ਕਹਾਣੀ
ਮੰਮੀ, ਮੈਂ ਕਿਹਾ ਸੀ ਕਿ ਮੈਂ ਅੱਜ ਮੈਗੀ ਲੈ ਕੇ ਜਾਣੀ ਹੈ ਸਕੂਲ। ਤੁਸੀਂ ਫ਼ੇਰ ਪਰੌਠੀ ਪਾ ਦਿੱਤੀ। ਮੈਂ ਨਹੀਂ ਲਿਜਾਣੀ ਅੱਜ। ਕਹਿ ਕੇ ਬੰਟੀ ਆਪਣੇ ਕਮਰੇ ਵਿੱਚ ਚਲਾ ਗਿਆ।
ਓ..ਹੋ! ਮੈਂ ਭੁੱਲ ਹੀ ਗਈ ਸੀ ਪੁੱਤਰ। ਚੱਲ ਕੋਈ ਨਾ। ਹੁਣੇ ਬਣਾ ਦਿੰਦੀ ਹਾਂ। ਕਹਿ ਕੇ ਪ੍ਰੀਤ ਰਸੋਈ ਵੱਲ ਭੱਜੀ।
ਪ੍ਰੀਤ…! ਆਹ ਕਮੀਜ਼ ਦਾ ਬਟਨ ਨੀਂ ਲਾਇਆ ਤੂੰ। ਨਾਂ ਹੀ ਕਪੜੇ ਪ੍ਰੈੱਸ ਕੀਤੇ। ਦਿਮਾਗ ਖ਼ਰਾਬ ਕਰਕੇ ਰੱਖਿਆ ਹੋਇਆ। ਪਤਾ ਨਹੀਂ ਕੀ ਕਰਦੀ ਰਹਿੰਦੀ ਏ। ਪਤੀ ਮਨੀਸ਼ ਨੇ ਕੱਪੜੇ ਟੋਕਦਿਆਂ ਕਿਹਾ।
ਆਈ ਜੀ ਆਈ! ਹੁਣੇ ਲਗਾ ਦਿੰਦੀ ਹਾਂ। ਜ਼ਰਾ ਮੈਗੀ ਬਣਾ ਰਹੀਂ ਹਾਂ ਬੰਟੀ ਲਈ।ਪ੍ਰੀਤ ਨੇ ਰਸੋਈ ‘ਚੋਂ ਜਵਾਬ ਦਿੱਤਾ।
ਨੀਂ ਬਹੂ…! ਮੇਰੀ ਖਿੱਚੜੀ ਨੀਂ ਬਣੀ ਹਜੇ? ਮੈਂ ਦਵਾਈ ਵੀ ਲੈਣੀ ਹੈ। ਨੀਂ ਕੀ ਕਰੀ ਜਾਂਦੀ ਐ ਕੁੜੇ? ਅੰਦਰੋਂ ਸੱਸ ਦੀ ਆਵਾਜ਼ ਆਈ।
ਲਿਆਉਂਦੀ ਆਂ ਮੰਮੀ ਜੀ, ਬੱਸ ਦੋ ਮਿੰਟ।ਬਟਨ ਲਾ ਦੇਵਾਂ ਜ਼ਰਾ ਇਹਨਾਂ ਦੀ ਕਮੀਜ਼ ਨੂੰ। ਪ੍ਰੀਤ ਨੇ ਬਟਨ ਲਗਾਉਂਦੇ ਹੋਏ ਕਿਹਾ।
ਮੰਮੀ…..! ਮੰਮੀ….! ਰੀਤੂ ਦੀ ਆਵਾਜ਼ ਆਈ।
ਕੀ ਹੋਇਆ ਪੁੱਤਰ? ਪ੍ਰੀਤ ਭੱਜ ਕੇ ਓਹਦੇ ਕਮਰੇ ਵਿੱਚ ਪਹੁੰਚੀ।
ਆਹ ਬੰਟੀ ਨੀਂ ਹੱਟਦਾ ਦੇਖ ਲਓ।ਮੈਂ ਕੁੱਟ ਦੇਣਾ ਏਹਨੂੰ। ਮੈਨੂੰ ਤੰਗ ਕਰੀ ਜਾ ਰਿਹਾ ਹੈ। ਰੀਤੂ ਨੇ ਸ਼ਿਕਾਇਤ ਕੀਤੀ।
ਓ…. ਹੋ.. ! ਪੁੱਤਰ, ਸਕੂਲ ਦਾ ਸਮਾਂ ਹੋ ਗਿਆ। ਚਲੋ ਛੇਤੀ। ਪ੍ਰੀਤ ਨੇ ਬੰਟੀ ਦੀ ਕਮੀਜ਼ ਦੇ ਬਟਨ ਬੰਦ ਕਰਦਿਆਂ ਕਿਹਾ।
ਰੋਟੀ ਪਾ ਦੇ ਮੇਰੀ ਪ੍ਰੀਤ। ਮੈਂ ਵੀ ਜਾਣਾ ਆਫ਼ਿਸ (ਦਫ਼ਤਰ)। ਛੇਤੀ ਕਰ। ਰੋਜ਼ ਵਾਂਗੂ ਦੇਰ ਨਾਂ ਕਰਵਾ ਦੇਵੀਂ। ਮਨੀਸ਼ ਨੇ ਪ੍ਰੈੱਸ ਕੀਤੀ ਕਮੀਜ਼ ਪਾਉਂਦਿਆਂ ਕਿਹਾ।
ਆਈ ਜੀ, ਬੱਸ ਦੋ ਮਿੰਟ। ਬੱਚਿਆਂ ਨੂੰ ਸਕੂਲ ਛੱਡ ਆਵਾਂ। ਪ੍ਰੀਤ ਨੇ ਸਕੂਟਰੀ ਚਾਲੂ ਕਰਦਿਆਂ ਕਿਹਾ।
ਮੰਮੀ ਅੱਜ ਰਾਤ ਨੂੰ ਪੀਜ਼ਾ ਬਣਾਇਓ।ਰੀਤੂ ਨੇ ਚਾਪਰਦਿਆਂ ਕਿਹਾ।
ਨਹੀਂ, ਨਹੀ !ਮੰਮੀ, ਕੇਕ ਬਣਾਇਓ। ਬੰਟੀ ਨੇ ਜੀਭ ਘੁੰਮਾਉਂਦਿਆਂ ਕਿਹਾ।
ਚੰਗਾ… ਚੰਗਾ ! ਬਣਾ ਦੇਵਾਂਗੀ ਸਾਰਾ ਕੁੱਝ। ਚਲੋ ਹੁਣ ਉੱਤਰੋ। ਸਕੂਲ ਆ ਗਿਆ। ਚੰਗੀ ਤਰ੍ਹਾਂ ਪੜ੍ਹਾਈ ਕਰਿਓ। ਬਾਏ!! ਕਹਿ ਕੇ ਪ੍ਰੀਤ ਨੇ ਸਕੂਟਰੀ ਘਰ ਵੱਲ ਮੋੜ ਲਈ।
ਆਹ ਲਓ ਜੀ, ਰੋਟੀ ਖਾਓ। ਪ੍ਰੀਤ ਅਖ਼ਬਾਰ ਪੜ੍ਹ ਰਹੇ ਮਨੀਸ਼ ਨੂੰ ਰੋਟੀ ਪਰੋਸਦਿਆਂ ਕੋਲ਼ ਬੈਠ ਗਈ।
ਨੀਂ ਮੇਰੀ ਖਿਚੜੀ…? ਸੱਸ ਦੀ ਤਿੱਖੀ ਆਵਾਜ਼ ਆਈ।
ਲਿਆਈ ਮੰਮੀ ਜੀ। ਕਹਿ ਕੇ ਪ੍ਰੀਤ ਰਸੋਈ ਵੱਲ ਭੱਜੀ।
ਆਹ ਲਓ, ਮੰਮੀ ਜੀ, ਖਿੱਚੜੀ। ਪ੍ਰੀਤ ਨੇ ਸੱਸ ਨੂੰ ਪਲੇਟ ਫੜਾਉਂਦਿਆਂ ਕਿਹਾ।
ਦੋ ਚਮਚੇ ਖਿੱਚੜੀ ਦੇ ਖਾਣੇ ਹੁੰਦੇ, ਓਹ ਵੀ ਮਸਾਂ ਈ ਮਿਲ਼ਦੇ। ਬੁੜ-ਬੁੜ ਕਰਦੀ ਸੱਸ ਨੇ ਪਲੇਟ ਫੜ ਲਈ।
ਆਹ ਮੇਰਾ ਬੈਗ ਦੇ ਜਾਵੀਂ ਤੇ ਰਮਾਲ ਵਗੈਰਾ ਵੀ। ਕੱਲ ਪਰਸ ਵੀ ਦੇ ਕੇ ਨਹੀਂ ਗਈ। ਮਨੀਸ਼ ਦੀ ਆਵਾਜ਼ ਆਈ।
ਜੀ ਠੀਕ ਹੈ। ਕਹਿ ਕੇ ਪ੍ਰੀਤ ਨੇ ਮਨੀਸ਼ ਦਾ ਸਾਰਾ ਲੋੜੀਂਦਾ ਸਮਾਨ ਮੇਜ਼ ਤੇ ਰੱਖਿਆ ਤੇ ਆਪਣੀ ਨੌਕਰੀ ਤੇ ਜਾਣ ਲਈ ਤਿਆਰ ਹੋ ਗਈ। ਕਾਹਲ਼ੀ ਵਿੱਚ ਉਹ ਆਪਣੀ ਰੋਟੀ ਖਾਣੀ ਤਾਂ ਕੀ ਨਾਲ਼ ਲਿਜਾਣੀ ਵੀ ਭੁੱਲ ਗਈ। ਚੱਲ ਕੋਈ ਨਾ, ਦੁਪਹਿਰ ਨੂੰ ਖਾ ਲਵਾਂਗੀ, ਸੋਚਦਿਆਂ ਓਹਨੇ ਮਨ ਨੂੰ ਤਸੱਲੀ ਦਿੱਤੀ।
ਅਕਸਰ ਉਹ ਦੁਪਹਿਰ ਨੂੰ ਰੋਟੀ ਖਾਣ ਲਈ ਹੁੰਦੀ ਡੇਢ ਘੰਟੇ ਦੀ ਛੁੱਟੀ ਵੇਲ਼ੇ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਘਰ ਛੱਡਦੀ ਫ਼ੇਰ ਉਹਨਾਂ ਦੇ ਅਤੇ ਸੱਸ ਦੇ ਖਾਣ ਲਈ ਕੁਝ ਬਣਾ ਕੇ ਦੁਬਾਰਾ ਨੌਕਰੀ ਤੇ ਪਹੁੰਚਦੀ। ਆਪਣਾ ਖਾਣਾ ਖਾਣ ਲਈ ਸਮਾਂ ਕਦੇ ਮਿਲ਼ਦਾ ਤੇ ਕਦੇ ਭੁੱਖੀ ਹੀ ਰਹਿ ਜਾਂਦੀ। ਭਾਵੇਂ ਮਨੀਸ਼ ਦਾ ਦਫ਼ਤਰ ਸਕੂਲ ਦੇ ਕੋਲ਼ ਹੀ ਸੀ ਪਰ ਉਹ ਕਦੇ ਵੀ ਬੱਚਿਆਂ ਨੂੰ ਛੱਡਣ ਜਾਂ ਲਿਆਉਣ ਦੀ ਖੇਚਲ਼ ਨਾ ਕਰਦਾ। ਓਹਨੂੰ ਲਗਦਾ ਸੀ ਕਿ ਇਹ ਸੱਭ ਪ੍ਰੀਤ ਦੇ ਹੀ ਕੰਮ ਹਨ।
ਸ਼ਾਮ ਨੂੰ ਘਰ ਲਈ ਸਬਜ਼ੀ, ਦੁੱਧ ਆਦਿ ਲੈ ਕੇ ਪ੍ਰੀਤ ਘਰ ਪਹੁੰਚਦੀ ਤਾਂ ਕੋਈ ਚਾਹ ਮੰਗਦਾ, ਕੋਈ ਦੁੱਧ ਤੇ ਕੋਈ ਕੌਫ਼ੀ। ਉਹ ਸਾਰਿਆਂ ਦੀਆਂ ਫ਼ਰਮਾਇਸ਼ਾਂ ਪੂਰੀਆਂ ਕਰਦੀ ਪਰ ਉਹਨੂੰ ਕੋਈ ਪਾਣੀ ਵੀ ਨਾਂ ਪੁੱਛਦਾ। ਚਾਹ ਕੌਫੀ ਤੋਂ ਵਿਹਲੀ ਹੋ ਕੇ ਉਹ ਬੱਚਿਆਂ ਨੂੰ ਸਕੂਲ ਦਾ ਕੰਮ ਕਰਵਾਉਂਦੀ ਤੇ ਫ਼ੇਰ ਰੋਟੀ ਬਣਾਉਂਦੀ। ਸੱਭ ਖਾ ਪੀ ਕੇ ਸੌਂ ਜਾਂਦੇ ਪਰ ਉਹ ਅੱਧੀ ਰਾਤ ਤੱਕ ਕੰਮ ਨਬੇੜਦੀ ਰਹਿੰਦੀ। ਸਵੇਰੇ ਤੜਕੇ ਉੱਠ ਕੇ ਸਾਰੇ ਕੰਮ ਕਰਕੇ ਸੱਭ ਲਈ ਨਾਸ਼ਤਾ ਬਣਾਉਂਦੀ। ਪਰ ਉਹਨੂੰ ਪਰਿਵਾਰ ਤੋਂ ਪ੍ਰਸ਼ੰਸਾ ਦੀ ਬਜਾਇ ਅਪਮਾਨ ਹੀ ਮਿਲ਼ਦਾ….ਮਨੀਸ਼ ਕਹਿੰਦਾ…ਭਾਂਡਿਆਂ ਵਿੱਚ ਸਾਬਣ ਲੱਗਾ ਹੈ, ਕੱਪੜਿਆਂ ਵਿੱਚੋਂ ਮੈਲ਼ ਨੀਂ ਜਾਂਦੀ, ਰੋਟੀ ਦਾ ਕੋਈ ਸਵਾਦ ਨਹੀਂ ਆਉਂਦਾ…. ਆਦਿ।
ਸੱਸ ਕਹਿੰਦੀ…… ਇਹਨੇ ਮੇਰੀ ਸੁਆਹ ਸੇਵਾ ਕਰਨੀ, ਇਹਦੇ ਤਾਂ ਆਪਣੇ ਹੀ ਸ਼ੰਗਣ-ਮੰਗਣ ਨਹੀਂ ਮੁੱਕਦੇ।
ਬੱਚੇ ਕਹਿੰਦੇ ਮੰਮੀ ਅਸੀਂ ਰੋਟੀ ਨਹੀਂ ਖਾਣੀ, ਕੁੱਝ ਹੋਰ ਬਣਾਓ।
ਇਹ ਸੱਭ ਸੁਣਕੇ ਕਦੇ- ਕਦੇ ਤਾਂ ਪ੍ਰੀਤ ਦਾ ਨੌਕਰੀ ਛੱਡਣ ਦਾ ਮਨ ਕਰਦਾ। ਪਰ ਖ਼ਰਚਿਆਂ ਦਾ ਜਿਹੜਾ ਭਾਰ ਓਹਦੇ ਸਿਰ ਸੀ ਉਹ ਉਸਨੂੰ ਨੌਕਰੀ ਛੱਡਣ ਦੀ ਇਜ਼ਾਜ਼ਤ ਨਹੀਂ ਦਿੰਦਾ ਸੀ।ਫੇਰ ਵੀ ਮਨੀਸ਼ ਹਮੇਸ਼ਾਂ ਇਹੀ ਕਹਿੰਦਾ ਕਿ ਮੇਰੇ ਉੱਤੇ ਭਾਰ ਬਹੁਤ ਹੈ। ਐਡੇ ਪਰਿਵਾਰ ਨੂੰ ਕੱਲਿਆਂ ਪਾਲ਼ ਰਿਹਾਂ ਹਾਂ। ਜਦੋਂ ਵੀ ਪ੍ਰੀਤ ਬੱਚਿਆਂ ਦੀ ਫ਼ੀਸ ਦੀ ਗੱਲ ਕਰਦੀ ਤਾਂ ਉਹ ਝੱਟ ਕਹਿ ਦਿੰਦਾ ਕਿ ਹੁਣ ਐਨਾ ਤਾਂ ਤੂੰ ਕਰ ਹੀ ਸਕਦੀ ਹੈਂ। ਮੈਨੂੰ ਹੋਰ ਖਰਚੇ ਬਥੇਰੇ ਹਨ।
ਇਸ ਵਾਰ ਬੱਚਿਆਂ ਦੇ ਕੁੱਝ ਹੋਰ ਜ਼ਰੂਰੀ ਖਰਚਿਆਂ ਕਰਕੇ ਪ੍ਰੀਤ ਕੋਲ਼ ਫ਼ੀਸ ਲਈ ਪੈਸੇ ਘੱਟ ਗਏ ਤੇ ਉਹ ਫ਼ੀਸ ਨਾ ਦੇ ਸਕੀ। ਸਕੂਲ ਤੋਂ ਉਸਨੂੰ ਸਖ਼ਤ ਬੁਲਾਵਾ ਆਇਆ ਤਾਂ ਓਹਨੇ ਮਨੀਸ਼ ਨੂੰ ਫ਼ੋਨ ਕੀਤਾ ਪਰ ਓਹਨੇ ਕਿਹਾ ਮੇਰੇ ਕੋਲ਼ ਸਮਾਂ ਨਹੀਂ ਤੂੰ ਆਪ ਹੀ ਦੇਖਣਾ ਇਹ ਸੱਭ। ਉਹ ਘੰਟੇ ਦੀ ਛੁੱਟੀ ਲੈਕੇ ਸਕੂਲ ਪਹੁੰਚੀ ਤਾਂ ਫ਼ੀਸ ਲਈ ਦੇਰੀ ਕਾਰਨ ਉਹਨੂੰ ਬਹੁਤ ਕੁੱਝ ਸੁਣਨਾ ਪਿਆ ਤੇ ਜ਼ੁਰਮਾਨਾ ਵੀ ਲਗਾਇਆ ਗਿਆ।
ਉਹ ਵਾਪਸੀ ਆਪਣੇ ਕੰਮ ਤੇ ਜਾ ਰਹੀ ਸੀ ਪਰ ਦਿਮਾਗ਼ ਵਿੱਚ ਬਹੁਤ ਸਾਰੀਆਂ ਗੱਲਾਂ ਗੂੰਝ ਰਹੀਆਂ ਸਨ….. ਸੱਸ ਦੇ ਤਾਹਨੇ, ਪਤੀ ਦੀਆਂ ਝਿੜਕਾਂ, ਬੱਚਿਆਂ ਦਾ ਨਾਖੁਸ਼ ਹੋਣਾ, ਸਕੂਲ਼ ਵਲੋਂ ਫ਼ੀਸ ਲਈ ਚਿਤਾਵਨੀ ……….!
ਠਾਹ! ਉਹਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹਦੀ ਟੱਕਰ ਇੱਕ ਦਿਓ ਕੱਦ ਟਰੱਕ ਨਾਲ਼ ਹੋ ਗਈ ਤੇ ਉਹ ਥਾਏਂ ਹੀ ਸਾਰੀਆਂ ਸੋਚਾਂ ਤੋਂ ਮੁਕਤ ਹੋ ਗਈ। ਪਰ ਇਸ ਦੁਰਘਟਨਾ ਦਾ ਪਤਾ ਲਗਦਿਆਂ ਹੀ ਘਰ ਵਿੱਚ ਸੋਗ ਪੈ ਗਿਆ ਤੇ ਨਿਰਮੋਹੇ ਰਿਸ਼ਤਿਆਂ ਵਿੱਚ ਅਚਾਨਕ ਮੋਹ ਪੈ ਗਿਆ ਤੇ ਸੱਭ ਧਾਹਾਂ ਮਾਰ- ਮਾਰ ਰੋਣ ਲੱਗੇ ਤੇ ਅੱਜ ਓਹਦੀਆਂ ਕਮੀਆਂ ਦੀ ਥਾਂ ਤਾਰੀਫ਼ਾਂ ਦੇ ਪੁੱਲ ਬੰਨੇ ਜਾ ਰਹੇ ਸਨ।
-ਮਨਜੀਤ ਕੌਰ ਧੀਮਾਨ
Comment here