਖਾਂ ਬੰਦ ਕਰਦਾ, ਉਸੇ ਵੇਲੇ ਉਸ ਦੀਆਂ ਅੱਖਾਂ ਅੱਗੇ ਉਹ ਨਿੱਕਾ ਪੰਛੀ, ਔਖੇ ਸਾਹ ਲੈਂਦਾ ਦਿਸਣ ਲੱਗ ਪੈਂਦਾ।
ਜਦੋਂ ਅਗਲੀ ਸਵੇਰ ਨੂੰ ਸਈਉਜ਼ਾ ਪਿੰਜਰੇ ਵੱਲ ਗਿਆ ਤਾਂ ਉਹ ਨਿੱਕਾ ਪੰਛੀ ਆਪਣੀ ਪਿੱਠ ਪਰਨੇ ਪਿਆ ਹੋਇਆ ਸੀ ਤੇ ਉਸ ਦੀਆਂ ਲੱਤਾਂ ਉੱਪਰ ਵੱਲ ਮੁੜੀਆਂ ਹੋਈਆਂ ਸਨ। ਉਹ ਹੁਣ ਮਰ ਚੁੱਕਾ ਸੀ। ਇਸ ਤੋਂ ਬਾਅਦ ਸਈਉਜ਼ਾ ਨੇ ਕਦੀ ਵੀ ਕਿਸੇ ਪੰਛੀ ਨੂੰ ਨਹੀਂ ਫੜਿਆ।

Comment here